ਨਵੀਂ ਦਿੱਲੀ : ਸੰਯੁਕਤ ਰਾਸ਼ਟਰ ’ਚ ਅਮਰੀਕੀ ਸਫੀਰ ਨਿੱਕੀ ਹੇਲੀ ਨੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਗੁਰੂ ਮਹਾਰਾਜ ਜੀ ਦੇ ਚਰਨਾਂ ’ਚ ਅਕੀਦਾ ਭੇਟ ਕੀਤਾ। ਭਾਰਤ ਯਾਤਰਾ ’ਤੇ ਆਈ ਹੇਲੀ ਨੇ ਗੁਰਦੁਆਰਾ ਸਾਹਿਬ ’ਚ ਲੰਗਰ ਪਕਾਉਣ ਦੀ ਸੇਵਾ ਦੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਹੱਥੀ ਸੇਵਾ ਵੀ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹੇਲੀ ਅਤੇ ਭਾਰਤ ’ਚ ਅਮਰੀਕੀ ਸਫੀਰ ਕੇਨੀਥ ਜੇਸ਼ਟਰ ਨੂੰ ਸਿਰਪਾਉ, ਸ਼ਾਲ, ਨਾਨਕਸ਼ਾਹੀ ਸਿੱਕਾ ਤੇ ਇਤਿਹਾਸਿਕ ਪੁਸਤਕਾਂ ਦਾ ਸੈਟ ਭੇਟ ਕਰਕੇ ਸਨਮਾਨਿਤ ਕੀਤਾ।
ਕਮੇਟੀ ਪ੍ਰਬੰਧਕਾਂ ਨੇ ਅਮਰੀਕਾ ਦੀ ਔਰੇਗਨ ਸੂਬੇ ਦੀ ਸੰਘੀ ਜੇਲ੍ਹ ’ਚ ਬੰਦ 52 ਭਾਰਤੀਆਂ ਸਣੇ ਅਮਰੀਕੀ ਸਿੱਖਾਂ ਦੇ ਮਸਲਿਆਂ ਨੂੰ ਚੁੱਕਦੇ ਹੋਏ ਇਸ ਮਾਮਲੇ ’ਚ ਹੈਲੀ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਹੇਲੀ ਨੇ ਇਸ ਮਸਲੇ ’ਚ ਜੇਸਟਰ ਨਾਲ ਮੁਲਾਕਾਤ ਕਰਨ ਦੀ ਕਮੇਟੀ ਪ੍ਰਬੰਧਕਾਂ ਨੂੰ ਸਲਾਹ ਦਿੱਤੀ ਹੈ। ਇਸ ਮੁਲਾਕਾਤ ਬਾਰੇ ਮੀਡੀਆ ਨੂੰ ਜਾਣਕਾਰੀ ਦੇਣ ਲਈ ਜੀ.ਕੇ. ਅਤੇ ਸਿਰਸਾ ਨੇ ਪੱਤਰਕਾਰਾਂ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੰਬੋਧਿਤ ਕੀਤਾ।
ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ ’ਚ ਅਵੈਧ ਤਰੀਕੇ ਨਾਲ ਵੀਜਾ ਪ੍ਰਾਪਤ ਕਰਨ ਲਈ ਆਉਣ ਵਾਲੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਖਿਲਾਫ਼ ਕਾਰਵਾਈ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵੇਲੇ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈ.ਸੀ.ਈ.) ਵਿਭਾਗ ਨੇ 16 ਦੇਸ਼ਾਂ ਦੇ 1600 ਵਿਦੇਸ਼ੀ ਲੋਕਾਂ ਨੂੰ ਅਮਰੀਕਾ ’ਚ ਅਵੈਧ ਤਰੀਕੇ ਰਾਹੀਂ ਦਾਖਲ ਹੋਣ ਦੇ ਜੁਰਮ ’ਚ ਜੇਲ੍ਹਾਂ ’ਚ ਹਿਰਾਸਤ ’ਚ ਰੱਖਿਆ ਹੋਇਆ ਹੈ। ਜਿਸ ’ਚੋਂ 52 ਭਾਰਤੀਆਂ ਸਣੇ 123 ਲੋਕ ਔਰੇਗਨ ਸੂਬੇ ਦੀ ਜੇਲ੍ਹ ’ਚ ਨਜ਼ਰਬੰਦ ਹਨ। 52 ਭਾਰਤੀਆਂ ਦੇ ਹਿਰਾਸਤ ’ਚ ਹੋਣ ਦਾ ਖੁਲਾਸਾ ਬੀਤੇ ਦਿਨੀਂ ਡੈਮੋਕ੍ਰੇਟ ਸਾਂਸਦਾ ਦੇ ਦਲ ਨੇ ਔਰੇਗਨ ਦੇ ਇੱਕ ਹਿਰਾਸਤੀ ਕੇਂਦਰ ਦਾ ਦੌਰਾ ਕਰਨ ਉਪਰੰਤ ਕੀਤਾ ਸੀ। ਇਸ ਸਬੰਧੀ ਕਾਂਗਰਸਮੈਨ ਸੁਜ਼ੈਨ ਬੋਨਾਮਿਕ ਨੇ ਬਲਾੱਗ ਲਿੱਖ ਕੇ 52 ਭਾਰਤੀਆਂ ਦੇ ਤਰਸ਼ਯੋਗ ਹਾਲਾਤਾਂ ’ਚ ਰਹਿਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।
ਬੋਨਾਮਿਕ ਅਨੁਸਾਰ ਸਮੂਹ 52 ਭਾਰਤੀ ਸਿੱਖ ਅਤੇ ਇਸਾਈ ਧਰਮ ਨਾਲ ਸਬੰਧ ਰੱਖਣ ਵਾਲੇ ਹਨ।ਭਾਰਤ ’ਚ ਘੱਟਗਿਣਤੀ ਕੌਮਾਂ ਨਾਲ ਹੁੰਦੇ ਭੇਦਭਾਵ ਦਾ ਹਵਾਲਾ ਦੇ ਕੇ ਉਕਤ ਭਾਰਤੀ ਅਮਰੀਕਾ ’ਚ ਸਿਆਸੀ ਪਨਾਹ ਮੰਗ ਰਹੇ ਹਨ। ਇਹ ਭਾਰਤੀ ਲੋਕ ਇੱਥੇ ਧਾਰਮਿਕ ਆਜ਼ਾਦੀ ਪ੍ਰਾਪਤ ਕਰਨ ਦੀ ਸੋਚ ਲੈ ਕੇ ਆਏ ਸਨ ਪਰ ਟ੍ਰੰਪ ਸਰਕਾਰ ਨੇ ਇਨ੍ਹਾਂ ਨੂੰ ਛੋਟੇ ਪਿੰਜ਼ਰੇਨੁਮਾ ਸੇਲ ’ਚ ਬੰਦ ਕਰ ਦਿੱਤਾ ਹੈ। ਬੋਨਾਮਿਕ ਨੇ ਆਪਣੇ ਬਲਾੱਗ ’ਚ ਇਹ ਵੀ ਦੱਸਿਆ ਹੈ ਕਿ ਦੂਜੇ ਦੇਸ਼ਾ ਦੇ ਮੁਕਾਬਲੇ ਭਾਰਤੀ ਬੰਦੀਆਂ ਨੂੰ ਇੱਕ ਦਿਨ ਦੌਰਾਨ ਜਿਆਦਾ ਸਮੇਂ ਲਈ ਪਿੰਜਰੇ ’ਚ ਬੰਦ ਰੱਖਿਆ ਜਾ ਰਿਹਾ ਹੈ ਅਤੇ ਇਹਨਾਂ ਦੀਆਂ ਪਤਨੀਆਂ ਅਤੇ ਬੱਚਿਆਂ ਨੂੰ ਸਰਕਾਰ ਨੇ ਕਿੱਥੇ ਰੱਖਿਆ ਹੈ ਉਸ ਬਾਰੇ ਵੀ ਕੋਈ ਜਾਣਕਾਰੀ ਇਨ੍ਹਾਂ ਨੂੰ ਨਹੀਂ ਦਿੱਤੀ ਜਾ ਰਹੀ।
ਜੀ.ਕੇ. ਨੇ ਕਿਹਾ ਕਿ ਹੇਲੀ ਨਾਲ ਅਸੀਂ ਅਮਰੀਕਾ ਦੇ ਸਿੱਖਾਂ ਦੀਆਂ ਪਰੇਸ਼ਾਨੀਆਂ ਬਾਰੇ ਚਰਚਾ ਕੀਤੀ ਹੈ। ਖਾਸ ਕਰਕੇ 52 ਭਾਰਤੀਆਂ ਦੀ ਹਿਰਾਸਤ ਅਤੇ ਸਿੱਖ ਪੱਛਾਣ ਬਾਰੇ ਗੱਲਬਾਤ ਹੋਈ। ਹੇਲੀ ਨੇ ਇਸ ਸਬੰਧੀ ਜੇਸਟਰ ਨਾਲ ਗੱਲਬਾਤ ਕਰਨ ਲਈ ਕਿਹਾ। ਇਸ ਲਈ ਅਸੀਂ ਛੇਤੀ ਦਿੱਲੀ ਸਥਿਤ ਅਮਰੀਕੀ ਦੂਤਘਰ ਨਾਲ ਸੰਪਰਕ ਕਰਾਂਗੇ। ਇਸਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨਾਲ ਮਿਲਣ ਦੀ ਕਮੇਟੀ ਇਸ ਮਾਮਲੇ ’ਚ ਕੋਸ਼ਿਸ਼ ਕਰੇਗੀ।
ਸਿਰਸਾ ਨੇ ਅਵੈਧ ਤਰੀਕੇ ਨਾਲ ਅਮਰੀਕਾ ’ਚ ਆਏ ਭਾਰਤੀ ਲੋਕਾਂ ਦਾ ਬਚਾਵ ਕਰਦੇ ਹੋਏ ਕਿਹਾ ਕਿ ਇਹ ਅਪਰਾਧੀ ਨਹੀਂ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਨੂੰ ਆਪਣੀ ਗੱਲ ਕਹਿਣ ਵਾਸਤੇ ਕਾਨੂੰਨੀ ਮਦਦ ਵੀ ਨਹੀਂ ਦਿੱਤੀ ਜਾ ਰਹੀ। ਸਿਰਸਾ ਨੇ ਕਿਹਾ ਕਿ ਇਨ੍ਹਾਂ ਨੂੰ ਭਾਰਤੀ ਦੂਤਘਰ ਨਾਲ ਸੰਪਰਕ ਕਰਨ ਦੀ ਛੋਟ ਦੇਣ ਦੇ ਨਾਲ ਹੀ ਆਪਣਾ ਪੱਖ ਰੱਖਣ ਲਈ ਕਾਨੂੰਨੀ ਮਦਦ ਟ੍ਰੰਪ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਹੈ। ਅਮਰੀਕਾ ’ਚ ਗਲਤ ਪੱਛਾਣ ਕਰਕੇ ਸਿੱਖਾਂ ’ਤੇ ਹੋ ਰਹੇ ਨਸਲੀ ਹੱਮਲੇ ਬਾਰੇ ਵੀ ਅਮਰੀਕੀ ਸਫੀਰ ਨਾਲ ਮੁਲਾਕਾਤ ਦੌਰਾਨ ਸਿਰਸਾ ਨੇ ਗੱਲਬਾਤ ਕਰਨ ਦੀ ਗੱਲ ਕਹੀ।