ਨਵੀਂ ਦਿੱਲੀ – ਦਾਤੀ ਮਹਾਰਾਜ ਦੇ ਖਿਲਾਫ਼ ਬਲਾਤਕਾਰ ਦਾ ਆਰੋਪ ਲਗਾਉਣ ਵਾਲੀ ਪੀੜਿਤ ਲੜਕੀ ਨੇ ਕਿਹਾ ਹੈ ਕਿ ਦਿੱਲੀ ਸਥਿਤ ਸ਼ਨੀਧਾਮ ਵਿੱਚ ਹੋਰ ਵੀ ਕਈ ਲੜਕੀਆਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨਾਲ ਗੱਲਤ ਕੰਮ ਕੀਤਾ ਜਾਂਦਾ ਹੈ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਅਸੌਲਾ ਅਤੇ ਸ਼ਨੀਧਾਮ ਵਿੱਚ ਛਾਪੇ ਮਾਰੇ ਹਨ। ਪੁਲਿਸ ਨੇ ਇਸ ਸਬੰਧੀ ਕਈ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਹੈ। ਸਥਾਨਕ ਅਤੇ ਦਿੱਲੀ ਪੁਲਿਸ ਵੱਲੋਂ ਪੀੜਿਤ ਅਤੇ ਉਸ ਦੇ ਪ੍ਰੀਵਾਰ ਨੂੰ ਸੁਰੱਖਿਆ ਮੁਹਈਆ ਕਰਵਾਉਣ ਦੇ ਬਾਵਜੂਦ ਉਸ ਦਾ ਕਹਿਣਾ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ।
ਅਪਰਾਧ ਸ਼ਾਖਾ ਦੇ ਅਧਿਕਾਰੀ ਅਨੁਸਾਰ ਸਨੇਹਾ ਨੇ ਬੁੱਧਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਸ਼ਨੀ ਧਾਮ ਵਿੱਚ ਲੜਕੀਆਂ ਨੂੰ ਬੰਧਕ ਬਣਾ ਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਜਾਂਦੀ ਹੈ। ਪੁਲਿਸ ਨੇ ਕੋਰਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਵੀਰਵਾਰ ਸ਼ਾਮ ਤੋਂ ਹੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਜੋ ਕਿ ਦੇਰ ਰਾਤ ਤੱਕ ਜਾਰੀ ਰਹੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਨੂੰ ਉਸ ਜਗ੍ਹਾ ਤੇ ਜਾ ਕੇ ਤਫ਼ਤੀਸ਼ ਕੀਤੀ ਜਾਵੇਗੀ, ਜਿੱਥੇ ਪੀੜਿਤ ਲੜਕੀ ਨੇ ਬਲਾਤਕਾਰ ਕਰਨ ਦੀ ਗੱਲ ਕੀਤੀ ਸੀ। ਅਪਰਾਧ ਸ਼ਾਖਾ ਦੀ ਟੀਮ ਜਲਦੀ ਹੀ ਪਾਲੀ, ਰਾਜਸਥਾਨ ਜਾਵੇਗੀ। ਜਿਵੇਂ-ਜਿਵੇਂ ਤੱਥ ਸਾਹਮਣੇ ਆਉਣਗੇ, ਉਸੇ ਹਿਸਾਬ ਨਾਲ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਦਿੱਲੀ ਦੇ ਛੱਤਰਪੁਰ ਸਥਿਤ ਸ਼ਨੀਧਾਮ ਮੰਦਿਰ ਦੇ ਸੰਸਥਾਪਕ ਦਾਤੀ ਮਹਾਰਾਜ ਉਰਫਲ ਮਦਨ ਲਾਲ ਤੇ ਦਰਜ਼ ਰੇਪ ਮਾਮਲੇ ਵਿੱਚ ਪੀੜਤ ਲੜਕੀ ਦੇ ਪਿਤਾ ਦਾ ਇੱਕ ਪੱਤਰ ਪੁਲਿਸ ਦੇ ਹੱਥ ਲਗਿਆ ਹੈ।ਇਸ ਪੱਤਰ ਤੇ ਕੋਈ ਤਾਰੀਖ ਨਹੀਂ ਹੈ ਪਰ ਇਸ ਵਿੱਚ ਦਾਤੀ ਮਹਾਰਾਜ ਦੀ ਜਮ ਕੇ ਤਾਰੀਫ਼ ਕੀਤੀ ਗਈ ਹੈ।
ਦਾਤੀ ਮਹਾਰਾਜ ਨੂੰ ਲਿਖੇ ਗਏ ਇਸ ਪੱਤਰ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਦਾਤੀ ਨੇ ਸਨੇਹਾ ਤੋਂ ਇਹ ਸਹੁੰ ਪੱਤਰ ਅਤੇ ਉਸ ਦੇ ਪਿਤਾ ਤੋਂ ਅਜਿਹਾ ਪੱਤਰ ਕਿਉਂ ਲਿਖਵਾਇਆ। ਪਿਤਾ ਵੱਲੋਂ ਲਿਖੇ ਗਏ ਪੱਤਰ ਤੇ ਉਸ ਦਾ ਅੰਗੂੰਠਾ ਲਗਿਆ ਹੋਇਆ ਹੈ।