ਫ਼ਤਹਿਗੜ੍ਹ ਸਾਹਿਬ – “ਜਿਨ੍ਹਾਂ ਪੁਲਿਸ ਅਫ਼ਸਰਾਂ ਨੇ ਵਿਭਾਗੀ ਤਰੱਕੀਆ ਤੇ ਦੁਨਿਆਵੀ ਲਾਲਸਾਵਾਂ ਵੱਸ ਹੋ ਕੇ ਬੀਤੇ ਸਮੇਂ ਵਿਚ ਪਵਿੱਤਰ ਤੇ ਨੇਕ ਸਿੱਖਾਂ ਦੇ ਕਤਲ ਕੀਤੇ ਹਨ, ਹੁਣ ਅਜਿਹੇ ਪੁਲਿਸ ਅਫ਼ਸਰ ਸ਼ਹੀਦਾਂ ਦੀਆਂ ਰੂਹਾਂ ਤੋਂ ਭੈ-ਭੀਤ ਹੋ ਕੇ ਗੈਰ-ਦਲੀਲ ਬਿਆਨਬਾਜੀ ਕਰ ਰਹੇ ਹਨ । ਇਨ੍ਹਾਂ ਸ਼ਹੀਦਾਂ ਦੀਆਂ ਰੂਹਾਂ ਇਨ੍ਹਾਂ ਕਾਤਲਾਂ ਦਾ ਨਿਰੰਤਰ ਪਿੱਛਾ ਕਰ ਰਹੀਆ ਹਨ । ਜਿਸ ਕਰਕੇ ਇਹ ਦਿਨ-ਰਾਤ ਬੇਚੈਨ ਤੇ ਤੜਫ ਰਹੇ ਹਨ । ਜਥੇਦਾਰ ਗੁਰਦੇਵ ਸਿੰਘ ਕਾਊਂਕੇ ਦੇ ਕਾਤਲ ਕੰਵਲਜੀਤ ਸਿੰਘ ਸੰਧੂ, ਗੁਰਦੀਪ ਸਿੰਘ ਇੰਸਪੈਕਟਰ ਅਤੇ ਹੋਰਨਾਂ ਨੇ ਜਥੇਦਾਰ ਸਾਹਿਬ ਉਤੇ ਬਹੁਤ ਹੀ ਅਕਹਿ ਤੇ ਅਸਹਿ ਜ਼ਬਰ-ਜੁਲਮ ਕਰਕੇ ਸ਼ਹੀਦ ਕੀਤਾ ਅਤੇ ਫਿਰ ਸੀ.ਆਈ.ਏ. ਜਗਰਾਓ ਵਿਚ ਉਨ੍ਹਾਂ ਦੀ ਲਾਸ ਦੇ ਟੋਟੇ ਕਰਕੇ ਇਨ੍ਹਾਂ ਜ਼ਾਲਮਾਂ ਨੇ ਉਨ੍ਹਾਂ ਨੂੰ ਬੋਰੀ ਵਿਚ ਪਾ ਕੇ ਸਤਲੁਜ ਦਰਿਆ ਦੇ ਡੂੰਘੇ ਥਾਂ ਤੇ ਪਾ ਦਿੱਤਾ ਸੀ । ਸਾਡੀ ਪਾਰਟੀ ਦੇ ਜਰਨਲ ਸਕੱਤਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜਥੇਦਾਰ ਤਰਲੋਕ ਸਿੰਘ ਡੱਲਾ ਪ੍ਰਧਾਨ ਜਿ਼ਲ੍ਹਾ ਜਗਰਾਓ ਜਥੇਦਾਰ ਕਾਊਂਕੇ ਕਤਲ ਕੇਸ ਦੇ ਚਸਮਦੀਦ ਗਵਾਹ ਅੱਜ ਵੀ ਮੌਜੂਦ ਹਨ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਜਥੇਦਾਰ ਕਤਲ ਕੇਸ ਦੀ ਜਾਂਚ ਕਰ ਰਹੇ ਤਿਵਾੜੀ ਕਮਿਸ਼ਨ ਵੱਲੋਂ ਆਪਣੀ ਰਿਪੋਰਟ ਬਹੁਤ ਪਹਿਲੇ ਪੂਰਨ ਕਰਕੇ ਸਰਕਾਰ ਨੂੰ ਸੌਪ ਦੇਣ ਦੇ ਬਾਵਜੂਦ ਵੀ ਨਾ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਤਿਵਾੜੀ ਰਿਪੋਰਟ ਨੂੰ ਨਾ ਤਾਂ ਜਨਤਕ ਕੀਤਾ ਅਤੇ ਨਾ ਹੀ ਉਸ ਰਿਪੋਰਟ ਅਨੁਸਾਰ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ । ਜਿਸ ਕਾਰਨ ਇਹ ਦੋਵੇ ਸਿੱਖ ਕੌਮ ਦੇ ਕਾਤਲਾਂ ਦੇ ਸਹਿਯੋਗੀ ਹੀ ਸਾਬਤ ਹੁੰਦੇ ਆ ਰਹੇ ਹਨ । ਜਿਸ ਤੋਂ ਸਿੱਖ ਕੌਮ ਤੇ ਪੰਜਾਬੀਆਂ ਨੂੰ ਸੁਚੇਤ ਰਹਿਣਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਉਤੇ ਅਤੇ ਜਥੇਦਾਰ ਗੁਰਦੇਵ ਸਿੰਘ ਕਾਊਂਕੇ ਉਤੇ ਜ਼ਬਰ-ਜੁਲਮ ਢਾਹੁਣ ਵਾਲੇ ਅਤੇ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਵੱਲ ਇਸਾਰਾ ਕਰਦੇ ਹੋਏ ਅਤੇ ਉਨ੍ਹਾਂ ਨੂੰ ਉਭੜਵਾਹੇ ਉੱਠਕੇ ਅਤੇ ਸੁਪਨਿਆ ਵਿਚ ਵੀ ਸ਼ਹੀਦਾਂ ਦੀਆਂ ਰੂਹਾਂ ਤੋਂ ਭੈ-ਭੀਤ ਹੋਣ ਅਤੇ ਆਪਣੀਆ ਜਾਨਾਂ ਤੇ ਖ਼ਤਰੇ ਦੀ ਗੱਲ ਕਰਨ ਉਤੇ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਕਿਹਾ ਕਿ ਮਰਹੂਮ ਕੇ.ਪੀ.ਐਸ. ਗਿੱਲ, ਸੁਮੇਧ ਸੈਣੀ, ਐਸ.ਐਸ. ਵਿਰਕ, ਮੁਹੰਮਦ ਮੁਸਤਫਾ, ਕੰਵਲਜੀਤ ਸਿੰਘ ਸੰਧੂ, ਜਰਨਲ ਸੁੰਦਰਜੀ, ਜਰਨਲ ਕੁਲਦੀਪ ਬਰਾੜ ਵਰਗੇ ਸਿੱਖ ਕੌਮ ਦੇ ਕਾਤਲ ਅਫ਼ਸਰਾਂ ਨੂੰ ਆਪਣੇ ਕੀਤੇ ਗਏ ਅਣਮਨੁੱਖੀ ਅਤੇ ਗੈਰ-ਇਨਸਾਨੀਅਤ ਅਮਲਾਂ ਦੀ ਬਦੌਲਤ ਨਾ ਤਾਂ ਇਸ ਦੁਨੀਆਂ ਵਿਚ ਅਤੇ ਨਾ ਹੀ ਰੱਬ ਦੀ ਦਰਗਾਹ ਵਿਚ ਕੋਈ ਢੋਈ ਮਿਲਣੀ ਹੈ । ਅਜਿਹੇ ਜ਼ਾਬਰ ਅਫ਼ਸਰ ਬੇਸ਼ੱਕ ਸਰੀਰਕ ਤੌਰ ਤੇ ਜਿਊਂਦੇ ਹਨ, ਪਰ ਇਹ ਖੁਦ ਹੀ ਆਪਣੀ ਆਤਮਾਂ ਦੇ ਬੋਝ ਅਤੇ ਪਾਪਾ ਥੱਲ੍ਹੇ ਦੱਬਕੇ ਆਤਮਿਕ ਤੌਰ ਤੇ ਮਰ ਚੁੱਕੇ ਹਨ । ਜੇਕਰ ਮੌਜੂਦਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜਾਵਾ ਅਤੇ ਇਨਸਾਫ਼ ਦੇਣ ਲਈ ਸੁਹਿਰਦ ਹੈ ਤਾਂ ਉਨ੍ਹਾਂ ਨੂੰ ਤੁਰੰਤ ਤਿਵਾੜੀ ਰਿਪੋਰਟ ਅਨੁਸਾਰ ਕਾਰਵਾਈ ਕਰਕੇ ਕਾਤਲ ਅਫਸਰਸ਼ਾਹੀ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦੇਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਸ. ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਬਿਨ੍ਹਾਂ ਕੋਈ ਵੀ ਸਿਆਸੀ ਜਮਾਤ ਜਾਂ ਆਗੂ ਜਥੇਦਾਰ ਕਾਊਂਕੇ ਦੇ ਕਾਤਲਾਂ ਨੂੰ ਸਜ਼ਾਵਾ ਦਿਵਾਉਣ ਲਈ ਅਮਲੀ ਰੂਪ ਵਿਚ ਕਾਰਵਾਈ ਨਹੀਂ ਕਰ ਰਿਹਾ । ਜਦੋਂਕਿ ਅਸੀਂ ਜਥੇਦਾਰ ਧਿਆਨ ਸਿੰਘ ਮੰਡ ਜੀ ਦੀ ਅਗਵਾਈ ਵਿਚ ਸਿੱਖ ਕੌਮ ਦੇ ਮਸਲਿਆ ਨੂੰ ਹੱਲ ਕਰਵਾਉਣ ਲਈ ਬਰਗਾੜੀ ਵਿਖੇ ਬੀਤੇ 48 ਦਿਨਾਂ ਤੋਂ ਚੱਲ ਰਹੇ ਮੋਰਚੇ ਵਿਚ ਆਪਣੀਆ ਕੌਮੀ ਜਿੰਮੇਵਾਰੀਆ ਨਿਰੰਤਰ ਨਿਭਾਉਦੇ ਆ ਰਹੇ ਹਾਂ ਅਤੇ ਫੈਸਲਾ ਹੋਣ ਤੱਕ ਇਹ ਕੌਮੀ ਜਿ਼ੰਮੇਵਾਰੀ ਹਰ ਕੀਮਤ ਤੇ ਕਰਦੇ ਰਹਾਂਗੇ । ਜਦੋਂਕਿ ਅਸੀਂ ਉਪਰੋਕਤ ਕੌਮੀ ਮਸਲਿਆ ਲਈ ਸਭਨਾਂ ਪੰਥਕ ਦਲਾਂ ਅਤੇ ਬਾਦਲ ਦਲੀਆ ਨੂੰ ਵੀ ਸੁਹਿਰਦਤਾ ਭਰੀ ਅਪੀਲ ਕੀਤੀ ਸੀ ਕਿ ਬੇਸ਼ੱਕ ਕੁਝ ਮੁੱਦਿਆ ਉਤੇ ਸਾਡੇ ਵਿਚਾਰਾਂ ਦੇ ਵੱਖਰੇਵੇ ਹੋਣ, ਪਰ ਜਿਥੋਂ ਤੱਕ ਕੌਮੀ ਮਸਲਿਆ ਦਾ ਸਵਾਲ ਆਉਦਾ ਹੈ, ਉਥੇ ਅਸੀਂ ਇਕੱਤਰ ਹੋ ਕੇ ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਹਕੂਮਤ ਨੂੰ ਇਨ੍ਹਾਂ ਮਸਲਿਆ ਨੂੰ ਹੱਲ ਕਰਨ ਲਈ ਇਕ ਤਾਕਤ ਹੋ ਕੇ ਮਜ਼ਬੂਰ ਕਰ ਦੇਈਏ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਸ. ਸੁਖਦੇਵ ਸਿੰਘ ਢੀਡਸਾ ਅਤੇ ਹੋਰ ਬਾਦਲ ਦਲੀਏ ਕਦੀ ਸ੍ਰੀ ਮੋਦੀ ਨੂੰ ਅਤੇ ਕਦੀ ਸ੍ਰੀ ਰਾਜਨਾਥ ਸਿੰਘ ਨੂੰ ਉਪਰੋਕਤ ਮਸਲਿਆ ਲਈ ਵੱਖਰੇ ਤੌਰ ਤੇ ਮੁਲਾਕਾਤਾਂ ਕਰ ਰਹੇ ਹਨ । ਜਦੋਂਕਿ ਅੱਜ ਸਮੇਂ ਦੀ ਮੰਗ ਹੈ ਕਿ ਕੌਮੀ ਮਸਲਿਆ ਲਈ ਜਿਵੇਂ ਸ. ਪ੍ਰਕਾਸ਼ ਸਿੰਘ ਬਾਦਲ, ਮਰਹੂਮ ਗੁਰਚਰਨ ਸਿੰਘ ਟੋਹੜਾ ਅਤੇ ਅਸੀਂ ਬੀਤੇ ਸਮੇਂ ਵਿਚ ਸੈਂਟਰ ਹਕੂਮਤ ਅਤੇ ਯੂ.ਐਨ. ਦੇ ਸਕੱਤਰ ਜਰਨਲ ਨੂੰ ਮਿਲਦੇ ਰਹੇ ਹਾਂ, ਉਸੇ ਤਰ੍ਹਾਂ ਸਭ ਪੰਥਕ ਗਰੁੱਪ ਅਤੇ ਆਗੂ ਕੌਮੀ ਮਸਲਿਆ ਨੂੰ ਹੱਲ ਕਰਵਾਉਣ ਲਈ ਜੇਕਰ ਸੁਹਿਰਦਤਾ ਨਾਲ ਸਾਂਝੇ ਤੌਰ ਤੇ ਅਮਲ ਕਰ ਸਕਣ ਤਾਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸ੍ਰੀ ਮੋਦੀ ਹਕੂਮਤ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਨੂੰ ਸਾਡੇ ਕੌਮੀ ਜਾਇਜ ਮਸਲਿਆ ਨੂੰ ਹਰ ਕੀਮਤ ਤੇ ਹੱਲ ਵੀ ਕਰਨਾ ਪਵੇਗਾ ਅਤੇ ਜੋ ਸਿੱਖ ਕੌਮ ਨੂੰ ਗੈਰ-ਦਲੀਲ ਢੰਗਾਂ ਰਾਹੀ ਬਦਨਾਮ ਕਰਨ ਦੀਆਂ ਸਾਜਿ਼ਸਾਂ ਹੋ ਰਹੀਆ ਹਨ, ਉਸ ਤੋਂ ਵੀ ਤੋਬਾ ਕਰਨੀ ਪਵੇਗੀ । ਉਨ੍ਹਾਂ ਅੱਜ ਕੌਮਾਂਤਰੀ ਪੱਧਰ ਤੇ ਉੱਠੇ ਉਸ ਗੰਭੀਰ ਮਸਲੇ ਜਿਸ ਵਿਚ ਅਮਰੀਕਾ ਦੀ ਸ੍ਰੀ ਟਰੰਪ ਹਕੂਮਤ ਸਾਡੇ ਬੱਚਿਆਂ ਨੂੰ ਰਫਿਊਜੀ ਦਰਜਾ ਦੇਣ ਦੀ ਬਜਾਇ, ਜੇਲ੍ਹਾਂ ਵਿਚ ਬੰਦੀ ਬਣਾ ਰਹੀ ਹੈ ਜਾਂ ਫਿਰ ਉਨ੍ਹਾਂ ਬੱਚਿਆਂ ਜੋ ਆਪਣੀਆ ਕੀਮਤੀ ਜਾਨਾਂ ਨੂੰ ਬਚਾਅ ਕੇ ਅਮਰੀਕਾ ਵਰਗੇ ਮੁਲਕਾਂ ਵਿਚ ਦਾਖਲ ਹੋ ਰਹੇ ਹਨ, ਉਨ੍ਹਾਂ ਨੂੰ ਜ਼ਬਰੀ ਫਿਰ ਇੰਡੀਆ ਦੇ ਮੌਤ ਦੇ ਮੂੰਹ ਵਿਚ ਧਕੇਲਣ ਦੇ ਅਮਲ ਕਰ ਰਹੀ ਹੈ, ਉਸ ਮਸਲੇ ਨੂੰ ਵੀ ਸਾਨੂੰ ਸਭਨਾਂ ਨੂੰ ਸਾਂਝੇ ਤੌਰ ਤੇ ਗੰਭੀਰਤਾ ਨਾਲ ਲੈਣਾ ਪਵੇਗਾ ਅਤੇ ਕੌਮਾਂਤਰੀ ਪੱਧਰ ਤੇ ਸਮੂਹਿਕ ਕੌਮੀ ਆਵਾਜ਼ ਉਠਾਉਣੀ ਪਵੇਗੀ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ. ਪ੍ਰਕਾਸ਼ ਸਿੰਘ ਬਾਦਲ, ਬਾਦਲ ਦਲੀਏ ਅਤੇ ਹੋਰ ਜੇਕਰ ਕੋਈ ਪੰਥਕ ਗਰੁੱਪ ਕੌਮੀ ਮਸਲਿਆ ਤੋਂ ਵੱਖਰੀ ਸੋਚ ਤੇ ਅਮਲ ਕਰਦਾ ਹੈ ਉਹ ਸਮੂਹਿਕ ਤੌਰ ਤੇ ਆਉਣ ਵਾਲੇ ਸਮੇਂ ਵਿਚ ਜਿਥੇ ਅਮਲ ਕਰਨਗੇ, ਉਥੇ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਨੁਸਾਰ ਬਿਨ੍ਹਾਂ ਕਿਸੇ ਖੂਨ ਦਾ ਕਤਰਾ ਵਹਾਏ ਅਤੇ ਅਣਮਨੁੱਖੀ ਅਮਲਾਂ ਤੋਂ ਰਹਿਤ ਕੌਮਾਂਤਰੀ ਕੌਮੀ ਰਾਏ ਪੈਦਾ ਕਰਦੇ ਹੋਏ ਆਪਣਾ ਆਜ਼ਾਦ ਘਰ ‘ਖ਼ਾਲਿਸਤਾਨ’ ਨੂੰ ਕਾਇਮ ਕਰਨ ਵਿਚ ਸੁਹਿਰਦਤਾ ਨਾਲ ਭੂਮਿਕਾ ਨਿਭਾਉਣਗੇ ।