ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਾਰੇ ਗੁਰਪੁਰਬ ਅਤੇ ਪੰਥਕ ਦਿਹਾੜੇ ਪੰਥ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ ਮਨਾਏ ਜਾਣ ਪ੍ਰਤੀ ਪੁਰਾਤਨ ਪ੍ਰਥਾ ਦੀ ਪੁਰਜ਼ੋਰ ਵਕਾਲਤ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਕ ਸਾਂਝੀ ਕਮੇਟੀ ਰਾਹੀਂ ਉਕਤ ਕੌਮੀ ਕਾਰਜ ਪ੍ਰਤੀ ਯਤਨਾਂ ਲਈ ਪਹਿਲ ਕਦਮੀ ਕਰਨ ਦੀ ਅਪੀਲ ਕੀਤੀ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਹੈ, ਇਸ ਲਈ ਸ਼੍ਰੋਮਣੀ ਕਮੇਟੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੰਸਾਰ ਭਰ ਦੇ ਸਿਖ ਸੰਗਤਾਂ ਦੀਆਂ ਕੌਮੀ ਭਾਵਨਾਵਾਂ ਨੂੰ ਰੂਪਮਾਨ ਕਰਦਿਆਂ ਗੁਰਪੁਰਬ ਅਤੇ ਪੰਥਕ ਦਿਹਾੜੇ ਸਾਂਝੇ ਤੌਰ ‘ਤੇ ਮਨਾਉਣ ਲਈ ਦਿਲੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਸੰਤਾਂ ਮਹਾਂਪੁਰਸ਼ਾਂ ਵਿਚ ਇਕ ਰਾਏ ਪੈਦਾ ਕਰਨ ਲਈ ਯਤਨ ਕਰੇ। ਉਨ੍ਹਾਂ ਉਕਤ ਮਕਸਦ ਲਈ ਸ਼੍ਰੋਮਣੀ ਕਮੇਟੀ ਨੂੰ ਆਪਣੀ ਨਿਗਰਾਨੀ ਹੇਠ ਅਹਿਮ ਸਿਖ ਸੰਸਥਾਵਾਂ ਦੀ ਇਕ ਸਾਂਝੀ ਕਮੇਟੀ ਗਠਿਤ ਕਰਨ ਦਾ ਸੁਝਾਅ ਦਿਤਾ। ਉਨ੍ਹਾਂ ਕੌਮੀ ਹਿੱਤਾਂ ਲਈ ਦਿੱਲੀ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ: ਤਾਰਾ ਸਿੰਘ ਨੂੰ ਉਕਤ ਮੁੱਦੇ ਪ੍ਰਤੀ ਸੰਜੀਦਗੀ ਨਾਲ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਿਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਨਾਨਕਸ਼ਾਹੀ ਕਲੰਡਰ ਮੁਤਾਬਿਕ ਦਿਹਾੜੇ ਮਨਾਉਣ ਲਈ ਵਚਨਬੱਧ ਹੈ। ਪਰ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਤੋਂ ਕੁੱਝ ਪੰਥ ਵਿਰੋਧੀ ਸ਼ਕਤੀਆਂ ਪੰਥਕ ਰਵਾਇਤਾਂ ਤੋਂ ਦੂਰ ਹੁੰਦਿਆਂ ਆਪਣੀ ਸੁਵਿਧਾ ਅਤੇ ਮਨ ਮਰਜ਼ੀ ਦੀਆਂ ਤਰੀਕਾਂ ‘ਤੇ ਗੁਰਪੁਰਬ ਮਨਾਉਣ ਪ੍ਰਤੀ ਰੁਚਿਤ ਹਨ। ਜਿਨ੍ਹਾਂ ਦਾ ਮਕਸਦ ਪੰਥ ‘ਚ ਵਖਰੇਵਿਆਂ ਨੂੰ ਵਧਾਉਣਾ ਅਤੇ ਪੰਥ ਦੀ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਨਾਲ ਹੈ। ਹਉਮੈਂ ਨੂੰ ਪੱਠੇ ਪਾ ਰਹੇ ਅਜਿਹੇ ਲੋਕਾਂ ਤੋਂ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਪੰਥ ਵੱਲੋਂ ਮਿਲਜੁਲ ਕੇ ਗੁਰਪੁਰਬ ਮਨਾਉਣ ਪ੍ਰਤੀ ਕਾਰਜ ਲਈ ਦਮਦਮੀ ਟਕਸਾਲ ਸ਼੍ਰੋਮਣੀ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ।