ਵਾਸਤੂ ਪ੍ਰਾਚੀਨ ਭਾਰਤੀਆਂ ਦੀ ਇਮਾਰਤਸਾਜੀ ਕਲਾ ਦਾ ਨਾਂ ਹੈ। ਸਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਪੁਰਖਿਆਂ ਨੇ ਆਪਣੇ ਦਿਮਾਗ਼ਾਂ ਦੀ ਵਰਤੋਂ ਕਰਦੇ ਹੋਏ ਸ਼ਾਹੀ ਮਹਿਲ, ਮੰਦਰਾਂ ਦੇ ਗੁਬੰਦ, ਮੀਨਾਰ, ਕਿਲੇ ਅਤੇ ਹਵੇਲੀਆਂ ਅਜਿਹੇ ਅਦਭੁੱਤ ਢੰਗ ਨਾਲ ਬਣਾਏ ਕਿ ਅੱਜ ਦਾ ਸੰਸਾਰ ਵੀ ਇਨ੍ਹਾਂ ਤੇ ਫ਼ਖਰ ਕਰਦਾ ਹੈ।
ਵਾਸਤੂ ਦਾ ਭਾਵ ਵਾਸ ਹੁੰਦਾ ਹੈ ਜਿਸਦਾ ਮਤਲਬ ਰਿਹਾਇਸ਼ ਤੋਂ ਹੈ, ਉਂਝ ਵੀ ਵਾਸਤੂ ਬਸਤੀ ਤੋਂ ਬਣਿਆ ਹੈ। ਰਿਗਵੈਦ ਦੇ ਸੱਤਵੇਂ ਮੰਡਲ ਵਿਚ ਇਕ ਸਲੋਕ ਦਰਜ ਹੈ। ਜਿਸ ਅਨੁਸਾਰ ਹਰੇਕ ਵਿਅਕਤੀ ਜੋ ਆਪਣਾ ਮਕਾਨ ਬਣਾਉਣ ਲਈ ਸਥਾਨ ਦੀ ਚੋਣ ਕਰਦਾ ਹੈ ਜਾਂ ਮਕਾਨ ਬਣਾਉਂਦਾ ਹੈ ਉਸ ਨੂੰ ਪਹਿਲਾਂ ਜਾਂ ਮਕਾਨ ਪੂਰਾ ਹੋਣ ਤੇ ਵਾਸਤੂਪੁਰਸ਼ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਪ੍ਰਾਰਥਨਾ ਵਿਚ ਵਾਸਤੂਪੁਰਸ਼ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਮਕਾਨ ਵਿਚ ਰਹਿਣ ਵਾਲੇ ਮਨੁੱਖਾਂ ਅਤੇ ਪਸ਼ੂਆਂ ਨੂੰ ਚੰਗੀ ਸਿਹਤ, ਖੁਸ਼ਹਾਲੀ, ਵਧੀਆ ਭੋਜਨ ਅਤੇ ਸਾਰੇ ਸੰਸਾਰਕ ਸੁੱਖ ਪ੍ਰਦਾਨ ਕਰੇ। ਪੁਰਾਣਾਂ ਵਿਚ ਦਰਸਾਇਆ ਗਿਆ ਹੈ ਕਿ ਜਦੋਂ ਸਦਾਸਿਵ ‘ਅੰਧੁਕਾਸੁਰ’ ਨਾਂ ਦੇ ਇੱਕ ਦੈਂਤ ਨੂੰ ਕਤਲ ਕਰ ਰਿਹਾ ਸੀ ਤਾਂ ਉਸਦਾ ਪਸੀਨਾ ਜ਼ਮੀਨ ਤੇ ਡਿੱਗ ਪਿਆ। ਇਸ ਪਸੀਨੇ ਤੋਂ ਵਾਸਤੂਪੁਰਸ਼ ਨਾਂ ਦਾ ਇੱਕ ਯੋਧਾ ਪੈਦਾ ਹੋ ਗਿਆ। ਇਸ ਨੇ ਖੁਰਾਕ ਦੇ ਰੂਪ ਵਿਚ ਅੰਧੁਕਾਸੁਰ ਦਾ ਜ਼ਮੀਨ ਤੇ ਡਿੱਗਿਆ ਖ਼ੂਨ ਪੀਤਾ ਸੀ। ਇਸ ਲਈ ਉਹ ਇੰਨਾ ਸ਼ਕਤੀਸ਼ਾਲੀ ਹੋ ਗਿਆ ਕਿ ਇਹ ਤਿੰਨੇ ਲੋਕਾਂ ਨੂੰ ਨਸ਼ਟ ਕਰ ਸਕਦਾ ਸੀ। ਇਸ ਲਈ ਸਮੁੱਚੇ ਸੰਸਾਰ ਵਿੱਚੋਂ ਪੰਤਾਲੀ ਦੇਵਤਿਆਂ ਨੇ ਇਕੱਠੇ ਹੋ ਕੇ ਉਸ ਤੇ ਕਾਬੂ ਪਾ ਲਿਆ ਅਤੇ ਇਸ ਨੂੰ ਧਰਤੀ ਵਿਚ ਦੱਬ ਕੇ ਇਸ ਦੇ ਵੱਖ-ਵੱਖ ਅੰਗਾਂ ’ਤੇ ਬੈਠ ਗਏ। ਦੇਵਤਿਆਂ ਸਮੇਤ ਇਸ ਵਾਸਤੂਪੁਰਸ਼ ਨੂੰ ਮਕਾਨ ਬਣਾਉਣ ਸਮੇਂ ਪੂਜਿਆ ਜਾਂਦਾ ਹੈ।
ਪਰ ਅਸਲੀਅਤ ਕੁੱਝ ਹੋਰ ਹੀ ਹੈ। ਅਸੀਂ ਜਾਣਦੇ ਹਾਂ ਕਿ ਸਮੁੱਚੇ ਭਾਰਤ ਵਿਚ ਅੱਜ ਤੋਂ ਪੰਜ ਕੁ ਹਜ਼ਾਰ ਸਾਲ ਪਹਿਲਾਂ ਦ੍ਰਾਵਿੜ ਕੌਮਾਂ ਦੀ ਸਰਦਾਰੀ ਸੀ। ਆਰੀਆ ਲੋਕ ਖਾਨਾਬਦੋਸ ਸਨ ਤੇ ਮੱਧ ਏਸ਼ੀਆ ਤੋਂ ਉ¤ਠ ਕੇ ਦਰ੍ਹਾ ਖੈਬਰ ਰਾਹੀਂ ਭਾਰਤ ਵਿਚ ਪ੍ਰਵੇਸ਼ ਹੋਏ। ਇੱਥੇ ਇਹਨਾਂ ਦਾ ਮੁਕਾਬਲਾ ਦ੍ਰਾਵਿੜ ਕੌਮਾਂ ਨਾਲ ਹੋਇਆ ਜੋ ਇੱਥੋਂ ਦੇ ਪੱਕੇ ਬਾਸ਼ਿੰਦੇ ਸਨ। ਖਾਨਾਬਦੋਸ ਹੋਣ ਕਾਰਨ ਆਰੀਆ ਲੋਕਾਂ ਨੂੰ ਪੱਕੀਆਂ ਇਮਾਰਤਾਂ ਉਸਾਰਨ ਦਾ ਕੋਈ ਤਜ਼ਰਬਾ ਨਹੀਂ ਸੀ ਪਰ ਦ੍ਰਾਵਿੜ ਇਸ ਕਲਾ ਵਿਚ ਨਿਪੁੰਨ ਸਨ। ਮੁਕਾਬਲੇ ਵਿਚ ਆਰੀਆ ਕੌਮਾਂ ਦੀ ਜਿੱਤ ਹੋਈ ਅਤੇ ਦ੍ਰਾਵਿੜ ਹਾਰ ਗਏ ਅਤੇ ਦੱਖਣ ਵੱਲ ਨੂੰ ਧੱਕ ਦਿੱਤੇ ਗਏ। ਹੁਣ ਇਹ ਵਾਸਤੂਪੁਰਸ਼ ਦ੍ਰਾਵਿੜ ਕੌਮਾਂ ਦਾ ਚਿੰਨ੍ਹ ਹੈ ਅਤੇ ਇਸ ਨੂੰ ਦੱਬਣ ਵਾਲੇ ਦੇਵਤੇ ਆਰੀਆ ਲੋਕਾਂ ਦਾ ਚਿੰਨ੍ਹ ਹਨ।
ਮਹਾਂਭਾਰਤ ਦੀ ਮਿਥਿਹਾਸਕ ਕਥਾ ਵਿਚ ਵੀ ਲਾਖ ਦੇ ਮਹਿਲ ਅਤੇ ਸ਼ੀਸ਼ੇ ਦੇ ਫਰਸ਼ ਦਾ ਜ਼ਿਕਰ ਵੀ ਆਉਂਦਾ ਹੈ ਜੋ ਉਸ ਸਮੇਂ ਦੀ ਇਸ ਇਮਾਰਤ ਕਲਾ ਦੀਆਂ ਉਦਾਹਰਣਾਂ ਹਨ। ਤਰਕਸ਼ੀਲ ਸਮਝਦੇ ਹਨ ਕਿ ਪ੍ਰਾਚੀਨ ਗਰੰਥਾਂ ਦੇ ਲੇਖਕ ਉਸ ਸਮੇਂ ਦੇ ਬੁੱਧੀਮਾਨ ਵਿਅਕਤੀ ਸਨ। ਉਹਨਾਂ ਨੇ ਆਪਣੇ ਸਮਿਆਂ ਵਿਚ ਜੋ ਲਿਖਤਾਂ ਲਿਖੀਆਂ ਸਨ ਉਹ ਉਹਨਾਂ ਸਮਿਆਂ ਵਿਚ ਉਪਲੱਬਧ ਗਿਆਨ ਅਨੁਸਾਰ ਹੀ ਸਨ। ਸਾਇੰਸ ਨੇ ਜੋ ਤਰੱਕੀ ਕੀਤੀ ਹੈ ਉਹ ਪਿਛਲੀਆਂ ਚਾਰ ਪੰਜ ਸਦੀਆਂ ਦੀ ਹੀ ਹੈ। ਕੁੱਝ ਵਿਅਕਤੀ ਇਹ ਵੀ ਦਾਅਵਾ ਕਰਦੇ ਹਨ ਕਿ ਸੰਸਾਰ ਵਿਚ ਅੱਜ ਜੋ ਵੀ ਖੋਜਾਂ ਹੋ ਰਹੀਆਂ ਹਨ ਉਹ ਪਹਿਲਾਂ ਹੀ ਪ੍ਰਾਚੀਨ ਭਾਰਤੀ ਗਰੰਥਾਂ ਵਿਚ ਦਰਜ ਹਨ। ਜੇ ਅਜਿਹਾ ਹੁੰਦਾ ਹੈ ਤਾਂ ਦੁਨੀਆ ਵਿਚ ਸਭ ਤੋਂ ਜ਼ਿਆਦਾ ਨੋਬਲ ਪ੍ਰਾਈਜ਼ ਭਾਰਤੀਆਂ ਨੂੰ ਹੀ ਪ੍ਰਾਪਤ ਹੋਏ ਹੁੰਦੇ। ਅਸਲ ਵਿਚ ਸਾਰੇ ਪ੍ਰਾਚੀਨ ਗਰੰਥ ਸਾਡੇ ਵੱਡ-ਵਡੇਰਿਆਂ ਦੀਆਂ ਰਚਨਾਵਾਂ ਹਨ ਅਤੇ ਸਾਨੂੰ ਸਾਡੀ ਇਸ ਵਿਰਾਸਤ ਤੇ ਮਾਣ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਗਰੰਥਾਂ ਦੀ ਅੱਜ ਵਿਗਿਆਨਕ ਸਮਝ ਅਨੁਸਾਰ ਸੰਭਵ ਅਤੇ ਅਸੰਭਵ ਦੀ ਕਸੌਟੀ ਤੇ ਪੜਚੋਲ ਵੀ ਕਰਨੀ ਚਾਹੀਦੀ ਹੈ। ਉਨੀਵੀਂ ਸਦੀ ਤੱਕ ਵਾਸਤੂ ਸ਼ਾਸਤਰ ਦੇ ਬਹੁਤ ਸਾਰੇ ਵਿਦਵਾਨ ਆਪਣੀਆਂ ਹੱਥ ਲਿਖਤ ਪੁਸਤਕਾਂ ਰਾਹੀਂ ਘਰਾਂ ਨੂੰ ਹਵਾਦਾਰ, ਬਦਬੂ ਰਹਿਤ ਅਤੇ ਰੌਸ਼ਨੀ ਭਰਪੂਰ ਬਣਾਉਣ ਲਈ ਆਪਣੇ-ਆਪਣੇ ਸੁਝਾਅ ਪੇਸ਼ ਕਰਦੇ ਰਹੇ ਹਨ ਪਰ ਅੱਜ ਨਿੱਤ ਨਵੇਂ ਵਾਸਤੂ ਮਾਹਿਰ ਪੈਦਾ ਹੋ ਰਹੇ ਹਨ। ਇਹਨਾਂ ਨੇ ਇਸ ਨੂੰ ਇਕ ਧੰਦੇ ਦੇ ਰੂਪ ਵਿਚ ਅਪਣਾ ਲਿਆ ਹੈ। ਧੰਦਾ ਵੀ ਅਜਿਹਾ ਜਿਸ ਵਿਚ ਸੌ ਪ੍ਰਤੀਸ਼ਤ ਟੈਕਸ ਰਹਿਤ ਮੁਨਾਫ਼ਾ ਹੀ ਮੁਨਾਫ਼ਾ ਹੈ। ਕਿਉਂਕਿ ਨੁਕਸਾਨ ਤਾਂ ਸਿਰਫ਼ ਉਹਨਾਂ ਦਾ ਹੀ ਹੈ ਜਿਨ੍ਹਾਂ ਦੇ ਘਰ ਉਹਨਾਂ ਦੀ ਸਲਾਹ ਤੇ ਤੋੜ ਦਿੱਤੇ ਜਾਂਦੇ ਹਨ। ਕਈ ਵਾਸਤੂ ਮਾਹਿਰਾਂ ਨਾਲ ¦ਬੀਆਂ ਬਹਿਸਾਂ ਵੀ ਹੋਈਆਂ। ਆਓ ਵੇਖੀਏ ਕਿ ਉਹ ਵਾਸਤੂ ਦੇ ਕਿੱਤੇ ਨੂੰ ਵਾਜਿਬ ਠਹਿਰਾਉਣ ਲਈ ਕੀ-ਕੀ ਦਲੀਲਾਂ ਦਿੰਦੇ ਹਨ।
ਕੁੱਝ ਵਾਸਤੂ ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆਂ ਭਰ ਵਿਚ ਵਾਸਤੂ ਸ਼ਾਸਤਰ ਉਪਰ ਸੈਂਕੜੇ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ ਤੇ ਹਜ਼ਾਰਾਂ ਹੀ ਵੈ¤ਬਸਾਈਟਾਂ ਵਾਸਤੂ ਬਾਰੇ ਉਪਲੱਬਧ ਹਨ। ਉਹ ਕਹਿੰਦੇ ਹਨ ਕਿ ਵਾਸਤੂ ਦੀਆਂ ਦਰਜਨਾਂ ਪੁਸਤਕਾਂ ਦਾ ਸੈਂਕੜੇ ਭਾਸ਼ਾਵਾਂ ਵਿਚ ਅਨੁਵਾਦ ਵੀ ਹੋ ਚੁੱਕਿਆ ਹੈ। ਐਨਾ ਕੁੱਝ ਤਾਂ ਹੀ ਸੰਭਵ ਹੈ ਜੇ ਵਾਸਤੂ ਸ਼ਾਸਤਰ ਵਿਚ ਕੁੱਝ ਦਮ ਹੈ। ਅਸਲੀਅਤ ਇਹ ਹੈ ਕਿ ਜਦੋਂ ਕਿਸੇ ਵਿਸ਼ੇ ਨੂੰ ਧੰਦੇ ਦੇ ਰੂਪ ਵਿਚ ਅਪਣਾ ਲਿਆ ਜਾਂਦਾ ਹੈ ਅਤੇ ਵੱਖ-ਵੱਖ ਇਲਾਕਿਆਂ ਵਿਚ ਨਵੇਂ ਧੰਦਿਆਂ ਦੀ ਭਾਲ ਕਰਨ ਵਾਲੇ ਵਿਅਕਤੀ ਦੂਸਰੀਆਂ ਭਾਸ਼ਾਵਾਂ ਵਿੱਚੋਂ ਉਹਨਾਂ ਦੇ ਸਾਹਿਤ ਦਾ ਅਨੁਵਾਦ ਵੀ ਕਰ ਲੈਂਦੇ ਹਨ ਜਾਂ ਕਰਵਾ ਕੇ ਛਪਵਾ ਲੈਂਦੇ ਹਨ, ਵੈੱਬ ਸਾਈਟਾਂ ਵੀ ਤਿਆਰ ਹੋ ਜਾਂਦੀਆਂ ਹਨ। ਇਸ ਤਰ੍ਹਾਂ ਇਹ ਸਾਰਾ ਕੁੱਝ ਧੰਦਿਆਂ ਨੂੰ ਸਥਾਪਤ ਕਰਨ ਦਾ ਹੀ ਇਕ ਯਤਨ ਹੁੰਦਾ ਹੈ। ਜੇ ਕਿਤਾਬਾਂ ਦੀ ਗਿਣਤੀ ਵੀ ਦੇਖਣੀ ਹੋਵੇ ਤਾਂ ਟੂਣੇ-ਟੋਟਕਿਆਂ ਤੇ ਲਿਖੀਆਂ ਪੁਸਤਕਾਂ ਇਸ ਤੋਂ ਵੀ ਵੱਧ ਹੋਣਗੀਆਂ। ਕਿਤਾਬਾਂ ਦੀ ਵੱਧ ਗਿਣਤੀ ਹੋਣ ਨਾਲ ਕੋਈ ਵਰਤਾਰਾ ਵਿਗਿਆਨਕ ਨਹੀਂ ਬਣ ਜਾਂਦਾ।
ਵਾਸਤੂ ਸ਼ਾਸਤਰ ਵਿਚ ਕੁੱਝ ਦਿਸ਼ਾਵਾਂ ਨੂੰ ਬਹੁਤ ਹੀ ਅਸ਼ੁੱਭ ਅਤੇ ਕੁੱਝ ਨੂੰ ਸ਼ੁੱਭ ਗਿਣਿਆ ਜਾਂਦਾ ਹੈ। ਘਰਾਂ ਦੇ ਮੁੱਖ ਦਰਵਾਜ਼ੇ, ਰਸੋਈ, ਪੂਜਾਘਰ, ਸੋਚਾਲਿਆ ਅਤੇ ਸੌਣ ਕਮਰਿਆਂ ਨੂੰ ਇਸ ਹਿਸਾਬ ਨਾਲ ਘਰ ਜਾਂ ਕੋਠੀ ਵਿਚ ਉਸਾਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇ ਇਹ ਸਲਾਹ ਨਵਾਂ ਘਰ ਪਾਉਣ ਤੋਂ ਪਹਿਲਾਂ ਦਿੱਤੀ ਜਾਵੇ ਜਾਂ ਆਰਕੀਟੈਕਟਾਂ ਤੋਂ ਹੀ ਦਿਵਾਈ ਜਾਵੇ ਤਾਂ ਇਸ ਵਿਚ ਕੁੱਝ ਵਾਜਬੀਅਤ ਹੋ ਸਕਦੀ ਹੈ। ਪਰ ਬਣੇ ਘਰ ਨੂੰ ਤੁੜਵਾਉਣਾ ਕਿੱਥੋਂ ਦੀ ਸਮਝਦਾਰੀ ਹੈ। ਨਾਲੇ ਦਿਸ਼ਾਵਾਂ ਕੋਈ ਵੀ ਮਾੜੀਆਂ ਨਹੀਂ ਹੁੰਦੀਆਂ ਅਤੇ ਨਾ ਹੀ ਅਸੀਂ ਇਹਨਾਂ ਨੂੰ ਹਰ ਰੋਜ਼ ਵਰਤੋਂ ਤੋਂ ਬਗ਼ੈਰ ਵਿਚਰ ਸਕਦੇ ਹਾਂ। ਨਫ਼ੇ ਨੁਕਸਾਨਾਂ ਲਈ ਜ਼ੁੰਮੇਵਾਰ ਵਿਅਕਤੀ ਤਾਂ ਹੋ ਸਕਦੇ ਹਨ ਵਿਚਾਰੀਆਂ ਨਿਰਜੀਵ ਦਿਸ਼ਾਵਾਂ ਨੂੰ ਤਾਂ ਉਂਝ ਹੀ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ।
ਅਸੀਂ ਜਾਣਦੇ ਹਾਂ ਕਿ ਘਰਾਂ ਵਿੱਚੋਂ ਪਾਣੀ ਦਾ ਨਿਕਾਸ ਕਰਨ ਲਈ ਇਹਨਾਂ ਵਿਚ ਇੱਕ ਜਾਂ ਦੋ ਇੰਚ ਦੀ ਢਲਾਨ ਦੇ ਦੇਣੀ ਜ਼ਰੂਰੀ ਹੁੰਦੀ ਹੈ। ਪਰ ਵਾਸਤੂ ਮਾਹਿਰਾਂ ਨੇ ਤਾਂ ਇਸ ਨੂੰ ਵੀ ਸ਼ੁਭ ਜਾਂ ਅਸ਼ੁੱਭ ਨਾਲ ਨਰੜ ਦਿੱਤਾ ਹੈ।
ਵਾਸਤੂ ਸ਼ਾਸਤਰ ਵਿਚ ਦਰਜ ਹੈ ਕਿ ਜ਼ਮੀਨ ਦੀ ਮਿੱਟੀ ਚਿੱਟੀ ਹੈ ਤਾਂ ਇਸ ਵਿਚ ਬ੍ਰਾਹਮਣ ਨੂੰ ਘਰ ਬਣਾਉਣਾ ਚਾਹੀਦਾ ਹੈ। ਲਾਲ ਮਿੱਟੀ ਕਸੱਤਰੀਆਂ ਲਈ, ਪੀਲੀ ਮਿੱਟੀ ਵੇੈਸ਼ਿਆ ਲਈ ਅਤੇ ਕਾਲੀ ਮਿੱਟੀ ਸਿਰਫ਼ ਸ਼ੂਦਰਾਂ ਦੀ ਵਰਤੋਂ ਵਿਚ ਆਉਣੀ ਚਾਹੀਦੀ ਹੈ। ਕੀ ਅੱਜ ਦੇ ਯੁੱਗ ਵਿਚ ਜਾਤਪਾਤ ਨੂੰ ਕਾਇਮ ਰੱਖਣਾ ਮਾਨਵ ਜਾਤੀ ਦਾ ਕਲੰਕ ਨਹੀਂ? ਇਸ ਤਰ੍ਹਾਂ ਕਈ ਥਾਈਂ ਇਹ ਵੀ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਹੈ ਤਾਂ ਘਰ ਦੀ ਮਾਲਕਣ ਮਾੜੀ ਨੀਅਤ ਦੀ ਹੈ। ਹੁਣ ਕੋਈ ਦੱਸ ਸਕਦਾ ਹੈ ਕਿ ਮਾੜੀ ਨੀਅਤ ਦਾ ਘਰ ਅੱਗੇ ਖੰਭੇ ਨਾਲ ਕੀ ਸਬੰਧ ਹੈ? ਖੰਭੇ ਨੇ ਇਸਤਰੀ ਦੀ ਨੀਅਤ ਮਾੜੀ ਕਿਵੇਂ ਕਰ ਦਿੱਤੀ? ਇਸ ਤਰ੍ਹਾਂ ਦੀਆਂ ਹਜ਼ਾਰਾਂ ਬੇਤੁਕੀਆਂ ਉਦਾਹਰਨਾਂ ਵਾਸਤੂ ਸ਼ਾਸਤਰੀ ਆਪਣੇ ਵਿਚ ਸਮੋਈ ਬੈਠੇ ਹਨ। ਜੇ ਘਰ ਟੀ. ਪੁਆਇੰਟ ਤੇ ਹੈ ਤਾਂ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ। ਜੇ ਘਰ ਅੱਗੇ ਦਰੱਖ਼ਤ ਹੈ ਤਾਂ ਘਰ ਦੇ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਦੱਖਣ ਦਿਸ਼ਾ ਵਿਚ ਅੱਗ ਹੀ ਅੱਗ ਹੈ ਆਦਿ।
ਉਂਝ ਵੀ ਵਾਸਤੂ ਦੀਆਂ ਕਿਤਾਬਾਂ ਵਿਚ ਥਾਂ-ਥਾਂ ਤੇ ਊਟ ਪਟਾਂਗ ਗੱਲਾਂ ਲਿਖੀਆਂ ਹਨ ਜਿਹੜੀਆਂ ਕਿਸੇ ਵੀ ਤਰਕ ਦੀ ਕਸੌਟੀ ਤੇ ਪੂਰੀਆਂ ਨਹੀਂ ਉਤਰਦੀਆਂ। ਜੇ ਇਨ੍ਹਾਂ ਦੇ ਲੇਖਕਾਂ ਦੀਆਂ ਲਿਖੀਆਂ ਕਿਤਾਬਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾਵੇ ਤਾਂ ਤੁਹਾਨੂੰ ਸੈਂਕੜੇ ਥਾਵਾਂ ’ਤੇ ਆਪਾ ਵਿਰੋਧੀ ਗੱਲਾਂ ਨਜ਼ਰ ਆਉਣਗੀਆਂ। ਪਹਿਲੇ ਸਫ਼ੇ ਤੇ ਲਿਖਿਆ ਹੋਵੇਗਾ ਦੱਖਣ ਵੱਲ ਯਾਤਰਾ ਕਰਨ ਵਾਲੇ ਨੁਕਸਾਨ ਉਠਾਉਣਗੇ। ਦੂਸਰੇ ਸਫ਼ੇ ਤੇ ਦਰਜ ਹੋਵੇਗਾ ਦੱਖਣ ਵਿਚ ਜਾਣ ਕਰਕੇ ਉਸਦੇ ਘਰ ਸੁੰਦਰ ਪੁੱਤਰ ਨੇ ਜਨਮ ਲਿਆ।
ਜੇ ਮੇਰੇ ਖ਼ੂਨ ਵਿਚ ਕੋਈ ਨੁਕਸ ਹੈ ਤੇ ਮੈਂ ਇਸ ਨੂੰ ਟੈਸਟ ਕਰਨ ਲਈ ਛੇ ਲੈਬੋਰਟਰੀਆਂ ਨੂੰ ਭੇਜ ਦੇਵਾਂ। ਜੇ ਢੰਗ ਵਿਗਿਆਨਕ ਹੈ ਤੇ ਕਰਨ ਵਾਲੇ ਆਪਣੇ ਕੰਮ ਦੇ ਮਾਹਿਰ ਹਨ ਤਾਂ ਇਹਨਾਂ ਛੇ ਲੈਬੋਰਟਰੀਆਂ ਦੀ ਰਿਪੋਰਟ ਵੀਹ ਇੱਕੀ ਦੇ ਫ਼ਰਕ ਨਾਲ ਲੱਗਭੱਗ ਇਕੋ ਹੀ ਹੋਵੇਗੀ। ਪਰ ਗ਼ੈਰ ਵਿਗਿਆਨਕ ਵਰਤਾਰਿਆਂ ਲਈ ਇਹ ਰਿਪੋਰਟਾਂ ਉੱਕਾ ਹੀ ਵੱਖ-ਵੱਖ ਹੁੰਦੀਆਂ ਹਨ। ਜੇ ਤੁਸੀਂ ਆਪਣੇ ਘਰ ਬਾਰੇ ਵੱਖ-ਵੱਖ ਵਾਸਤੂ ਮਾਹਿਰਾਂ ਦੀ ਰਿਪੋਰਟ ਪ੍ਰਾਪਤ ਕਰੋਗੇ ਤਾਂ ਉਹਨਾਂ ਦੀ ਰਾਏ ਵੀ ਵੱਖ-ਵੱਖ ਹੀ ਹੋਵੇਗੀ।
