ਫ਼ਤਹਿਗੜ੍ਹ ਸਾਹਿਬ – “ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਪੰਜਾਬੀਆਂ ਅਤੇ ਸਿੱਖਾਂ ਨਾਲ ਇਹ ਦਾਅਵੇ ਕਰਦੀ ਹੈ ਕਿ ਪੰਜਾਬ ਵਿਚ ਰੇਤ ਮਾਫੀਆ ਅਤੇ ਹੋਰ ਬਦਮਾਸ਼ਾਂ, ਗੈਗਸਟਰਾਂ ਨੂੰ ਇਥੋਂ ਦੇ ਮਾਹੌਲ ਨੂੰ ਬਿਲਕੁਲ ਵੀ ਗੰਧਲਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਨਾ ਹੀ ਇਨ੍ਹਾਂ ਨੂੰ ਕੋਈ ਗੈਰ-ਕਾਨੂੰਨੀ ਕਾਰਵਾਈ ਕਰਨ ਦਿੱਤੀ ਜਾਵੇਗੀ । ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਰੋਪੜ ਵਿਧਾਨ ਸਭਾ ਹਲਕੇ ਤੋਂ ਜਿੱਤੇ ਐਮ.ਐਲ.ਏ. ਸ. ਅਮਰਜੀਤ ਸਿੰਘ ਸੰਦੋਆ ਨੂੰ ਬੀਤੀ 18 ਜੂਨ ਨੂੰ ਨੂਰਪੁਰ ਬੇਦੀ ਦੇ ਰੇਤ-ਮਾਫੀਆ ਦੇ ਬਦਮਾਸ਼ਾਂ ਵੱਲੋਂ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸਦੀ ਦਸਤਾਰ ਵੀ ਪੈਰਾ ਵਿਚ ਰੋਲੀ ਗਈ । ਇਥੇ ਹੀ ਬਸ ਨਹੀਂ, ਜੰਗਲਾਤ ਮਹਿਕਮੇ ਦੇ ਦੋ ਅਫ਼ਸਰ ਜਿਨ੍ਹਾਂ ਵਿਚ ਇਕ ਫੋਰੈਸਟ ਅਫ਼ਸਰ ਨੂੰ ਬਹੁਤ ਬੁਰੀ ਤਰ੍ਹਾਂ ਜਖ਼ਮੀ ਕੀਤਾ ਗਿਆ । ਲਾਠੀਆ ਅਤੇ ਤੇਜ ਹਥਿਆਰ ਦੀ ਨੋਕ ਨਾਲ ਤਸੱਦਦ ਕੀਤਾ ਗਿਆ । ਜਦੋਂ ਇਕ ਐਮ.ਐਲ.ਏ. ਅਤੇ ਜੰਗਲਾਤ ਮਹਿਕਮੇ ਦੇ ਅਫ਼ਸਰ ਹੀ ਇਸ ਰੇਤ-ਮਾਫ਼ੀਆ ਦੇ ਬਦਮਾਸਾਂ ਦੇ ਜ਼ਬਰ-ਜੁਲਮਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੁਰੱਖਿਅਤ ਨਹੀਂ ਕਰ ਸਕੀ ਤਾਂ ਕਿਸੇ ਆਮ ਆਦਮੀ ਨਾਲ ਇਹ ਰੇਤ ਮਾਫ਼ੀਆ ਅਤੇ ਬਦਮਾਸ ਕਿਹੋ ਜਿਹਾ ਵਰਤਾਅ ਕਰਨਗੇ, ਉਸਦੀ ਤਸਵੀਰ ਸਪੱਸਟ ਹੈ । ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਵਿਚ ਅਮਨ-ਚੈਨ, ਮਨੁੱਖੀ ਹੱਕਾਂ ਦੀ ਰਾਖੀ ਤੇ ਆਜ਼ਾਦੀ ਦੀ ਗੱਲ ਕਿਸ ਦਲੀਲ ਨਾਲ ਕਰਦੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫੇਸਬੁੱਕ ਤੇ ਉਪਰੋਕਤ ਸ. ਅਮਰਜੀਤ ਸਿੰਘ ਸੰਦੋਆ ਐਮ.ਐਲ.ਏ. ਦੀ ਹੋ ਰਹੀ ਅਣਮਨੁੱਖੀ ਢੰਗਾਂ ਰਾਹੀ ਕੁੱਟਮਾਰ ਨੂੰ ਦੇਖਣ ਉਪਰੰਤ ਅਤੇ ਰੇਤ ਮਾਫ਼ੀਆ ਵੱਲੋਂ ਕੀਤੀ ਜਾ ਰਹੀ ਬਦਮਾਸ਼ੀ ਅਤੇ ਗੈਰ-ਕਾਨੂੰਨੀ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਖੋਖਲੇ ਦਾਅਵਿਆ ਦਾ ਮਜਾਕ ਉਡਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਜਨਮ ਤੋਂ ਹੀ ਮਨੁੱਖੀ ਹੱਕਾਂ ਦੀ ਰਖਵਾਲੀ, ਆਜ਼ਾਦੀ, ਅਮਨ-ਚੈਨ ਅਤੇ ਕਾਨੂੰਨ ਦੇ ਰਾਜ, ਸਮਾਜਿਕ ਕਦਰਾ-ਕੀਮਤਾ ਵਾਲੇ ਮਾਹੌਲ ਦੀ ਪੈਰਵੀ ਕਰਦਾ ਆ ਰਿਹਾ ਹੈ ਅਤੇ ਬਣਨ ਵਾਲੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਵਿਚ ਉਪਰੋਕਤ ਸਭ ਮਨੁੱਖੀ ਨਿਯਮਾਂ ਅਤੇ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਸਟੇਟ ਕਾਇਮ ਕਰਨ ਦਾ ਚਾਹਵਾਨ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜੋ ਆਗੂ ਅਤੇ ਪਾਰਟੀਆਂ ਸਾਡੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦਾ ਬਿਨ੍ਹਾਂ ਕਿਸੇ ਦਲੀਲ ਆਦਿ ਦੇ ਕੇਵਲ ਸਿੱਖ ਕੌਮ ਨਾਲ ਮੰਦਭਾਵਨਾ ਅਧੀਨ ਪ੍ਰਚਾਰ ਕਰਦੇ ਰਹਿੰਦੇ ਹਨ ਅਤੇ ਜਿਨ੍ਹਾਂ ਦਾ ਬੀਤੇ ਸਮੇਂ ਵਿਚ ਵੀ ਅਤੇ ਅੱਜ ਵੀ ਪੰਜਾਬ ਵਿਚ ਹਕੂਮਤ ਹੈ । ਉਹ ਆਗੂ ਅਤੇ ਪਾਰਟੀਆ ਤਾਂ ਬੀਤੇ ਸਮੇਂ ਵਿਚ ਵੀ ਅਤੇ ਅੱਜ ਵੀ ‘ਜੰਗਲ ਦੇ ਰਾਜ’ ਵਾਲੀਆ ਤਾਨਾਸ਼ਾਹੀ ਮਨੁੱਖਤਾ ਵਿਰੋਧੀ ਨੀਤੀਆ ਉਤੇ ਅਮਲ ਕਰਦੇ ਆ ਰਹੇ ਹਨ, ਜੋ ਗੁਰੂ ਸਾਹਿਬਾਨ ਦੀ ਪਵਿੱਤਰ ਧਰਤੀ ਅਤੇ ਫਿਜਾ ਵਿਚ ਕਤਈ ਵੀ ਨਾ ਤਾਂ ਪ੍ਰਵਾਨ ਹੋ ਸਕਦੇ ਹਨ ਅਤੇ ਨਾ ਹੀ ਅਜਿਹੇ ਦੋਸ਼ਪੂਰਨ ਨਿਜਾਮ ਨੂੰ ਕੋਈ ਮਨੁੱਖ ਜਾਂ ਤਾਕਤ ਮਨੁੱਖਤਾ ਪੱਖੀ ਕਹਿ ਸਕਦੀ ਹੈ। ਸ. ਮਾਨ ਨੇ ਆਮ ਆਦਮੀ ਪਾਰਟੀ ਦੇ ਕਰਤਾ-ਧਰਤਿਆ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਉਪਰੋਕਤ ਐਮ.ਐਲ.ਏ. ਨਾਲ ਹੋਏ ਅਣਮਨੁੱਖੀ ਵਿਵਹਾਰ ਸੰਬੰਧੀ ਕਤਈ ਵੀ ਦੋਸ਼ੀਆਂ ਨੂੰ ਮੁਆਫ਼ ਨਹੀਂ ਕਰਨਾ ਚਾਹੀਦਾ ਅਤੇ ਸੰਬੰਧਤ ਰੋਪੜ ਜਿ਼ਲ੍ਹੇ ਦੀ ਪੁਲਿਸ ਨੂੰ ਨਿਰਪੱਖਤਾ ਨਾਲ ਅਮਲ ਕਰਦੇ ਹੋਏ ਦੋਸ਼ੀ ਤਾਕਤਾਂ ਵਿਰੁੱਧ ਤੁਰੰਤ ਕਾਰਵਾਈ ਕਰਨੀ ਬਣਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀ ਦੇ ਵਿਰੁੱਧ ਹੈ । ਜਿਥੇ ਵੀ ਕਿਸੇ ਇਨਸਾਨ ਨਾਲ ਅਜਿਹਾ ਦੁਰਵਿਹਾਰ ਤੇ ਜ਼ਬਰ-ਜੁਲਮ ਹੋਵੇਗਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸ ਜ਼ਬਰ ਵਿਰੁੱਧ ਆਵਾਜ਼ ਉਠਾਉਣ ਤੇ ਸਹਿਯੋਗ ਕਰਨ ਨੂੰ ਆਪਣਾ ਫਰਜ ਸਮਝੇਗਾ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸੰਬੰਧਤ ਆਮ ਆਦਮੀ ਪਾਰਟੀ ਇਸ ਉਪਰੋਕਤ ਵਿਸ਼ੇ ਨੂੰ ਗੰਭੀਰਤਾ ਨਾਲ ਲੈਦੀ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅੰਦਰ ਰੇਤ-ਮਾਫ਼ੀਆ, ਗੈਗਸਟਰ ਅਤੇ ਹੋਰ ਬਦਮਾਸ਼ਾਂ ਵੱਲੋ ਕੀਤੇ ਜਾ ਰਹੇ ਗੈਰ-ਕਾਨੂੰਨੀ ਕੰਮਾਂ ਵਿਰੁੱਧ ਇਕ ਲਹਿਰ ਬਣਾਉਦੇ ਹੋਏ ਜੂਝੇਗੀ ਅਤੇ ਇਨਸਾਫ਼ ਪ੍ਰਾਪਤ ਕਰੇਗੀ ।