ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ’ਚ ਅੱਜ ਕਈ ਆਗੂਆਂ ਦੀ ਘਰ ਵਾਪਸੀ ਹੋਈ। ਜਿਸ ’ਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਸਾਬਕਾ ਦਿੱਲੀ ਕਮੇਟੀ ਮੈਂਬਰ ਤਨਵੰਤ ਸਿੰਘ, ਬਖਸ਼ੀਸ਼ ਸਿੰਘ ਰੋਹਿਣੀ, ਸਰਨਾ ਦਲ ਦੀ ਯੂਥ ਵਿੰਗ ਦੇ ਸਾਬਕਾ ਕੌਮੀ ਪ੍ਰਧਾਨ ਹਰਪ੍ਰੀਤ ਸਿੰਘ ਰਾਜਾ ਅਤੇ ਅਕਾਲੀ ਆਗੂ ਅਮਰਜੀਤ ਸਿੰਘ ਲਿਬਾਸਪੁਰੀ ਸ਼ਾਮਿਲ ਹਨ। ਦਰਅਸਲ ਰਾਜਾ ਅਤੇ ਤਨਵੰਤ ਨੂੰ ਛੱਡ ਕੇ ਬਾਕੀ ਤਿੰਨੋਂ ਅਕਾਲੀ ਆਗੂਆਂ ਨੂੰ 2017 ਦੀਆਂ ਕਮੇਟੀ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਦੇ ਖਿਲਾਫ਼ ਕਾਰਜ ਕਰਨ ਲਈ ਪਾਰਟੀ ਤੋਂ 6 ਸਾਲ ਲਈ ਛੇਕਿਆ ਗਿਆ ਸੀ। ਜਦਕਿ ਤਨਵੰਤ ਨੂੰ ਆਦਰਸ਼ ਵਿਵਹਾਰ ਦੀ ਮਰਯਾਦਾ ਭੰਗ ਕਰਨ ਦਾ ਦੋਸ਼ ਲਗਾ ਕੇ ਪਾਰਟੀ ’ਚੋਂ ਕੱਢਿਆ ਗਿਆ ਸੀ। ਰਾਜਾ ਹਰਪ੍ਰੀਤ ਸਿੰਘ ਪਾਰਟੀ ਨੂੰ 2012 ’ਚ ਖੁਦ ਅਲਵਿਦਾ ਕਹਿਕੇ ਸਰਨਾ ਦਲ ’ਚ ਸ਼ਾਮਲ ਹੋਏ ਸਨ। ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਪ੍ਰਭਾਰੀ ਬਲਵਿੰਦਰ ਸਿੰਘ ਭੁੰਦੜ ਨੇ ਪਾਰਟੀ ’ਚ ਸ਼ਾਮਲ ਕੀਤੇ ਗਏ ਆਗੂਆਂ ਨੂੰ ਸ਼ਾਲ ਪਾ ਕੇ ਪਾਰਟੀ ’ਚ ਜੀ ਆਇਆ ਕਿਹਾ।
ਇਥੇ ਦੱਸ ਦੇਈਏ ਕਿ ਬੀਤੇ ਦਿਨੀਂ ਅਕਾਲੀ ਦਲ ਦੀ ਕੋਰ ਕਮੇਟੀ ’ਚ ਪਾਰਟੀ ’ਚੋਂ ਕੱਢੇ ਗਏ ਜਾਂ ਪਾਰਟੀ ਛੱਡ ਗਏ ਆਗੂਆਂ ਵੱਲੋਂ ਪਾਰਟੀ ’ਚ ਵਾਪਸ ਆਉਣ ਵਾਸਤੇ ਕੀਤੀ ਜਾ ਰਹੀਆਂ ਬੇਨਤੀਆਂ ’ਤੇ ਵਿਚਾਰ ਚਰਚਾ ਹੋਈ ਸੀ। ਜਿਸ ਉਪਰੰਤ ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਮਹਿੰਦਰ ਪਾਲ ਸਿੰਘ ਚੱਢਾ, ਪ੍ਰਿਤਪਾਲ ਸਿੰਘ ਕਪੂਰ ਆਦਿਕ ’ਤੇ ਆਧਾਰਿਤ ਕਮੇਟੀ ਨੂੰ ਇਸ ਸਬੰਧੀ ਫੈਸਲਾ ਲੈਣ ਦੇ ਅਧਿਕਾਰ ਦਿੱਤੇ ਗਏ ਸਨ। ਕਮੇਟੀ ਵੱਲੋਂ ਲਿਖਤੀ ਅਰਜੀਆਂ ਲੈਣ ਉਪਰੰਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪ੍ਰਵਾਨਗੀ ਲੈਣ ਉਪਰੰਤ ਉਕਤ ਆਗੂਆਂ ਨੂੰ ਪਾਰਟੀ ਦਾ ਮੁੜ੍ਹ ਤੋਂ ਹਿੱਸਾ ਬਣਾਇਆ ਗਿਆ ਹੈ।