ਕੁੱਝ ਵਾਸਤੂ ਮਾਹਿਰ ਕਹਿੰਦੇ ਹਨ ਕਿ ਭਾਰਤ ਦੇ ਉੱਤਰ ਵਿਚ ਹਿਮਾਲਾ ਪਰਬਤ ਹੈ। ਇਸ ਲਈ ਭਾਰਤ ਦਾ ਹਾਲ ਮੰਦਾ ਹੈ। ਇੱਥੇ ਬੇਰੁਜ਼ਗਾਰੀ, ਭੁੱਖਮਰੀ, ਕੰਗਾਲੀ ਅਤੇ ਰਿਸ਼ਵਤਖੋਰੀ ਲਈ ਹਿਮਾਲਾ ਪਰਬਤ ਦੀ ਦਿਸ਼ਾ ਹੀ ਜ਼ਿੰਮੇਵਾਰ ਹੈ। ਜੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਭਾਰਤ ਕਿਸੇ ਵੇਲੇ ਸੋਨੇ ਦੀ ਚਿੜੀ ਕਹਾਉਂਦਾ ਸੀ, ਉਸ ਸਮੇਂ ਕੀ ਹਿਮਾਲਾ ਪਰਬਤ ਇੱਥੇ ਨਹੀਂ ਸੀ? ਅਸਲ ਵਿਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ, ਮਾੜੀਆਂ ਤਾਂ ਰਾਜ ਕਰ ਰਹੀਆਂ ਸਰਕਾਰਾਂ ਹੁੰਦੀਆਂ ਨੇ। ਜੇ ਅੱਜ ਸਾਡੇ ਦੇਸ਼ ਵਿਚ ਚਾਰੇ ਪਾਸੇ ਸੰਪ੍ਰਦਾਇਕ ਦੰਗੇ ਹੋ ਰਹੇ ਹਨ ਤੇ ਬੰਬ ਫਟ ਰਹੇ ਹਨ ਅਤੇ ਇਨ੍ਹਾਂ ਗੱਲਾਂ ਨਾਲ ਮਨੁੱਖ ਜਾਤੀ ਦਾ ਘਾਣ ਹੋ ਰਿਹਾ ਹੈ ਤਾਂ ਇਸ ਸਭ ਦਾ ਜ਼ਿੰਮੇਵਾਰ ਇਂੱਥੋਂ ਦਾ ਰਾਜ ਪ੍ਰਬੰਧ ਹੀ ਹੈ। ਜਦੋਂ ਇਥੋਂ ਦੇ ਲੋਕ ਜਾਗਰੂਕ ਹੋ ਗਏ ਤਾਂ ਉਹਨਾਂ ਨੇ ਨਵਾਂ ਰਾਜਸੀ ਤਾਣਾ-ਬਾਣਾ ਬੁਣ ਲਿਆ ਤਾਂ ਇਥੇ ਮੁੜ ਖੁਸ਼ਹਾਲੀ ਪੈਦਾ ਹੋ ਜਾਣੀ ਹੈ। ਨਾ ਤਾਂ ਵਾਸਤੂ ਅਨੁਸਾਰ ਬਣੀਆਂ ਅਤੇ ਨਾ ਹੀ ਵਾਸਤੂ ਅਨੁਸਾਰ ਨਾ ਬਣੀਆਂ ਇਮਾਰਤਾਂ ਇਸ ਸਭ ਕਾਸੇ ਦੀਆਂ ਜ਼ਿੰਮੇਵਾਰ ਹਨ।
ਕੱਲ੍ਹ ਨੂੰ ਜੇ ਕੋਈ ਬਦ-ਦਿਮਾਗ਼ ਰਾਜਸੀ ਨੇਤਾ ਸਤ੍ਹਾ ਦੇ ਨਸ਼ੇ ਵਿਚ ਆ ਕੇ ਪਾਕਿਸਤਾਨ ਨਾਲ ਲੜਾਈ ਛੇੜ ਲੈਂਦਾ ਹੈ ਅਤੇ ਇੱਥੇ ਐਟਮ ਬੰਬ ਚੱਲ ਜਾਂਦੇ ਹਨ ਤਾਂ ਦੂਸਰੀਆਂ ਇਮਾਰਤਾਂ ਦੇ ਨਾਲ-ਨਾਲ ਵਾਸਤੂ ਅਨੁਸਾਰ ਬਣੀਆਂ ਇਮਾਰਤਾਂ ਨੇ ਵੀ ਖੰਡਰਾਂ ਦਾ ਰੂਪ ਧਾਰਨ ਕਰ ਲੈਣਾ ਹੈ।
ਕਹਿੰਦੇ ਹਨ ਜਿਹੜੇ ਘਰ ਵਾਸਤੂ ਅਨੁਸਾਰ ਨਹੀਂ ਹੁੰਦੇ ਉਹਨਾਂ ਘਰਾਂ ਵਿਚ ਲੂਲੇ, ¦ਗੜੇ ਬੱਚੇ ਪੈਦਾ ਹੋਣ ਲੱਗ ਪੈਂਦੇ ਹਨ। ਪੜ੍ਹੇ ਲਿਖੇ ਵਿਅਕਤੀ ਜਾਣਦੇ ਹਨ ਕਿ ਤੀਹ ਕੁ ਵਰ੍ਹਿਆਂ ਤੋਂ ਘੱਟ ਉਮਰ ਦੇ ਬਹੁਤ ਘੱਟ ਵਿਅਕਤੀ ਲੂਲੇ, ¦ਗੜੇ ਨਜ਼ਰ ਆਉਂਦੇ ਹਨ ਕਿਉਂਕਿ ਪੋਲੀਓ ਵਿਰੋਧੀ ਵੈਕਸੀਨ ਸਾਡੇ ਦੇਸ਼ ਵਿਚ ਉਸ ਸਮੇਂ ਹਰ ਬੱਚੇ ਨੂੰ ਲੱਗ ਰਿਹਾ ਸੀ। ਕੁੱਝ ਗ਼ਰੀਬ ਅਤੇ ਅੰਧ-ਵਿਸ਼ਵਾਸੀ ਵਿਅਕਤੀਆਂ ਨੇ ਇਸ ਟੀਕੇ ਦੀ ਵਰਤੋਂ ਆਪਣੇ ਬੱਚਿਆਂ ਤੇ ਨਹੀਂ ਕੀਤੀ ਜਿਸ ਕਰਕੇ ਉਨ੍ਹਾਂ ਘਰਾਂ ਵਿਚ ਲੂਲੇ, ਲੰਗੜੇ ਬੱਚੇ ਪੈਦਾ ਹੋ ਗਏ। ਬਚਾਓ ਵਾਸਤੂ ਮਾਹਿਰਾਂ ਕਰਕੇ ਨਹੀਂ ਸਗੋਂ ਵਿਗਿਆਨਕ ਖੋਜਾਂ ਕਰਕੇ ਹੋਇਆ ਹੈ।
