ਵਾਸ਼ਿੰਗਟਨ – ਅਮਰੀਕਾ ਨੇ ਦੁਨੀਆਂਭਰ ਦੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਗਾਮੀ 4 ਨਵੰਬਰ ਤੱਕ ਈਰਾਨ ਤੋਂ ਤੇਲ ਖ੍ਰੀਦਣਾ ਬੰਦ ਕਰ ਦੇਣ ਜਾਂ ਫਿਰ ਅਮਰੀਕਾ ਦੁਆਰਾ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਟਰੰਪ ਪ੍ਰਸ਼ਾਸਨ ਦਾ ਅਸਲੀ ਮਕਸਦ ਈਰਾਨ ਨੂੰ ਆਰਥਿਕ ਮੋਰਚੇ ਤੇ ਅਲੱਗ-ਥਲੱਗ ਕਰਨਾ ਹੈ। ਯੂਐਸ ਦੇ ਇਸ ਫੈਂਸਲੇ ਨਾਲ ਭਾਰਤ ਦੇ ਹਿੱਤ ਵੀ ਪ੍ਰਭਾਵਿਤ ਹੋ ਸਕਦੇ ਹਨ।
ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਵਿਸ਼ਵ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਰਾਨ ਤੇ ਇਹ ਦਬਾਅ ਬਣਾਇਆ ਜਾ ਰਿਹਾ ਹੈ। ਇਹ ਪੁੱਛੇ ਜਾਣ ਤੇ ਕਿ ਭਾਰਤ ਅਤੇ ਚੀਨ ਤੇ ਵੀ ਇਹ ਰੋਕਾਂ ਲਗਾਈਆਂ ਜਾਣਗੀਆਂ ਤਾਂ ਅਧਿਕਾਰੀ ਨੇ ਕਿਹਾ ਕਿ ਇਹ ਸੱਭ ਦੇਸ਼ਾਂ ਤੇ ਲਾਗੂ ਹੋਵੇਗਾ। ਅਮਰੀਕਾ ਨੇ ਕਿਹਾ ਕਿ ਅਸੀਂ ਈਰਾਨ ਦੀ ਫੰਡਿੰਗ ਦੇ ਹਰ ਸਰੋਤ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਾਂ ਤਾਂ ਕਿ ਪੂਰੀ ਦੁਨੀਆਂ ਵਿੱਚ ਈਰਾਨ ਦੀ ਛੱਵੀ ਉਜਾਗਰ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਮੱਧ-ਪੂਰਬ ਦੇ ਲਈ ਅਗਲੇ ਹਫ਼ਤੇ ਇੱਕ ਪ੍ਰਤੀਨਿਧੀ ਮੰਡਲ ਰਵਾਨਾ ਹੋਵੇਗਾ। ਇਹ ਪ੍ਰਤੀਨਿਧੀ ਮੰਡਲ ਇਸ ਸਾਲ 4 ਨਵੰਬਰ ਤੋਂ ਈਰਾਨ ਤੇ ਨਵੇਂ ਸਿਰੇ ਤੋਂ ਪਾਬੰਦੀਆਂ ਲਾਗੂ ਕਰ ਦੇਵੇਗਾ। ਅਮਰੀਕਾ ਚਾਹੁੰਦਾ ਹੈ ਕਿ ਚੀਨ ਅਤੇ ਭਾਰਤ ਦੀਆਂ ਕੰਪਨੀਆਂ ਈਰਾਨ ਤੋਂ ਤੇਲ ਖ੍ਰੀਦਣਾ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਣ।