ਲਖਨਊ – ਉਤਰਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਰਤਨ ਸੁਕਆਇਰ ਸਥਿਤ ਪਾਸਪੋਰਟ ਆਫ਼ਿਸ ਵਿੱਚ ਇੱਕ ਔਰਤ ਨੇ ਪਾਸਪੋਰਟ ਅਧਿਕਾਰੀ ਤੇ ਧਰਮ ਦੇ ਨਾਮ ਤੇ ਅਪਮਾਨਿਤ ਕਰਨ ਦਾ ਆਰੋਪ ਲਗਾਇਆ ਹੈ। ਉਸ ਨੇ ਇਸ ਸਬੰਧੀ ਪ੍ਰਧਾਨਮੰਤਰੀ ਦਫ਼ਤਰ ਅਤੇ ਵਿਦੇਸ਼ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਟਵੀਟ ਕੀਤਾ ਹੈ।
ਲਖਨਊ ਨਿਵਾਸੀ ਤਨਵੀ ਸੇਠ ਨੇ 2007 ਵਿੱਚ ਅਨਸ ਸਦੀਕੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੀ 6 ਸਾਲ ਦੀ ਬੱਚੀ ਵੀ ਹੈ। ਤਨਵੀ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਊਹ ਤਿੰਨੇ ਜਾਣੇ ਪਾਸਪੋਰਟ ਆਫਿ਼ਸ ਵਿੱਚ ਪਾਸਪੋਰਟ ਬਣਵਾਉਣ ਲਈ ਗਏ ਸਨ। ਉਨ੍ਹਾਂ ਅਨੁਸਾਰ ਪਹਿਲੇ ਦੋ ਕਾਊਂਟਰਾਂ ਤੇ ਦਰਖਾਸਤ ਦੀ ਪ੍ਰਕਿਰਿਆ ਪੂਰੀ ਹੋ ਗਈ ਸੀ। ਲੇਕਿਨ ਜਦੋਂ ਉਹ ਤੀਸਰੇ ਕਾਊਂਟਰ ਤੇ ਪਾਸਪੋਰਟ ਅਧਿਕਾਰੀ ਵਿਕਾਸ ਮਿਸ਼ਰ ਦੇ ਕੋਲ ਗਈ ਤਾਂ ਉਹ ਧਰਮ ਨੂੰ ਲੈ ਕੇ ਉਸ ਨੂੰ ਅਪਮਾਨਿਤ ਕਰਨ ਲਗੇ।
ਤਨਵੀ ਨੇ ਆਰੋਪ ਲਗਾਇਆ ਕਿ ਉਥੇ ਮੌਜੂਦ ਕੁਝ ਹੋਰ ਕਰਮਚਾਰੀ ਵੀ ਉਸ ਦਾ ਮਜ਼ਾਕ ਉਡਾਉਣ ਲਗ ਗਏ। ਜਦੋਂ ਊਹ ਕਾਊਂਟਰ ਸੀ-5 ਤੇ ਪਹੁੰਚੀ ਤਾਂ ਸਥਿਤੀ ਹੋਰ ਵੀ ਖਰਾਬ ਹੋ ਗਈ। ਵਿਕਾਸ ਮਿਸ਼ਰ ਨੇ ਸਾਰਾ ਪੇਪਰ ਵਰਕ ਚੈਕ ਕਰਨ ਤੋਂ ਬਾਅਦ ਮੁਸਲਮਾਨ ਨਾਲ ਸ਼ਾਦੀ ਕਰਨ ਬਾਰੇ ਉਸ ਨੂੰ ਜਵਾਬ-ਸਵਾਲ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਇਸ ਰਵਈਏ ਤੇ ਤਨਵੀ ਨੂੰ ਬਹੁਤ ਦੁੱਖ ਹੋਇਆ। ਇਸ ਦੌਰਾਨ ਊਸ ਦੇ ਪਤੀ ਅਨਸ ਸਦੀਕੀ ਵੀ ਉਸ ਦੇ ਕੋਲ ਪਹੁੰਚ ਗਏ।
ਪਾਸਪੋਰਟ ਅਧਿਕਾਰੀ ਵਿਕਾਸ ਤੇ ਇਹ ਆਰੋਪ ਹੈ ਕਿ ਉਸ ਨੇ ਇਸ ਕਪਲ ਨੂੰ ਬੇਇਜ਼ਤ ਕਰਦੇ ਹੋਏ ਇੱਕ ਹੀ ਸਰਨੇਮ ਰੱਖਣ ਦੀ ਸਲਾਹ ਵੀ ਦਿੱਤੀ। ਤਨਵੀ ਅਤੇ ਅਨਸ ਨੇ ਇਸ ਦਾ ਵਿਰੋਧ ਕੀਤਾ। ਨੋਇਡਾ ਵਿੱਚ ਇੱਕ ਬਹੁਰਾਸ਼ਟਰੀ ਕੰਪਨੀ ਵਿੱਚ ਕੰਪਿਊਟਰ ਇੰਜਨੀਅਰ ਅਨਸ ਨੇ ਅਧਿਕਾਰੀ ਦੀ ਇਸ ਕਾਰਵਾਈ ਤੇ ਇਤਰਾਜ਼ ਜਾਹਿਰ ਕੀਤਾ।