ਇਸ ਬਾਰੇ ਬੋਲਦੇ ਹੋਏ ਜੀ. ਕੇ. ਨੇ ਕਿਹਾ ਕਿ ਪਾਰਟੀ ਦੇ ਵਿੱਚ ਰਹਿਕੇ ਪਾਰਟੀ ਦੇ ਖਿਲਾਫ਼ ਕਾਰਜ ਕਰਨ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਹੀ ਦੋਸ਼ੀ ਆਗੂਆਂ ਨੂੰ ਪਾਰਟੀ ’ਚੋਂ ਬਾਹਰ ਕੱਢਿਆ ਗਿਆ ਸੀ। ਕੋਈ ਵੀ ਪਾਰਟੀ ਬਿਨਾਂ ਅਨੁਸ਼ਾਸਨ ਦੇ ਨਹੀਂ ਚਲ ਸਕਦੀ। ਜੇਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਸੂਬੇ ਦੇ 5 ਵਾਰ ਮੁੱਖਮੰਤਰੀ ਬਣੇ ਤਾਂ ਇਸ ਪਿੱਛੇ ਪਾਰਟੀ ਕਾਰਕੁਨਾਂ ਦੀ ਮਿਹਨਤ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਜੇਕਰ ਪਾਰਟੀ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਵੱਜੋਂ ਸੇਵਾ ਕਰਨ ਦਾ ਮੈਨੂੰ ਮੌਕਾ ਦਿੱਤਾ ਹੈ ਤਾਂ ਮੇਰਾ ਮੁੱਢਲਾ ਫਰਜ ਹੈ ਕਿ ਕੌਮ ਅਤੇ ਪਾਰਟੀ ਦੇ ਵਕਾਰ ਨੂੰ ਢਾਹ ਲਾਉਣ ਦੀ ਕੋਈ ਕਾਰਗੁਜਾਰੀ ਮੇਰੇ ਹਿੱਸੇ ਨਾ ਆਏ।
ਭੁੰਦੜ ਨੇ ਕਿਹਾ ਕਿ ਦਿੱਲੀ ਵਿਖੇ ਦਿੱਲੀ ਕਮੇਟੀ ਅਤੇ ਅਕਾਲੀ ਦਲ ਦੀ ਟੀਮ ਬੇਮਿਸਾਲ ਕਾਰਜ ਕਰ ਰਹੀ ਹੈ। ਦਿੱਲੀ ਟੀਮ ਨੇ ਹਮੇਸ਼ਾ ਪੰਥ ਦੀ ਚੜ੍ਹਦੀਕਲਾ ਲਈ ਆਪਣੀ ਸਰਗਰਮ ਭੂਮਿਕਾ ਨਿਭਾਉਣ ’ਚ ਕਦੇ ਕੁਤਾਹੀ ਨਹੀਂ ਵਰਤੀ। ਇਸ ਕਰਕੇ ਪਾਰਟੀ ਦੇ ਪਰਿਵਾਰ ਨੂੰ ਵੱਡਾ ਕਰਨਾ ਸਾਡੀ ਜਿੰਮੇਵਾਰੀ ਹੈ। ਸਾਨੂੰ ਪਤਾ ਹੈ ਕਿ ਸਾਡੇ ਅੱਜ ਦੇ ਫੈਸਲੇ ਨਾਲ ਸਾਡੇ ਆਪਣੇ ਕਈ ਆਗੂ ਸਹਿਮਤ ਨਹੀਂ ਹੋਣਗੇ। ਕਿਉਂਕਿ ਪਾਰਟੀ ਦੇ ਖਿਲਾਫ਼ ਕਾਰਜ ਕਰਨ ਵਾਲਿਆਂ ਨੂੰ ਘਰ ਵਾਪਸ ਲਿਆਉਣਾ ਔਖਾ ਫੈਸਲਾ ਸੀ। ਪਰ ਉਹਨਾਂ ਨਾਸਹਿਮਤ ਆਗੂਆਂ ਨੂੰ ਸਮਝਾਉਣ ਦੀ ਜਿੰਮੇਵਾਰੀ ਵੀ ਸਾਨੂੰ ਨਿਭਾਉਣੀ ਹੋਵੇਗੀ। ਭੁੰਦੜ ਨੇ ਸਾਫ ਕੀਤਾ ਕਿ ਘਰ ਵਾਪਸ ਆਏ ਆਗੂਆਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਆਧਾਰ ’ਤੇ ਪਾਰਟੀ ਅਤੇ ਕਮੇਟੀ ’ਚ ਜਿੰਮੇਵਾਰੀ ਦਿੱਤੀ ਜਾਵੇਗੀ।
ਹਿਤ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਪਾਰਟੀ ’ਚੋਂ ਕੱਢੇ ਗਏ ਆਗੂਆਂ ਨੇ ਪਾਰਟੀ ’ਚੋਂ ਕੱਢੇ ਜਾਣ ਦੇ ਬਾਵਜੂਦ ਕਿਸੇ ਹੋਰ ਦਲ ਦਾ ਹਿੱਸਾ ਬਣਨ ਤੋਂ ਗੁਰੇਜ਼ ਕੀਤਾ ਸੀ। ਕਿਉਂਕਿ ਉਨ੍ਹਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਇਲਾਵਾ ਕਿਸੇ ਹੋਰ ਦਲ ਨੂੰ ਅਕਾਲੀ ਦਲ ਸਮਝਣਾ ਔਖਾ ਸੀ। ਇਸ ਮੌਕੇ ਦਿੱਲੀ ਇਕਾਈ ਦੇ ਸੱਕਤਰ ਜਨਰਲ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕੌਮੀ ਬੁਲਾਰੇ ਪਰਮਿੰਦਰ ਪਾਲ ਸਿੰਘ, ਸਾਬਕਾ ਦਿੱਲੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ ਅਤੇ ਨੌਜਵਾਨ ਆਗੂ ਜਸਪ੍ਰੀਤ ਸਿੰਘ ਵਿੱਕੀਮਾਨ ਮੌਜੂਦ ਸਨ।