ਲਖਨਊ – ਬਸਪਾ ਮੁੱਖੀ ਮਾਇਆਵਤੀ ਨੇ ਮੋਦੀ ਅਤੇ ਕੇਂਦਰ ਸਰਕਾਰ ਤੇ ਸਵਿਸ ਬੈਂਕਾਂ ਵਿੱਚ ਭਾਰਤੀਆਂ ਦੇ ਵੱਧ ਰਹੇ ਧੰਨ ਮਾਮਲੇ ਦੇ ਸਬੰਧ ਵਿੱਚ ਚੁੱਪੀ ਧਾਰਣ ਕਰਕੇ ਆੜੇ ਹੱਥੀਂ ਲਿਆ ਹੈ। ਉਨ੍ਹਾਂ ਨੇ ਮੋਦੀ ਦੇ ਇਸ ਸਬੰਧੀ ਜਵਾਬ ਨਾ ਦੇਣ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਆਖਿਰਕਾਰ ਸਰਕਾਰ ਭਗੋੜਿਆਂ ਨੂੰ ਰੋਕਣ ਵਿੱਚ ਅਸਫਲ ਕਿਉਂ ਹੈ।
ਮਾਇਆਵਤੀ ਨੇ ਸਰਕਾਰ ਤੇ ਆਰੋਪ ਲਗਾਉਂਦੇ ਹੋਏ ਕਿਹਾ, ‘ਬਿਜ਼ਨਸਮੈਨ ਭਾਰਤੀ ਬੈਂਕਾਂ ਦੀ ਮੱਦਦ ਨਾਲ ਆਪਣੇ ਕਾਰੋਬਾਰ ਵਧਾਉਂਦੇ ਹਨ ਅਤੇ ਫਿਰ ਧੋਖਾਧੜੀ ਕਰਕੇ ਬਾਹਰ ਭੱਜ ਜਾਂਦੇ ਹਨ। ਸਾਰਾ ਪੈਸਾ ਵਿਦੇਸ਼ਾਂ ਵਿੱਚ ਜਮ੍ਹਾਂ ਕਰਵਾਉਂਦੇ ਹਨ। ਦੇਸ਼ ਦੇ ਲੋਕ ਹੈਰਾਨ ਹਨ ਕਿ ਮੋਦੀ ਸਰਕਾਰ ਅਜਿਹੇ ਭਗੋੜਿਆਂ ਨੂੰ ਰੋਕਣ ਵਿੱਚ ਏਨੀ ਲਾਚਾਰ ਕਿਉਂ ਸਾਬਿਤ ਹੋ ਰਹੀ ਹੈ।’
ਉਨ੍ਹਾਂ ਨੇ ਕਿਹਾ, ‘ਦੇਸ਼ ਦੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਇਹ ਸਰਕਾਰ,ਖਾਸ ਕਰਕੇ ਪ੍ਰਧਾਨਮੰਤਰੀ ਕਾਲੇਧੰਨ ਤੇ ਖਾਮੋਸ਼ ਕਿਉਂ ਹੈ? ਕੀ ਅਜਿਹਾ ਇਸ ਲਈ ਹੈ ਕਿ ਵਿਦੇਸ਼ਾਂ ਵਿੱਚ ਕਾਲਾਧੰਨ ਜਮ੍ਹਾਂ ਕਰਨ ਵਾਲੇ ਜਿਆਦਾਤਰ ਲੋਕ ਬੀਜੇਪੀ ਦੇ ਕਰੀਬੀ ਹਨ?
ਬਸਪਾ ਮੁੱਖੀ ਨੇ ਬੀਜੇਪੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ, ‘ਇਸ ਦੇਸ਼ ਦੀ ਜਨਤਾ ਪ੍ਰਧਾਨਮੰਤਰੀ ਮੋਦੀ ਦੇ ਸਾਰਿਆਂ ਵਾਅਦਿਆਂ ਨੂੰ ਯਾਦ ਕਰ ਰਹੀ ਹੈ। ਲੋਕ ਅਜੇ ਵੀ ਕਾਲਾਧਂ ਵਾਪਿਸ ਲਿਆਉਣ ਦੀ ਰਾਹ ਤੱਕ ਰਹੇ ਹਨ। ਬੀਜੇਪੀ ਨੇ ਇਸ ਲਈ ਵਿਕਾਸ ਦੇ ਮੁੱਦੇ ਨੂੰ ਛੱਡ ਦਿੱਤਾ ਹੈ ਅਤੇ ਨਫਰਤ, ਸਮਾਜਿਕ ਫੁੱਟ ਅਤੇ ਬਟਵਾਰੇ ਦੇ ਆਪਣੇ ਅਸਲੀ ਏਜੰਡੇ ਵੱਲ ਵਾਪਿਸ ਪਰਤ ਰਹੀ ਹੈ। ਇਸੇ ਕਰਕੇ ਬੀਜੇਪੀ ਜੰਮੂ-ਕਸ਼ਮੀਰ ਵਿੱਚ ਪੀਡੀਪੀ ਦੇ ਨਾਲ ਗਠਬੰਧਨ ਤੋਂ ਹੱਟ ਗਈ।’