ਅੱਜ ਦੀ ਔਰਤ ਆਜ਼ਾਦ ਹੈ- ਉਹ ਪੜ੍ਹੀ ਲਿਖੀ ਹੈ, ਆਪਣੇ ਪੈਰਾਂ ਤੇ ਖੜ੍ਹੀ ਹੈ। ਉਸ ਨੇ ਹਰ ਖੇਤਰ ਵਿੱਚ ਮੱਲਾਂ ਮਾਰ ਲਈਆਂ ਹਨ। ਕਈ ਖੇਤਰਾਂ ਵਿੱਚ ਤਾਂ ਉਹ ਮਰਦਾਂ ਤੋਂ ਵੀ ਅੱਗੇ ਨਿਕਲ ਗਈ ਹੈ। ਉਹ ਜਿੱਥੇ ਲੇਖਿਕਾ ਹੈ, ਸ਼ਾਇਰਾ ਹੈ- ਉਥੇ ਉਹ ਸਾਇੰਸਦਾਨ ਵੀ ਹੈ, ਸਿਆਸਤਦਾਨ ਵੀ ਹੈ, ਮਾਊਂਟ ਐਵਰੈਸਟ ਦੀ ਚੋਟੀ ਵੀ ਸਰ ਕਰ ਚੁੱਕੀ ਹੈ- ਤੇ ਪਾਇਲਟ ਬਣ ਆਕਾਸ਼ੀ ਉਡਾਰੀਆਂ ਵੀ ਭਰ ਰਹੀ ਹੈ। ਪਰ ਇਸ ਸਭ ਦੇ ਬਾਵਜ਼ੂਦ, ਉਹ ਪਰਿਵਾਰ ਦਾ ਇੱਕ ਐਸਾ ਥੰਮ ਹੈ ਜਿਸ ਦੇ ਸਿਰ ਤੇ ਪਰਿਵਾਰ ਦੀ ਇਮਾਰਤ ਖੜ੍ਹੀ ਹੈ। ਭਾਵੇਂ ਇਸ ਵਿੱਚ ਮਰਦ ਵੀ ਬਰਾਬਰ ਦਾ ਭਾਈਵਾਲ ਹੈ ਪਰ ਔਰਤ ਨੂੰ ਪ੍ਰਮਾਤਮਾ ਨੇ ਅਥਾਹ ਸ਼ਕਤੀ ਬਖਸ਼ੀ ਹੈ। ਇਸੇ ਲਈ ਕਹਿੰਦੇ ਹਨ ਕਿ ਆਦਮੀ ਮਕਾਨ ਬਣਾਊਂਦਾ ਹੈ ਤੇ ਔਰਤ ਉਸ ਨੂੰ ਘਰ ਬਣਾਉਂਦੀ ਹੈ।
ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਰਿਹਾ ਹੈ। ਕਈ ਸਦੀਆਂ ਔਰਤ ਨੇ ਗੁਲਾਮਾਂ ਵਾਲਾ ਜੀਵਨ ਬਤੀਤ ਕੀਤਾ। ਪਰ ਜਿਉਂ ਹੀ ਸ੍ਰੀ ਗੁਰੂੁ ਨਾਨਕ ਦੇਵ ਜੀ- ‘ਸੋ ਕਿਉ ਮੰਦਾ ਆਖੀਅਹਿ ਜਿਤ ਜੰਮਹਿ ਰਾਜਾਨ’ ਉਚਾਰ ਕੇ, ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ- ਤਾਂ ਔਰਤ ਦੀ ਸਥਿਤੀ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ। ਬਾਕੀ ਗੁਰੂ ਸਾਹਿਬਾਨ ਨੇ ਵੀ ਆਪਣੇ ਜੀਵਨ ਕਾਲ ਵਿੱਚ ਇਸ ਸੋਚ ਤੇ ਪਹਿਰਾ ਦਿੰਦਿਆਂ ਹੋਇਆਂ- ਸਤੀ ਦੀ ਰਸਮ ਤੇ ਰੋਕ ਲਾਈ, ਵਿਧਵਾ ਵਿਆਹ ਦੀ ਰੀਤ ਚਲਾਈ, ਘੁੰਡ ਪਰਦੇ ਤੋਂ ਬੀਬੀਆਂ ਨੂੰ ਵਰਜਿਆ, ਕਈ ਜ਼ਿੰਮੇਵਾਰ ਕਾਰਜਾਂ ਦੀਆਂ ਇੰਚਾਰਜ ਬੀਬੀਆਂ ਨੂੰ ਬਣਾਇਆ। ਔਰਤਾਂ ਨੂੰ ਕੇਵਲ ਅੱਖਰੀ ਗਿਆਨ ਹੀ ਨਹੀਂ- ਸਗੋਂ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਹਾਸਲ ਕਰਨ ਦਾ ਹੱਕ ਵੀ ਦਿੱਤਾ। ਇਸ ਦੇ ਫਲਸਰੂਪ ਹੀ ਮਾਈ ਭਾਗੋ ਵਰਗੀਆਂ ਵੀਰਾਂਗਣਾਂ, ਜੰਗੇ ਮੈਦਾਨ ਵਿੱਚ ਵੀ ਮਰਦਾਂ ਦੀ ਅਗਵਾਈ ਕਰਨ ਦੇ ਯੋਗ ਬਣ ਗਈਆਂ।
ਜੇ ਅਜੋਕੇ ਸਮਾਜ ਦੀ ਗੱਲ ਕਰੀਏ ਤਾਂ ਅੱਜ ਤੱਕ ਔਰਤਾਂ, ਆਪਣੇ ਸੰਗਠਨ ਬਣਾ ਕੇ, ਜਾਂ ਕਹਿ ਲਵੋ ਸੰਘਰਸ਼ ਕਰਕੇ, ਬਹੁਤ ਅਧਿਕਾਰ ਪ੍ਰਾਪਤ ਕਰ ਚੁੱਕੀਆਂ ਹਨ। ਅੱਜ ਔਰਤ ਦੇ ਹੱਕ ਵਿੱਚ ਬਹੁਤ ਕਨੂੰਨ ਬਣ ਚੁੱਕੇ ਹਨ- ਜਿਹਨਾਂ ਦੀ ਬਹੁਤ ਵਾਰੀ ਔਰਤ ਦੁਰਵਰਤੋਂ ਕਰ, ਮਰਦ ਤੋਂ ਬਦਲਾ ਵੀ ਲੈ ਲੈਂਦੀ ਹੈ- ਜੋ ਕਿ ਮੰਦਭਾਗੀ ਗੱਲ ਹੈ। ਮੈਂ ਔਰਤ ਦੀ ਆਜ਼ਾਦੀ ਜਾਂ ਬਰਾਬਰਤਾ ਦੇ ਵਿਰੁੱਧ ਨਹੀਂ ਹਾਂ- ਪਰ ਔਰਤ ਕਈ ਵਾਰੀ ਆਜ਼ਾਦੀ ਭਾਲਦੀ ਭਾਲਦੀ, ਕੁਰਾਹੇ ਪੈ ਜਾਂਦੀ ਹੈ, ਜਿਸ ਦਾ ਮੈਂ ਵਿਰੋਧ ਕਰਦੀ ਹਾਂ। ਮੇਰੀਓ ਭੈਣੋਂ- ਆਪਾਂ ਨੂੰ ਬਰਾਬਰਤਾ ਹੋਣੀ ਚਾਹੀਦੀ ਹੈ -ਜਨਮ ਲੈਣ ਦੇ ਹੱਕ ਦੀ, ਹਰ ਤਰ੍ਹਾਂ ਦੀ ਵਿਦਿਆ ਗ੍ਰਹਿਣ ਕਰਨ ਦੀ, ਮਨ ਮਰਜ਼ੀ ਦੀ ਨੌਕਰੀ ਕਰਨ ਦੀ, ਆਪਣੇ ਵਿਚਾਰ ਦੇਣ ਦੀ, ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨ ਦੀ, ਹਰ ਚੰਗੀ ਮਾੜੀ ਗੱਲ ਤੇ ਨੇਕ ਸਲਾਹ ਦੇਣ ਦੀ ਜਾਂ ਜਾਇਦਾਦ ਵਿੱਚ ਬਰਾਬਰ ਦੀ ਭਾਈਵਾਲੀ ਦੀ। ਸਾਨੂੰ ਪਰਿਵਾਰ ਤੇ ਸਮਾਜ ਵਿੱਚ ਬਰਾਬਰ ਦਾ ਪਿਆਰ ਸਤਿਕਾਰ ਮਿਲਣਾ ਚਾਹੀਦਾ। ਪਰ ਜਿਹਨਾਂ ਭੈੜੀਆਂ ਵਾਦੀਆਂ ਕਾਰਨ, ਆਪਾਂ ਮਰਦਾਂ ਤੋਂ ਦੁਖੀ ਹਾਂ ਜਾਂ ਉਹਨਾਂ ਨੂੰ ਰੋਕਦੀਆਂ ਹਾਂ- ਉਹੀ ਕਰਮ ਆਪ ਨਹੀਂ ਕਰਨ ਬਹਿ ਜਾਣਾ। ਅਸੀਂ ਬੁਰਾਈਆਂ ਦੀ ਬਰਾਬਰਤਾ ਨਹੀਂ ਕਰਨੀ। ਆਪਾਂ ਤਾਂ ਮਾਈ ਭਾਗੋ ਬਣ ਕੇ- ਭੁੱਲੇ ਭਟਕੇ ਵੀਰਾਂ ਨੂੰ ਰਾਹੇ ਪਾਉਣਾ ਹੈ। ਪੰਜਾਬਣ ਦਾ ਵਿਰਸਾ ਬੜਾ ਮਹਾਨ ਹੈ। ਅਸਾਂ ਇਸ ਨੂੰ ਸਾਂਭਣਾ ਹੀ ਨਹੀਂ, ਸਗੋਂ ਅਗਲੀ ਪੀੜ੍ਹੀ ਨੂੰ ਸੌਂਪਣ ਦੀ ਜ਼ੁੰਮੇਵਾਰੀ ਵੀ ਸਾਡੇ ਮੋਢਿਆਂ ਤੇ ਹੈ। ਮਰਦਾਂ ਦੀਆਂ ਗਲਤੀਆਂ ਨੂੰ ਅਪਨਾਉਣਾ, ਸਾਡੀ ਆਜ਼ਾਦੀ ਨਹੀਂ। ਜੇ ਉਹ ਖੂਹ ਵਿੱਚ ਡਿਗਦੇ ਹਨ ਤਾਂ ਆਪਾਂ ਉਸ ਖੂਹ ਵਿੱਚ ਛਾਲ ਨਹੀਂ ਮਾਰਨੀ- ਸਗੋਂ ਉਹਨਾਂ ਨੂੰ ਵੀ ਕਿਸੇ ਤਰੀਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਹੈ। ਪਿੱਛੇ ਜਿਹੇ ਮੈਂ ਕੈਨੇਡਾ ਦੇ ਇੱਕ ਸ਼ਹਿਰ ਵਿੱਚ, ਕਿਸੇ ਸਮਾਗਮ ਵਿੱਚ ਗਈ ਜਿੱਥੇ ਕਿਸੇ ਖਾਸ ਇਲਾਕੇ ਦੇ ਪਰਿਵਾਰ ਸ਼ਾਮਲ ਸਨ ਤੇ ਮੈਂਨੂੰ ਉਹਨਾਂ ਗੈਸਟ ਦੇ ਤੌਰ ਤੇ ਬੁਲਾਇਆ ਸੀ। ਸਮਾਗਮ ਦੇ ਅੰਤ ਤੇ ਡੀ.ਜੇ. ਨਾਲ ਸਾਰੇ ਨੱਚਣ ਲੱਗ ਪਏ।
‘ਇਹ ਮਰਦ ਲੋਕ ਤਾਂ ਪੈਗ ਲਾ ਕੇ ਫਿਰ ਨੱਚਣ ਤੋਂ ਹਟਦੇ ਹੀ ਨਹੀਂ’ ਮੈਂ ਆਪਣੀ ਸਹੇਲੀ ਨੂੰ ਹੌਲ਼ੀ ਜਿਹੀ ਕਿਹਾ।
‘ਇਹ ਜੋ ਡਾਂਸ ਫਲੋਰ ਤੇ ਔਰਤਾਂ ਹਨ- ਇਹਨਾਂ ਵਿੱਚੋਂ ਵੀ ਬਹੁਤੀਆਂ ਨੇ ਡਰਿੰਕ ਕੀਤੀ ਹੋਈ ਹੈ’ ਮੈਂ ਹੈਰਾਨ ਹੋਈ ਸੁਣ ਕੇ।
‘ਇੱਥੇ ਮੇਲਿਆਂ ਵਿੱਚ ਵੀ ਇਹ ਕੁੱਝ ਆਮ ਚਲਦਾ ਹੈ’ ਏਥੋਂ ਦੀ ਪੁਰਾਣੀ ਵਸਨੀਕ ਹੋਣ ਕਾਰਨ, ਉਸ ਹੋਰ ਜਾਣਕਾਰੀ ਦਿੰਦਿਆਂ ਕਿਹਾ।
ਦੂਸਰੇ ਦਿਨ ਫੋਨ ਤੇ ਗੱਲ ਕਰਦਿਆਂ ਉਸ ਦੱਸਿਆ ਕਿ- ਮਰਦਾਂ ਨਾਲੋਂ ਔਰਤਾਂ ਦੀ ਡਰਿੰਕ ਵੱਧ ਲੱਗੀ ਕਿਉਂਕਿ ਪ੍ਰਬੰਧਕਾਂ ਵਿੱਚ ਉਸ ਦੇ ਪਤੀ ਦੇਵ ਵੀ ਸਨ। ਮੈਂ ਸੁਣ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਗਈ। ਕਈ ਦਿਨ ਸੌਂ ਨਾ ਸਕੀ- ਕਿ ਸਾਡੀਆਂ ਮਾਣ ਮੱਤੀਆਂ ਪੰਜਾਬਣਾਂ ਕਿੱਧਰ ਤੁਰ ਪਈਆਂ?
ਇੱਕ ਹੋਰ ਗੱਲ- ਅੱਗੇ ਤਾਂ ਜੇ ਮਰਦ ਕਿਸੇ ਪਰਿਵਾਰਕ ਸਮਾਗਮ ਤੇ ਪੈੱਗ ਲਾ ਲੈਂਦੇ ਤਾਂ ਜ਼ਨਾਨੀਆਂ ਡਰਾਈਵ ਕਰਕੇ ਘਰ ਲੈ ਆਉਂਦੀਆਂ ਕਿਉਂਕਿ ਵਿਦੇਸ਼ਾਂ ਦੇ ਕਾਨੂੰਨ ਕਿਸੇ ਸ਼ਖਸ ਨੂੰ ਡਰਿੰਕ ਕਰਕੇ ਗੱਡੀ ਚਲਾਉਣ ਦੀ ਇਜ਼ਾਜ਼ਤ ਨਹੀਂ ਦਿੰਦੇ। ਪਰ ਜੇ ਦੋਨੇ ਇੱਕੋ ਜਿਹੇ ਹੋ ਗਏ ਤਾਂ -ਗੱਡੀ ਕੌਣ ਚਲਾਊ? ਸੋਚਿਆ ਕਦੇ..? ਇਹ ਅਸੀਂ ਸਾਰੇ ਜਾਣਦੇ ਹਾਂ ਕਿ ਨਸ਼ਾ ਹਰ ਇੱਕ ਲਈ ਮਾੜਾ ਹੈ, ਪਰ ਔਰਤ ਲਈ ਤਾਂ ਇਹ ਬਹੁਤ ਹੀ ਘਾਤਕ ਹੈ। ਕੁਦਰਤ ਨੇ ਔਰਤ ਦੇ ਸਰੀਰ ਨੂੰ ਅੰਦਰੋਂ ਬਹੁਤ ਕੋਮਲ ਬਣਾਇਆ ਹੈ- ਕਿਉਂਕਿ ਉਹ ਜੱਗ-ਜਨਣੀ ਹੈ। ਵਰਲਡ ਹੈਲਥ ਔਰਗੇਨਾਈਜ਼ੇਸ਼ਨ ਅਨੁਸਾਰ- ਨਸ਼ੇ ਦੀਆਂ ਆਦੀ ਔਰਤਾਂ ਮਾਂ ਬਨਣ ਦੇ ਸੁੱਖ ਤੋਂ ਵਾਂਝੀਆਂ ਹੋ ਜਾਂਦੀਆਂ ਹਨ। ਤੇ ਜੇ ਉਹ ਮਾਵਾਂ ਬਣ ਚੁੱਕੀਆਂ ਹਨ ਤਾਂ ਉਹ ਆਪਣੀ ਔਲਾਦ ਨੂੰ ਕਦੇ ਵੀ ਨਸ਼ਿਆਂ ਤੋਂ ਵਰਜ ਨਹੀਂ ਸਕਣਗੀਆਂ। ਮਾਂ-ਬਾਪ ਬੱਚੇ ਦੇ ਸਭ ਤੋਂ ਪਹਿਲੇ ਅਧਿਆਪਕ ਤੇ ਰੋਲ ਮਾਡਲ ਹੁੰਦੇ ਹਨ।
ਇੱਕ ਵਾਰੀ ਬਚਪਨ ਵਿੱਚ ਚੰਡੀਗੜ੍ਹ ਇੱਕ ਵਿਆਹ ਵਿੱਚ ਜਾਣ ਦਾ ਮੌਕਾ ਮਿਲਿਆ। ਉੱਥੇ ਲਾੜੇ ਦੇ ਨਾਨਕੇ ਫੌਜੀ ਸਨ। ਲੇਡੀਜ਼ ਸੰਗੀਤ ਵਾਲੀ ਰਾਤ, ਉਹ ਸਾਰੇ ਇੱਕ ਕਮਰੇ ਵਿੱਚ ਡਰਿੰਕ ਕਰ ਰਹੇ ਸਨ। ਮਾਮੀਆਂ ਮਾਸੀਆਂ ਥੋੜ੍ਹਾ ਜਿਹਾ ਨੱਚ ਕੇ, ਫਿਰ ਮਰਦਾਂ ਵਾਲੇ ਕਮਰੇ ‘ਚ ਜਾਣ ਤੇ ਵਾਪਿਸ ਆ ਕੇ ਨੱਚਣ ਲੱਗ ਜਾਣ। ਪਰ ਪੇਂਡੂ ਔਰਤਾਂ ਦੇ ਗਿੱਧੇ ਦਾ ਉਹ ਫਿਰ ਵੀ ਮੁਕਾਬਲਾ ਨਾ ਕਰ ਸਕੀਆਂ। ਜਦ ਮੈਂ ਹੈਰਾਨ ਹੋ ਕੇ ਆਪਣੇ ਵੱਡਿਆਂ ਨੂੰ ਪੁੱਛਿਆ ਕਿ- ‘ਔਰਤਾਂ ਵੀ ਪੀ ਲੈਂਦੀਆਂ ਨੇ?’ ਤਾਂ ਜਵਾਬ ਮਿਲਿਆ ਕਿ-‘ਫੌਜੀਆਂ ਦੇ ਚਲਦਾ ਹੋਏਗਾ ਇਹ ਕੰਮ..’। ‘ਇਹਨਾਂ ਦੀਆਂ ਔਰਤਾਂ ਬੜੀਆਂ ਆਜ਼ਾਦ ਹੁੰਦੀਆਂ ਨੇ’ ਇੱਕ ਹੋਰ ਸਿਆਣੀ ਉਮਰ ਦੀ ਮਾਤਾ ਬੋਲੀ। ‘ਭੋਰਾ ਨ੍ਹੀ ਸ਼ਰਮ ਇਹਨਾਂ ਨੂੰ’ ਮੇਲ਼ ਵਿੱਚੋਂ ਇੱਕ ਹੋਰ ਕਹਿਣ ਲੱਗੀ। ਪਰ ਅੱਜ ਦੇ ਜ਼ਮਾਨੇ ਵਿੱਚ ਤਾਂ ਇਹ ਫੈਸ਼ਨ ਬਣ ਕੇ, ਆਮ ਵਰਤਾਰਾ ਬਣ ਗਿਆ ਹੈ- ਜੋ ਕਿ ਮੰਦਭਾਗਾ ਹੈ। ਇਥੇ ਹੀ ਬੱਸ ਨਹੀਂ- ਆਪਣੀਆਂ ਕਈ ਮੁਟਿਆਰਾਂ ਦੇ ਮੂੰਹ ਵਿੱਚ ਮੈਂ ਸਿਗਰਟ ਵੀ ਦੇਖੀ ਹੈ। ਮੈਡੀਕਲ ਸਾਇੰਸ ਮੁਤਾਬਕ, ਇਸ ਦੇ ਧੂੰਏਂ ਦੇ ਕੋਲ ਦੀ ਲੰਘਣ ਵਾਲੇ ਵੀ, ਦਮੇਂ ਤੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ- ਤੇ ਫਿਰ ਤੁਸੀਂ ਆਪ ਹੀ ਸੋਚੋ ਕਿ- ਇਸ ਜ਼ਹਿਰ ਨੂੰ ਨਿਗਲਣ ਵਾਲੇ ਦਾ ਕੀ ਹਾਲ ਹੋਏਗਾ?
ਕੁੱਝ ਸਾਲ ਪਹਿਲਾਂ ਇੰਡੀਆ ਦੇ ਇੱਕ ਸ਼ਹਿਰ ਦੀ ਖਬਰ ਛਪੀ ਸੀ- ਜਿਸ ਵਿੱਚ ਕਿਸੇ ਹੋਟਲ ਵਿੱਚ ਨਸ਼ੇ ‘ਚ ਧੁੱਤ ਕੁੜੀਆਂ ਨੂੰ ਪੁਲਿਸ ਵਾਲੇ ਚੁੱਕ ਕੇ ਕਾਰਾਂ ਵਿੱਚ ਸੁੱਟ ਰਹੇ ਸਨ। ਪਤਾ ਲੱਗਾ ਸੀ ਕਿ ਉਹ ਵੱਡੇ ਘਰਾਂ ਦੀਆਂ ਕੁੜੀਆਂ ਸਨ ਜੋ ਹੋਟਲ ਵਿੱਚ ਹੋਈ ਪਾਰਟੀ ਵਿੱਚ ਵੱਧ ਪੀ ਗਈਆਂ। ਸੁਣ ਕੇ ਹਿਰਦਾ ਵਲੂੰਦਰਿਆ ਗਿਆ ਸੀ ਤੇ ਮੈਂ ਗੀਤ ਲਿਖਿਆ ਸੀ-
ਧੀਏ ਪੰਜਾਬ ਦੀਏ, ਤੂੰ ਕਿੱਧਰ ਤੁਰ ਪਈ ਏਂ।
ਵਿਰਸੇ ਵੱਲ ਪਿੱਠ ਕਰਕੇ, ਨਸ਼ਿਆਂ ਵੱਲ ਮੁੜ ਪਈ ਏਂ।
ਉਦੋਂ ਤਾਂ ਕਹਿੰਦੇ ਸਨ ਕਿ ਵੱਡੇ ਘਰਾਂ ਦੇ ਕਾਕੇ ਕਾਕੀਆਂ ਵਿਗੜੇ ਹੋਏ ਹੁੰਦੇ ਹਨ- ਪਰ ਜੇ ਸਾਡੀਆਂ ਸਨਮਾਨਯੋਗ ਭੈਣਾਂ ਵੀ ਉਸੇ ਰਾਹ ਤੁਰ ਪਈਆਂ ਤਾਂ- ਕੀ ਬਣੂੰ ਸਾਡੇ ਸਮਾਜ ਦਾ?
ਕਈ ਔਰਤਾਂ ਤਨ ਤੇ ਘਟਦੇ ਕਪੜਿਆਂ ਨੂੰ ਹੀ, ਔਰਤ ਦੀ ਆਜ਼ਾਦੀ ਦਾ ਨਾਮ ਦੇ ਦਿੰਦੀਆਂ ਹਨ। ਪੰਜਾਬਣ ਦੇ ਪਹਿਰਾਵੇ, ਪੰਜਾਬਣ ਦੀ ਜੁੱਤੀ, ਪਰਾਂਦਾ, ਪੰਜਾਬਣ ਦੀ ਤੋਰ, ਸੂਟ, ਚੁੰਨੀ, ਫੁੱਲਕਾਰੀ ਦੇ ਸੋਹਿਲੇ ਆਮ ਗੀਤਾਂ ਵਿੱਚ ਗਾਏ ਜਾਂਦੇ ਹਨ ਤੇ ਇਹਨਾਂ ਗੀਤਾਂ ਨੂੰ ਅਸੀਂ ਆਪਣਾ ਵਿਰਸਾ ਤੇ ਸਭਿਆਚਾਰ ਕਹਿੰਦੇ ਹਾਂ। ਪਰ ਅਫਸੋਸ ਕਿ ਅਸੀਂ ਪੱਛਮ ਦੀ ਨਕਲ ਕਰਦੇ ਕਰਦੇ, ਆਪਣਾ ਅਮੀਰ ਵਿਰਸਾ ਭੁੱਲਦੇ ਜਾ ਰਹੇ ਹਾਂ। ਪਹਿਰਾਵਾ ਸਰੀਰ ਨੂੰ ਢਕਣ ਲਈ ਹੁੰਦਾ ਹੈ ਨਾ ਕਿ ਸਰੀਰ ਦਾ ਪ੍ਰਦਰਸ਼ਨ ਕਰਨ ਲਈ। ਮੈਂ ਮੰਨਦੀ ਹਾਂ ਕਿ ਕੰਮਾਂ ਤੇ ਏਥੇ ਚੁਸਤ ਡਰੈਸ ਭਾਵ ਜੀਨ ਟੌਪ ਆਦਿ ਪਾਉਣੇ ਪੈਂਦੇ ਹਨ, ਪਰ ਸਮਾਗਮਾਂ ਤੇ ਅਸੀਂ ਆਪਣੀ ਮਰਜ਼ੀ ਕਰ ਸਕਦੇ। ਜਰੂਰੀ ਨਹੀਂ ਸੂਟ ਪਾਉਣਾ, ਪਜਾਮੀ- ਕੁਰਤੀ ਜਾਂ ਫਰਾਕ ਸੂਟ, ਸਾੜੀ- ਫੈਸ਼ਨ ਮੁਤਾਬਕ ਕੁੱਝ ਵੀ ਪਹਿਨੋ ਪਰ ਉਸ ਵਿੱਚੋਂ ਪੰਜਾਬਣ ਦਾ ਸਲੀਕਾ ਝਲਕਦਾ ਹੋਵੇ। ਕਈ ਵਾਰੀ ਗੁਰੂੁ ਘਰਾਂ ਵਿੱਚ ਵੀ ਸਾਡੇ ਬੱਚੇ ਬੜੀ ਬੇਢੰਗੀ ਜਿਹੀ ਡਰੈਸ ਪਾ ਕੇ ਚਲੇ ਜਾਂਦੇ ਹਨ- ਜਿਸ ਨੂੰ ਦੇਖਣ ਵਾਲੇ ਨੂੰ ਸ਼ਰਮ ਆਉਂਦੀ ਹੈ। ਇਹ ਧਿਆਨ ਮਾਪੇ ਜਾਂ ਗਰੈਂਡ ਪੇਰੈਂਟਸ ਹੋਣ ਦੇ ਨਾਤੇ ਅਸਾਂ ਰੱਖਣਾ ਹੈ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੀਆਂ ਪੰਜਾਬਣਾਂ ਕੋਲ ਤਾ ਏਨਾ ਜੁੱਸਾ ਸੀ ਕਿ- ਉਹਨਾਂ ਦੇ ਪੈਰ ਢੋਲਕੀ ਦੀ ਤਾਲ ਤੇ ਆਪ ਮੁਹਾਰੇ ਨੱਚਣ ਲੱਗ ਜਾਂਦੇ ਸਨ- ਤੇ ਉਹ ਗਿੱਧੇ ਵਿੱਚ ਧਮਾਲਾਂ ਪਾਉਂਦੀਆਂ ਕਦੇ ਥੱਕਦੀਆਂ ਨਹੀਂ ਸਨ ਤਾਂ ਹੀ ਤਾਂ- ‘ਧਰਤੀ ਨੂੰ ਕਲੀ ਕਰਾਦੇ ਵੇ, ਨੱਚੂੰਗੀ ਸਾਰੀ ਰਾਤ’ ਵਰਗੇ ਗੀਤ ਬਣੇ ਹੋਏ ਹਨ। ਤੇ ਇਹਨਾਂ ਨੂੰ ਹੁਣ ਨੱਚਣ ਲਈ ਨਸ਼ਿਆਂ ਦੇ ਸਹਾਰੇ ਦੀ ਲੋੜ ਕਿਉਂ ਪੈ ਗਈ? ਸ਼ਾਇਦ ਅਸੀਂ ਆਪਣਾ ਸਾਰਾ ਧਿਆਨ ਬਾਹਰੀ ਸੁੰਦਰਤਾ ਜਾਂ ਬਨਾਵਟੀ ਖੂਬਸੂਰਤੀ ਤੇ ਹੀ ਕੇਂਦਰਿਤ ਕਰ ਲਿਆ, ਪਰ ਆਪਣੀ ਸੇਹਤ ਤੇ ਆਪਣੇ ਅੰਦਰ ਨੂੰ ਨਿਖਾਰਨ ਵੱਲ ਧਿਆਨ ਦੇਣਾ ਛੱਡ ਦਿੱਤਾ। ਇਸ ਕਮਜ਼ੋਰੀ ਨੂੰ ਛੁਪਾਉਣ ਲਈ, ਅਸੀਂ ਇਸ ਨੂੰ ਵੀ ਔਰਤ ਦੀ ਆਜ਼ਾਦੀ ਜਾਂ ਮਰਦ ਦੀ ਬਰਾਬਰਤਾ ਨਾਲ ਜੋੜ ਲਿਆ..ਕਿਹੋ ਜਿਹੇ ਰੋਲ ਮਾਡਲ ਬਣ ਰਹੇ ਹਾਂ ਅਸੀਂ ਨਵੀਂ ਪੀੜ੍ਹੀ ਲਈ?
ਫੁਰਸਤ ਮਿਲੇ ਤਾਂ ਸੋਚ ਲੈਣਾ ਕਦੇ!