ਵੇ ਚੰਨਾ ਤੇਰੀ ਚਿੱਟੀ ਚਾਨਣੀ
ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ।
ਅਸਾਂ ਤਾਰਿਆਂ ਦੇ ਨਾਲ ਗੱਲਾਂ ਕੀਤੀਆਂ।
ਉਹਨੂੰ ਦੱਸੀਆਂ ਜੋ ਸਾਡੇ ਸੰਗ ਬੀਤੀਆਂ।
ਆਪਾਂ ਜ਼ਿੰਦਗੀ,ਗਮਾਂ ‘ਚ ਨਹੀਂ ਗਾਲਣੀ,
ਵੇ ਚੰਨਾ ਤੇਰੀ ਚਿੱਟੀ ਚਾਨਣੀ
ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ।
ਕਾਲੀ ਰਾਤ ਮਸਿੱਆ ਦੀ ਕਦੀ ਆਵੇ ਨਾ।
ਸੁੱਤੀ ਹਿਜ਼ਰਾਂ ਦੀ ਪੀੜ ਨੂੰ ਜਗਾਵੇ ਨਾ।
ਉਹ ਕਿਤੇ ਕਰ ਨਾ ਕਲੇਜਾ ਦੇਵੇ ਛਾਨਣੀ,
ਵੇ ਚੰਨਾ ਤੇਰੀ ਚਿੱਟੀ ਚਾਨਣੀ
ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ।
ਮੈਂ ਰਾਤੀਂ ਉੱਠ -ਉੱਠ ਲੋ ਵੇਖਾਂ ਚੰਨ ਦੀ।
ਯਾਦਾਂ ਵਿਚ ਅੰਗੜਾਈਆਂ ਰਵਾਂ ਭੰਨਦੀ।
ਉੱਭੇ-ਉੱਭੇ ਸਾਹਾਂ ਜਿੰਦ ਗਾਲਣੀ,
ਵੇ ਚੰਨਾ ਤੇਰੀ ਚਿੱਟੀ ਚਾਨਣੀ
ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ।
“ਸੁਹਲ’ ਬੱਦਲਾਂ ਦੇ ਉਹਲੇ ਚੰਨ ਹੋਵੇ ਨਾ।
ਅੱਖਾਂ ਭਰ-ਭਰ ਯਾਦਾਂ ‘ਚ ਕੋਈ ਰੋਵੇ ਨਾ।
ਹੌਕਿਆਂ ਦੀ ਅੱਗ ਨਹੀਂ ਬਾਲਣੀ
ਵੇ ਚੰਨਾ ਤੇਰੀ ਚਿੱਟੀ ਚਾਨਣੀ
ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ।