ਸ਼ਾਹਕੋਟ/ਮਲਸੀਆਂ, (ਏ.ਐੱਸ. ਅਜ਼ਾਦ) – ਸ਼ਾਹਕੋਟ ਦੇ ਨਜ਼ਦੀਕੀ ਪਿੰਡ ਖਾਨਪੁਰ ਰਾਜਪੂਤਾਂ ਵਿਖੇ ਸਕੂਲ ਪੜ੍ਹਦੇ ਬੱਚਿਆਂ ਦੇ ਆਪਸੀ ਝਗੜੇ ਨੂੰ ਲੈ ਕੇ ਹੋਈ ਲੜਾਈ ਕਾਰਨ ਪਿੰਡ ਦੇ ਸਰਪੰਚ ਸਮੇਤ ਉਸ ਦਾ ਲੜਕਾ ਅਤੇ ਦੂਸਰੀ ਧਿਰ ਦੇ 2 ਹੋਰ ਵਿਅਕਤੀ ਗੰਭੀਰ ਜਖਮੀ ਹੋ ਗਏ। ਸਿਵਲ ਹਸਪਤਾਲ ਸ਼ਾਹਕੋਟ ’ਚ ਜ਼ੇਰੇ ਇਲਾਜ ਪਿੰਡ ਖਾਨਪੁਰ ਰਾਜਪੂਤਾਂ (ਸ਼ਾਹਕੋਟ) ਦੇ ਸਰਪੰਚ ਚਮਨ ਲਾਲ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਪਿੰਡ ਦੀ ਪੰਚਾਇਤੀ ਜਮੀਨ ਦੀ ਬੋਲੀ ਸੀ, ਜਿਸ ਸਬੰਧ ਉਹ ਕੁਲਵਿੰਦਰ, ਕਸ਼ਮੀਰ ਸਿੰਘ ਤੇ ਚੌਂਕੀਦਾਰ ਦੇਸ ਰਾਜ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੈਠੇ ਹੋਏ ਸਨ। ਇਸ ਦੌਰਾਨ ਚੌਂਕੀਦਾਰ ਦੇਸ ਰਾਜ ਨੇ ਉਸ ਨੂੰ ਕਿਹਾ ਕਿ ਤੁਹਾਨੂੰ ਕੋਈ ਬਾਹਰ ਬੁਲਾ ਰਿਹਾ ਹੈ। ਉਸ ਨੇ ਦੱਸਿਆ ਕਿ ਜਦ ਉਹ ਗੁਰਦੁਆਰਾ ਸਾਹਿਬ ਦੇ ਨਾਲ ਹੀ ਆਪਣੇ ਬਾਹਰ ਜਾ ਦੇਖਿਆ ਤਾਂ ਉਸ ਦੇ 7ਵੀਂ ’ਚ ਪੜ੍ਹਦੇ ਲੜਕੇ ਸਾਹਿਲ ਨੂੰ ਪਿੰਡ ਦੇ ਹੀ ਨੌਜਵਾਨ ਦਿਲਬਾਗ ਸਿੰਘ ਬੱਗਾ ਅਤੇ ਸਰਵਨ ਸਿੰਘ ਸੇਠੀ ਦੋਵੇਂ ਭਰਾ ਕੁੱਟ ਰਹੇ ਸਨ, ਜਿੰਨ੍ਹਾਂ ਕੋਲ ਦਸਤਾ ਅਤੇ ਹੋਰ ਤੇਜਧਾਰ ਹਥਿਆਰ ਸਨ, ਜਿੰਨ੍ਹਾਂ ਨੇ ਉਸ ਦੇ ਘਰ ਵੜ ਕੇ ਉਸ ਦੇ ਲੜਕੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਜਦ ਉਹ ਛੁਡਾਉਣ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਵੀ ਫੜ੍ਹ ਲਿਆ ਅਤੇ ਇੰਨ੍ਹਾਂ ਦੋਵਾਂ ਭਰਾਵਾਂ ਤੋਂ ਇਲਾਵਾ ਇਨਾਂ ਦਾ ਤੀਸਰਾ ਭਰਾ ਨਿਰਮਲ ਸਿੰਘ ਵੀ ਉਥੇ ਆ ਗਿਆ, ਜਿੰਨ੍ਹਾਂ ਨੇ ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਭਰਜਾਈ ਸੰਤੋਖ ਰਾਣੀ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਜਾਤੀ ਸੂਚਕ ਸ਼ਬਦ ਵੀ ਬੋਲੇ। ਉਸ ਨੇ ਦੱਸਿਆ ਕਿ ਇਹ ਲਲਕਾਰੇ ਮਾਰੇ ਰਹੇ ਅਤੇ ਧਮਕੀ ਦੇ ਰਹੇ ਸੀ ਕਿ ਅਜੇ ਤਾਂ ਸਮਝਾਉਣ ਆਏ ਹਾਂ, ਫਿਰ ਵੱਢਾਂਗੇ ਵੀ। ਉਸ ਨੇ ਦੱਸਿਆ ਕਿ ਪਿੰਡ ਦੇ ਲੋਕ ਲੜਾਈ ਝਗੜਾ ਦੇਖ ਸਾਨੂੰ ਛੁਡਾਉਣ ਆਏ। ਇਸ ਹਮਲੇ ਦੌਰਾਨ ਹਮਲਾ ਕਰਨ ਆਏ ਨੌਜਵਾਨਾਂ ਨੇ ਉਸ ਦੇ ਹੇਠਲੇ ਦੰਦ ਵੀ ਤੋੜ ਦਿੱਤੇ। ਇੰਨ੍ਹਾਂ ਦੇ ਜਾਣ ਤੋਂ ਬਾਅਦ ਸਾਡੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਹਸਪਤਾਲ ਦਾਖਲ ਕਰਵਾਇਆ। ਸਰਪੰਚ ਚਮਨ ਲਾਲ ਨੇ ਦੱਸਿਆ ਕਿ ਇਸ ਝਗੜੇ ਦਾ ਕਾਰਨ ਸਾਡੇ ਸਕੂਲ ਚ ਪੜ੍ਹਦੇ ਬੱਚਿਆਂ ਦੀ ਲੜਾਈ ਹੈ। ਉੱਧਰ ਹਸਪਤਾਲ ’ਚ ਜ਼ੇਰੇ ਇਲਾਜ਼ ਦੂਸਰੀ ਧਿਰ ਦੇ ਜਖਮੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਦਾ 6 ਸਾਲ ਦਾ ਲੜਕਾ ਗੁਰਸੇਵਕ ਸਿੰਘ ਸ਼ਾਹਕੋਟ ਸਕੂਲ ਵਿੱਚ ਪੜ੍ਹਦਾ ਹੈ। ਸਰਪੰਚ ਚਮਨ ਲਾਲ ਦਾ ਲੜਕਾ ਸਾਹਿਲ ਉਸ ਨਾਲ ਕਈ ਦਿਨਾਂ ਤੋਂ ਕੁੱਟਮਾਰ ਕਰ ਰਿਹਾ ਸੀ, ਜਿਸ ਕਾਰਨ ਗੁਰਸੇਵਕ ਸਕੂਲ ਜਾਣ ਤੋਂ ਡਰਦਾ ਸੀ। ਉਸ ਨੇ ਦੱਸਿਆ ਕਿ ਇਸ ਸਬੰਧ ਉਸ ਨੇ ਜਦੋਂ ਸਰਪੰਚ ਦੇ ਘਰ ਦੱਸਿਆ ਤਾਂ ਸਰਪੰਚ ਨੇ ਉਸ ਦੇ ਸਾਹਮਣੇ ਆਪਣੇ ਲੜਕੇ ਦੇ ਡਾਂਗ ਮਾਰੀ ਤੇ ਉਸਨੂੰ ਗਾਲ ਕੱਢ ਕੇ ਕਿਹਾ ਕਿ ਹੁਣ ਤੂੰ ਸਾਨੂੰ ਉਲਾਮੇ ਦਿਵਾਉਣ ਲੱਗ ਪਿਆ ਹੈ। ਇਸ ਤੋਂ ਬਾਅਦ ਪਤਾ ਨਹੀਂ ਸਰਪੰਚ ਦੇ ਮਨ ਵਿਚ ਕੀ ਆਈ ਅਤੇ ਸਰਪੰਚ ਨੇ ਉਸ ਦੇ ਵੀ ਜੋਰ ਨਾਲ ਡਾਂਗ ਮਾਰ ਦਿੱਤੀ ਤੇ ਇਸੇ ਗੱਲ ਤੋਂ ਝਗੜਾ ਸ਼ੁਰੂ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੇ ਆਪਣਾ ਬਚਾਅ ਕਰਕੇ ਆਪਣੇ ਭਰਾ ਸਰਬਣ ਸਿੰਘ ਨੂੰ ਫੋਨ ਤੇ ਦੱਸਿਆ ਤਾਂ ਉਹ ਵੀ ਉਥੇ ਆ ਗਿਆ ਤਾਂ ਸਰਪੰਚ ਨੇ ਸਰਬਣ ਦੇ ਡਾਂਗ ਮਾਰ ਕੇ ਉਸਨੂੰ ਜਖਮੀ ਕਰ ਦਿੱਤਾ। ਪਿੰਡ ਦੇ ਲੋਕਾਂ ਨੇ ਵਿੱਚ ਪੈ ਕੇ ਲੜਾਈ ਖਤਮ ਕਰਵਾਈ ਤੇ ਸਾਨੂੰ ਹਸਪਤਾਲ ਪਹੁੰਚਾਇਆ।