ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਅਬਾਸੀ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਹੋ ਰਹੀਆਂ ਆਮ ਚੋਣਾਂ ਵਿੱਚ ਜੇ ਉਨ੍ਹਾਂ ਦੀ ਪਾਰਟੀ ਜਿੱਤਦੀ ਹੈ ਤਾਂ ਸ਼ਾਹਬਾਜ਼ ਦੇਸ਼ ਦੇ ਅੱਗਲੇ ਪ੍ਰਧਾਨਮੰਤਰੀ ਬਣਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਪਾਰਟੀ ਵਿੱਚ ਸਰਬ ਸੰਮਤੀ ਨਾਲ ਇਸ ਮੁੱਦੇ ਤੇ ਅੰਤਿਮ ਫੈਂਸਲਾ ਲਿਆ ਜਾਵੇਗਾ। ਸ਼ਾਹਬਾਜ਼ ਸ਼ਰੀਫ਼ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਹਨ।
ਅਬਾਸੀ ਨੇ ਪੀਐਮਐਲ-ਐਨ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਨਵਾਜ਼ ਸ਼ਰੀਫ਼ ਦੇ ਪਨਾਮਾ ਪੇਪਰ ਮਾਮਲੇ ਵਿੱਚ ਸੁਪਰੀਮ ਕੋਰਟ ਦੁਆਰਾ ਦੋਸ਼ੀ ਪਾਏ ਜਾਣ ਤੇ ਆਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਅਬਾਸੀ ਪਾਕਿਸਤਾਨ ਦੇ ਪ੍ਰਧਾਨਮੰਤਰੀ ਦੇ ਅਹੁਦੇ ਤੇ ਵਿਰਾਜਮਾਨ ਹੋਏ ਸਨ। ਉਨ੍ਹਾਂ ਨੇ ਕਿਹਾ, ’25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਪਾਰਟੀ ਦੀ ਜਿੱਤ ਤੇ ਸ਼ਾਹਬਾਜ਼ ਸ਼ਰੀਫ਼ ਪ੍ਰਧਾਨਮੰਤਰੀ ਬਣਨਗੇ।’
ਸ਼ਾਹਬਾਜ਼ ਸ਼ਰੀਫ਼ ਜੂਨ, 2013 ਤੋਂ ਜੂਨ, 2018 ਤੱਕ ਪਾਕਿਸਤਾਨ ਵਿੱਚਲੇ ਪੰਜਾਬ ਦੇ ਮੁੱਖਮੰਤਰੀ ਰਹਿ ਚੁੱਕੇ ਹਨ। ਇਸ ਸਮੇਂ ਉਹ ਪੀਐਮਐਲ-ਐਨ ਦੇ ਪ੍ਰਧਾਨ ਵੀ ਹਨ। ਉਨ੍ਹਾਂ ਦੇ ਵੱਡੇ ਭਰਾ ਅਤੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਇਸ ਸਮੇਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਪਣੀ ਧੀ ਅਤੇ ਜਵਾਈ ਸਮੇਤ ਜੇਲ੍ਹ ਵਿੱਚ ਹਨ।