ਫ਼ਤਹਿਗੜ੍ਹ ਸਾਹਿਬ – “ਬੀਤੇ ਕੁਝ ਦਿਨ ਪਹਿਲੇ ਹਕੂਮਤੀ ਏਜੰਸੀਆ ਤੇ ਮੀਡੀਏ ਵੱਲੋਂ ਇਹ ਖ਼ਬਰ ਪ੍ਰਕਾਸਿ਼ਤ ਹੋਈ ਹੈ ਕਿ ਮੋਦੀ ਦੀ ਜਾਨ ਨੂੰ ਖ਼ਤਰਾ ਹੈ । ਜਦੋਂਕਿ ਸ੍ਰੀ ਮੋਦੀ ਦੀ ਸੁਰੱਖਿਆ ਬਹੁਤ ਅਹਿਮ ਅਤੇ ਉੱਚ ਪੱਧਰੀ ਹੈ । ਜੇਕਰ ਸ੍ਰੀ ਮੋਦੀ ਨੂੰ ਕੋਈ ਖ਼ਤਰਾ ਹੋ ਸਕਦਾ ਹੈ ਤਾਂ ਉਨ੍ਹਾਂ ਦੀ ਆਪਣੀ ਪਾਰਟੀ ਵਿਚ ਵਿਚਰ ਰਹੇ ਵਜ਼ੀਰ-ਏ-ਆਜ਼ਮ ਦੀ ਅਹੁਦੇਦਾਰੀ ਦੀ ਪ੍ਰਾਪਤੀ ਦੀ ਇੱਛਾ ਰੱਖਣ ਵਾਲੇ ਸ੍ਰੀ ਅਡਵਾਨੀ, ਸ੍ਰੀ ਜੇਟਲੀ, ਸੁਸਮਾ ਸਿਵਰਾਜ ਆਦਿ ਆਗੂਆ ਤੋਂ ਹੋ ਸਕਦਾ ਹੈ । ਦੂਸਰਾ ਇੰਡੀਆ ਦੇ ਵਜ਼ੀਰ-ਏ-ਆਜ਼ਮ ਦੀ ਰਿਹਾਇਸ਼ ਦਿੱਲੀ ਰੇਸਕੋਰਸ ਰੋਡ ਵਿਖੇ ਹੈ । ਉਸਦੇ ਨਾਲ ਹੀ ਇਕ ਨਾਲਾ ਹੈ ਅਤੇ ਉਥੇ ਉੱਚੀਆਂ-ਉੱਚੀਆਂ ਬਿਲਡਿੰਗਾ ਹਨ ਜਿਵੇਂ ਅਸੋਕਾ ਰੋਡ ਆਦਿ । ਇਸ ਰਿਹਾਇਸ ਵਿਚ ਮਾਰਟਰ ਰਾਹੀ ਹਮਲਾ ਹੋ ਸਕਦਾ ਹੈ । ਇਸਦੇ ਨਾਲ ਹੀ ਸਫਦਰਜੰਗ ਦਾ ਹਵਾਈ ਅੱਡਾ ਹੈ, ਉਥੇ ਕਮਾਡੋਂ ਲੈਡ ਕਰ ਸਕਦੇ ਹਨ । ਜਦੋਂ ਮੈਂ ਮੈਂਬਰ ਪਾਰਲੀਮੈਟ ਸੀ ਅਤੇ ਵਾਜਪਾਈ ਦੀ ਸੈਂਟਰ ਵਿਚ ਸਰਕਾਰ ਸੀ ਤਾਂ ਮੈਂ ਜਾਣਕਾਰੀ ਦਿੱਤੀ ਸੀ ਕਿ ਵਜ਼ੀਰ-ਏ-ਆਜ਼ਮ ਦੀ ਰਿਹਾਇਸ਼ ਖ਼ਤਰੇ ਵਾਲੀ ਹੈ । ਇਸ ਲਈ ਇਸ ਰਿਹਾਇਸ਼ ਨੂੰ ਨਹਿਰੂ ਦੇ ਘਰ ਤੀਨਮੂਰਤੀ ਵਿਚ ਤਬਦੀਲ ਕੀਤਾ ਜਾਵੇ । ਉਥੇ ਵਜ਼ੀਰ-ਏ-ਆਜ਼ਮ ਦੀ ਸੁਰੱਖਿਆ ਹਰ ਪੱਖੋ ਸਹੀ ਰਹਿ ਸਕੇਗੀ । ਕਿਉਂਕਿ ਉਸ ਘਰ ਤੋਂ ਥੋੜੀ ਦੂਰ ਵਜ਼ੀਰ-ਏ-ਆਜ਼ਮ ਦਾ ਦਫਤਰ ਅਤੇ ਪਾਰਲੀਮੈਟ ਵੀ ਨਜ਼ਦੀਕ ਹੈ । ਸਮੁੱਚੇ ਪਾਰਲੀਮੈਟ ਮੈਬਰਾਂ ਦੀ ਰਿਹਾਇਸ਼ ਵੀ ਉਥੇ ਹੀ ਹੈ । ਉਥੇ ਵਜ਼ੀਰ-ਏ-ਆਜ਼ਮ ਦੀ ਜਾਨ ਨੂੰ ਕਤਈ ਖ਼ਤਰਾ ਨਹੀਂ ਹੋ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਦੀ ਜਾਨ ਦੇ ਖ਼ਤਰੇ ਸੰਬੰਧੀ ਅਖ਼ਬਾਰਾਂ ਤੇ ਮੀਡੀਏ ਵਿਚ ਪ੍ਰਕਾਸਿ਼ਤ ਹੋਈਆ ਰਿਪੋਰਟਾਂ ਨੂੰ ਮੁੱਖ ਰੱਖਕੇ ਸ੍ਰੀ ਨਹਿਰੂ ਦੇ ਘਰ ‘ਤੀਨਮੂਰਤੀ’ ਵਿਖੇ ਵਜ਼ੀਰ-ਏ-ਆਜ਼ਮ ਦੀ ਰਿਹਾਇਸ਼ ਨੂੰ ਪੱਕੇ ਤੌਰ ਤੇ ਬਣਾਉਣ ਆਪਣਾ ਸੁਝਾਅ ਅਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੁਨੀਆ ਦੇ ਜਿੰਨੇ ਵੀ ਵਜ਼ੀਰ-ਏ-ਆਜ਼ਮ ਜਾਂ ਸਦਰ ਹੋਏ ਹਨ, ਉਹ ਕਿੰਨੇ ਵੀ ਮਸਹੂਰ ਹੋਣ, ਉਨ੍ਹਾਂ ਦੇ ਘਰਾਂ ਨੂੰ ਕਦੀ ਵੀ ਯਾਦਗਰ ਨਹੀਂ ਬਣਾਇਆ ਜਾਂਦਾ । ਜਿਵੇਂਕਿ ਅਮਰੀਕਾ ਵਿਚ ਉਥੋਂ ਦੇ ਸਦਰ ਦੀ ਰਿਹਾਇਸ਼ ਵਾਈਟਹਾਊਸ ਵਿਚ ਹਮੇਸ਼ਾਂ ਹੁੰਦੀ ਹੈ । ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਦੀ ਵੱਡੀ ਸ਼ਕਤੀਸ਼ਾਲੀ ਅਹੁਦੇ ਤੇ ਬਿਰਾਜਮਾਨ ਸਖਸ਼ੀਅਤ ਹਮੇਸ਼ਾਂ 10-ਡਾਊਨਿਗ ਸਟਰੀਟ ਵਿਖੇ ਹੀ ਰਹਿੰਦੀ ਹੈ ਅਤੇ ਅੱਜ ਤੱਕ ਨਾ ਅਮਰੀਕਾ ਤੇ ਬਰਤਾਨੀਆ ਨੇ ਆਪਣੇ ਕ੍ਰਮਵਾਰ ਪ੍ਰੈਜੀਡੈਟ ਅਤੇ ਵਜ਼ੀਰ-ਏ-ਆਜ਼ਮ ਦੀ ਰਿਹਾਇਸ਼ ਤਬਦੀਲ ਨਹੀਂ ਕੀਤੀ ਅਤੇ ਨਾ ਹੀ ਇਸ ਰਿਵਾਇਤ ਨੂੰ ਤੋੜਿਆ ਗਿਆ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਿਥੇ ਸਭ ਤੋਂ ਸੁਰੱਖਿਅਤ ਸਥਾਂਨ ਤੀਨਮੂਰਤੀ ਵਿਖੇ ਵਜ਼ੀਰ-ਏ-ਆਜ਼ਮ ਦੀ ਰਿਹਾਇਸ ਹੋਣੀ ਚਾਹੀਦੀ ਸੀ, ਉਸ ਨੂੰ ਹੁਕਮਰਾਨਾਂ ਨੇ ਰੇਸਕੋਰਸ ਰੋਡ ਦਿੱਲੀ ਬਣਾਕੇ ਰਿਵਾਇਤ ਦੀ ਉਲੰਘਣਾ ਕੀਤੀ ਹੈ । ਇਸੇ ਤਰ੍ਹਾਂ ਇਥੋਂ ਦੇ ਹੁਕਮਰਾਨਾਂ ਨੇ ਇੰਦਰਾ ਗਾਂਧੀ ਦੇ ਘਰ ਨੂੰ ਵੀ ਯਾਦਗਰ ਬਣਾ ਦਿੱਤਾ ਹੈ । ਜਿੰਨੇ ਵੀ ਵਜ਼ੀਰ-ਏ-ਆਜ਼ਮ ਬਣਨਗੇ, ਸਭ ਨੇ ਆਪਣੇ ਸਮੇਂ ਅਨੁਸਾਰ ਇਸ ਫਾਨੀ ਦੁਨੀਆ ਤੋਂ ਕੂਚ ਕਰਨਾ ਹੈ, ਕੀ ਸਭ ਵਜ਼ੀਰ-ਏ-ਆਜ਼ਮਾਂ ਦੀ ਰਿਹਾਇਸ ਨੂੰ ਯਾਦਗਰਾਂ ਬਣਾਉਦੇ ਰਹਿਣਗੇ ? ਜਦੋਂਕਿ ਸ੍ਰੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਪਹਿਲੋ ਹੀ ਬਣੀ ਹੋਈ ਹੈ, ਮਰਹੂਮ ਇੰਦਰਾ ਗਾਂਧੀ ਦੇ ਨਾਮ ਤੇ ਵੀ ਕਈ ਸੰਸਥਾਵਾ ਬਣੀਆ ਹੋਈਆ ਹਨ । ਪੰਜਾਬ ਵਿਚ ਮਰਹੂਮ ਬੇਅੰਤ ਸਿੰਘ ਦੀ ਵਿਧਵਾ ਨੂੰ 5 ਸੈਕਟਰ ਵਿਚ ਸਰਕਾਰੀ ਕੋਠੀ ਅਲਾਟ ਕੀਤੀ ਗਈ ਹੈ, ਸ. ਬੇਅੰਤ ਸਿੰਘ ਦੇ ਅਕਾਲ ਚਲਾਣੇ ਉਪਰੰਤ ਵੀ ਇਹ ਕੋਠੀ ਉਨ੍ਹਾਂ ਦੇ ਪਰਿਵਾਰ ਕੋਲ ਹੈ, ਕਿਉਂ ? ਜਦੋਂਕਿ ਗੁਰਦਾਸਪੁਰ ਵਿਚ ਬੇਅੰਤ ਸਿੰਘ ਦੇ ਨਾਮ ਤੇ ਕਾਲਜ ਤੇ ਦੋਰਾਹੇ ਵਿਚ ਵੀ ਸੰਸਥਾਂ ਬਣੀ ਹੋਈ ਹੈ । ਚੰਡੀਗੜ੍ਹ ਵਿਚ ਉਨ੍ਹਾਂ ਦੀ ਸਮਾਧ ਬਣਾਈ ਗਈ ਹੈ । ਜਦੋਂਕਿ ਸਿੱਖ ਦੀ ਸਮਾਧ ਨਹੀਂ ਹੋ ਸਕਦੀ ।
ਵਿਧਾਨ ਦੀ ਧਾਰਾ 14 ਜੋ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ । ਇਥੇ ਵੱਸਣ ਵਾਲੀਆ ਕੌਮਾਂ ਨੂੰ ਵੀ ਬਰਾਬਰ ਦੇ ਹੱਕ ਤੇ ਅਧਿਕਾਰ ਪ੍ਰਾਪਤ ਹਨ । ਪਰ ਮੌਜੂਦਾ ਵਜ਼ੀਰ-ਏ-ਆਜ਼ਮ ਮੋਦੀ ਨੇ 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2 ਹਜਾਰ ਮੁਸਲਮਾਨਾਂ ਦਾ ਕਤਲੇਆਮ ਕੀਤਾ ਅਤੇ 2013 ਵਿਚ ਗੁਜਰਾਤ ਵਿਚ ਪੱਕੇ ਤੌਰ ਤੇ ਵੱਸੇ ਹੋਏ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਜ਼ਬਰੀ ਉਜਾੜ ਦਿੱਤਾ, ਇਨ੍ਹਾਂ ਫਿਰਕੂਆ ਵੱਲੋਂ ਹਿੰਦੂਤਵ ਆਗੂਆ ਦੇ ਨਾਮ ਤੇ ਵਿਦਿਅਕ ਸੰਸਥਾਵਾਂ, ਯੂਨੀਵਰਸਿਟੀਆ ਆਦਿ ਬਣਾਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਜਾ ਰਹੀ ਹੈ । ਜੋ ਕਿ ਸਿੱਖ ਕੌਮ ਲਈ ਨਾ ਤਾਂ ਭੁੱਲਣ ਯੋਗ ਹਨ ਅਤੇ ਨਾ ਹੀ ਬਖ਼ਸਣ ਯੋਗ । ਜਿਹੜੀਆ ਕੱਟੜਵਾਦੀ ਸੰਗਠਨ ਤੇ ਸੰਸਥਾਵਾਂ ਹਨ ਉਹ ਨਿਰੰਤਰ ਘੱਟ ਗਿਣਤੀ ਕੌਮਾਂ ਉਤੇ ਦਹਿਸਤ ਪੈਦਾ ਕਰ ਰਹੀਆ ਹਨ । ਜਿਸ ਨੂੰ ਇਥੋਂ ਦੀਆਂ ਘੱਟ ਗਿਣਤੀ ਕੌਮਾਂ ਕਤਈ ਸਹਿਣ ਨਹੀਂ ਕਰਨਗੀਆ ਅਤੇ ਨਾ ਹੀ ਇਹ ਕੀਤੇ ਜਾ ਰਹੇ ਵਿਧਾਨਿਕ, ਸਮਾਜਿਕ ਵਿਤਕਰਿਆ ਨੂੰ ਬਰਦਾਸਤ ਕੀਤਾ ਜਾਵੇਗਾ ।