ਆਪਣੇ ਧੰਦੇ ਨੂੰ ਹੋਰ ਸਥਾਪਤ ਕਰਨ ਲਈ ਵਾਸਤੂ ਮਾਹਿਰ ਅਜਿਹੇ ਵਿਅਕਤੀਆਂ ਦੀ ਇੱਕ ਲਿਸਟ ਤਿਆਰ ਕਰ ਲੈਂਦੇ ਹਨ ਜਿਨ੍ਹਾਂ ਦੇ ਘਰਾਂ ਦੀ ਤੋੜ ਫੋੜ ਕਰਵਾਉਣ ਤੋਂ ਬਾਅਦ ਉਹ ਵਿਅਕਤੀ ਹੋਰ ਸਫ਼ਲ ਹੋਏ ਹੁੰਦੇ ਹਨ। ਅਸਫਲ ਵਿਅਕਤੀਆਂ ਦੀ ਵੱਡੀ ਲਿਸਟ ਨੂੰ ਤਾਂ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਸਿਰਫ਼ ਸਫ਼ਲ ਵਿਅਕਤੀਆਂ ਨੂੰ ਮੀਡੀਆ ਜਾਂ ਆਮ ਜਨਤਾ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਕਈ ਵਾਰ ਉਹਨਾਂ ਤੋਂ ਇਹ ਗੱਲ ਵੀ ਅਖਵਾਈ ਜਾਂਦੀ ਹੈ ਕਿ ਉਨ੍ਹਾਂ ਦੀ ਸਾਰੀ ਸਫਲਤਾ ਦਾ ਰਾਜ ਹੀ ਵਾਸਤੂ ਸ਼ਾਸਤਰ ਹੈ। ਅਜਿਹਾ ਕਹਿਣ ਸਮੇਂ ਉਹ ਆਪਣੇ ਦੁਆਰਾ ਕੀਤੀ ਮਿਹਨਤ ਅਤੇ ਯਤਨ ਸਭ ਕੁੱਝ ਛੱਡ ਦਿੰਦੇ ਹਨ ਅਤੇ ਸਫਲਤਾ ਦਾ ਸਾਰਾ ਸਿਹਰਾ ਵਾਸਤੂ ਮਾਹਿਰਾਂ ਨੂੰ ਦੇ ਦਿੰਦੇ ਹਨ। ਇਨ੍ਹਾਂ ਹੇਠਾਂ ਦਰਸਾਈਆਂ ਉਦਾਹਰਨਾਂ ਨੂੰ ਕੋਈ ਵਾਸਤੂ ਮਾਹਿਰ ਲੋਕਾਂ ਸਾਹਮਣੇ ਨਹੀਂ ਰੱਖੇਗਾ।
ਐਚ. ਡੀ. ਦੇਵਗੌੜਾ ਕਿਸ ਵੇਲੇ ਭਾਰਤ ਦਾ ਪ੍ਰਧਾਨ ਮੰਤਰੀ ਸੀ ਕਿਉਂਕਿ ਉਸਦੀ ਰਿਹਾਇਸ਼ ਦੇ ਮੁੱਖ ਦਰਵਾਜ਼ੇ ਵੱਲ ਸਿਰਫ਼ ਦੋ ਹੀ ਕਦਮ ਪੁੱਟਣੇ ਪੈਂਦੇ ਸਨ। ਵਾਸਤੂ ਮਾਹਿਰਾਂ ਦੀ ਰਾਏ ਅਨੁਸਾਰ ਪਤਲੀਆਂ ਟਾਇਲਾਂ ਲਗਾ ਕੇ ਉਸ ਦੀ ਦੂਰੀ ਤਿੰਨ ਕਦਮ ਕੀਤੀ ਗਈ। ਭਾਵੇਂ ਉਸ ਸਮੇਂ ਤਾਂ ਸਭ ਦੀ ਤਸੱਲੀ ਹੋ ਗਈ ਪਰ ਇਹ ਤੀਸਰਾ ਕਦਮ ਉਸਦੀ ਕੁਰਸੀ ਨੂੰ ਬਚਾ ਨਾ ਸਕਿਆ। ਅਜਿਹਾ ਹੀ ਹਾਲ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ. ਟੀ. ਰਾਮਾ ਰਾਓ ਦਾ ਹੋਇਆ। ਬੀ. ਐਨ. ਰੈਡੀ. ਭਾਰਤ ਦਾ ਕਹਿੰਦਾ ਕਹਾਉਂਦਾ ਵਾਸਤੂ ਮਾਹਿਰ ਸੀ। ਇਸ ਵਿਸ਼ੇ ਤੇ ਉਸ ਨੇ ਕੁੱਝ ਕਿਤਾਬਾਂ ਵੀ ਲਿਖੀਆਂ ਸਨ। ਭਾਰਤ ਦੇ ਇਸ ਪਾਰਲੀਮੈਂਟ ਮੈਂਬਰ ਨੇ 1979 ਵਿਚ ਵਾਸਤੂ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਇੱਕ ਬਹੁ-ਮੰਜ਼ਿਲਾ ਇਮਾਰਤ ਦੀ ਉਸਾਰੀ ਕਰਵਾਈ। ਪਰ ਹੈਰਾਨੀ ਉਦੋਂ ਹੋਈ ਜਦੋਂ ਸਿਰਫ਼ ਦੋ ਕੁ ਸਾਲ ਬਾਅਦ ਇਹ ਬਿਲਡਿੰਗ ਢਹਿ ਢੇਰੀ ਹੋ ਗਈ।
ਸਾਲ ਕੁ ਭਰ ਪਹਿਲਾਂ ਦੀ ਘਟਨਾ ਹੈ ਕਿ ਖੰਨੇ ਦੇ ਇਕ ਵਾਸਤੂ ਮਾਹਿਰ ਨੇ ਲੁਧਿਆਣੇ ਦੇ ਇੱਕ ਚਿਕਨ ਮਾਹਿਰ ਕੋਲ ਆਪਣੇ ਕਿਸੇ ਦਲਾਲ ਰਾਹੀਂ ਪਹੁੰਚ ਕੀਤੀ। ਦੋਵੇਂ ਜਾਣੇ ਚਿਕਨ ਮਾਹਿਰ ਦੀ ਬਣ ਰਹੀ ਕੋਠੀ ਵੇਖਣ ਚਲੇ ਗਏ। ਵਾਸਤੂ ਮਾਹਿਰ ਦੇ ਸੁਝਾਵਾਂ ਅਨੁਸਾਰ ਅਧੂਰੀ ਬਣ ਚੁੱਕੀ ਨਵੀਂ ਕੋਠੀ ਵਿਚ ਕੁੱਝ ਤਬਦੀਲੀਆਂ ਕਰ ਦਿੱਤੀਆਂ ਗਈਆਂ। ਮਹੀਨੇ ਕੁ ਬਾਅਦ ਵਾਸਤੂ ਮਾਹਿਰ ਫਿਰ ਆ ਹਾਜ਼ਰ ਹੋਇਆ। ਕਹਿਣ ਲੱਗਿਆ ਚਲੋ ਆਪਾਂ ਤੁਹਾਡੀ ਕੋਠੀ ਵਿਚ ਚੱਲ ਰਹੀ ਉਸਾਰੀ ਵੇਖ ਕੇ ਆਈਏ। ਦੋਵੇਂ ਜਾਣੇ ਚਲੇ ਗਏ। ਵਾਸਤੂ ਮਾਹਿਰ ਵਾਸਤੂ ਦੇ ਕਰਿਸ਼ਮੇ ਦੀ ਪ੍ਰਸੰਸਾ ਕਰ ਹੀ ਰਿਹਾ ਸੀ ਕਿ ਕੋਠੀ ਦੀ ਤਬਦੀਲੀ ਕਰਵਾਈ ਗਈ ਉਸਾਰੀ ਦਾ ਢੂਲਾ ਉਹਨਾਂ ਉ¤ਪਰ ਆ ਡਿੱਗਿਆ ਦੋਵੇਂ ਮਾਰੇ ਗਏ। ਇਸ ਤਰ੍ਹਾਂ ਪੰਜਾਬ ਦੇ ਇੱਕ ‘ਹੋਣਹਾਰ’ ਵਾਸਤੂ ਮਾਹਿਰ ਦਾ ਅੰਤ ਹੋ ਗਿਆ। ਅਸਲ ਵਿਚ ਜਦੋਂ ਕਿਸੇ ਵਿਅਕਤੀ ਕੋਲ ਸੁਖਾਲੇ ਢੰਗ ਨਾਲ ਤਾਜ਼ਾ-ਤਾਜ਼ਾ ਪੈਸਾ ਆ ਜਾਂਦਾ ਹੈ ਤਾਂ ਉਹ ਵੱਡੇ-ਵੱਡੇ ਅਮੀਰਾਂ ਦੀ ਰੀਸ ਕਰਨ ਲੱਗ ਪੈਂਦਾ ਹੈ। ਉਮਰ ਦੇ ਢਲਣ ਕਾਰਨ ਘਰਾਂ ਵਿਚ ਬਿਮਾਰੀਆਂ ਅਤੇ ਕਲੇਸ ਅਕਸਰ ਆਉਣ ਲੱਗ ਪੈਂਦੇ ਹਨ। ਅਜਿਹੇ ਵੇਲੇ ਅਜਿਹੇ ਵਿਅਕਤੀ ਹੀ ਵਾਸਤੂ ਮਾਹਿਰਾਂ ਦੇ ਸੁਖਾਲੇ ਸ਼ਿਕਾਰ ਬਣ ਜਾਂਦੇ ਹਨ। ਅੰਤ ਵਿਚ ਅਸੀਂ ਤਰਕਸ਼ੀਲ ਆਮ ਲੋਕਾਂ ਨੂੰ ਇਹ ਹੀ ਸੁਨੇਹਾ ਦੇਣਾ ਚਾਹਾਂਗੇ ਕਿ ਪੈਸਾ ਕਮਾਉਣਾ ਇੱਕ ਔਖਾ ਕਾਰਜ ਹੈ ਇਸ ਲਈ ਇਸ ਨੂੰ ਸੰਭਾਲਣਾ ਵੀ ਧਿਆਨ ਨਾਲ ਹੀ ਚਾਹੀਦਾ ਹੈ। ਬੈਂਕਾਂ ਵਾਲੇ ਤਾਂ ਸਟਾਰਾਂਗ ਰੂਮਾਂ, ਅਲਾਰਮਾਂ ਅਤੇ ਸੁਰੱਖਿਆ ਗਾਰਡਾਂ ਦੀ ਵਰਤੋਂ ਕਰਕੇ ਇਸਨੂੰ ਸੰਭਾਲ ਲੈਂਦੇ ਹਨ ਪਰ ਤੁਹਾਨੂੰ ਤਾਂ ਸੰਭਾਲਣ ਲਈ ਦਿਮਾਗ਼ੀ ਵਰਤੋਂ ਹੀ ਕਰਨੀ ਪੈਣੀ