ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ।
ਲੁੱਟ ਲਈ ਜਵਾਨੀ ਤੇਰੀ, ਨਸ਼ਿਆਂ ਦੇ ਮਾਲ ਓਏ।
ਨਸ਼ੇ ਦੇ ਵਪਾਰੀ ਅੱਜ, ਚੋਗਾ ਹੈ ਖਲਾਰਿਆ।
ਤੇਰੇ ਜਹੇ ਭੋਲਿਆਂ ਲਈ, ਜਾਲ ਹੈ ਪਸਾਰਿਆ।
ਚੂਸ ਲਿਆ ਰੱਤ ਤੇਰਾ, ਜੁੱਸਾ ਦਿੱਤਾ ਗਾਲ਼ ਓਏ
ਪਗੜੀ…..
ਦੁੱਧ ਘਿਓ ਨਾਲ ਪਲੀ, ਤੇਰੀ ਇਹ ਜਵਾਨੀ ਸੀ।
ਦੁਨੀਆਂ ‘ਚ ਤੇਰਾ ਕੋਈ, ਹੋਰ ਨਹੀਉਂ ਸਾਨੀ ਸੀ।
ਮੇਲਿਆਂ ਤੇ ਛਿੰਜਾਂ ਵਿੱਚ, ਪਾਉਂਦਾ ਸੈਂ ਧਮਾਲ ਓਏ
ਪਗੜੀ…..
ਤੇਰੇ ਉੱਤੇ ਦੇਸ਼ ਨੂੰ ਤਾਂ, ਸਦਾ ਰਿਹਾ ਮਾਣ ਓਏ।
ਜੱਗ ਵਿੱਚ ਰਹੀ ਤੇਰੀ, ਵੱਖਰੀ ਪਛਾਣ ਓਏ।
ਚਿਹਰੇ ਉੱਤੇ ਫੱਬਦਾ ਸੀ, ਤੇਰੇ ਤਾਂ ਜਲਾਲ ਓਏ
ਪਗੜੀ…..
ਅੰਨ ਦਾਤਾ ਜੱਗ ਦਾ ਤੂੰ, ਬਣਿਆਂ ਸੈਂ ਸੋਹਣਿਆਂ।
ਧੰਨ ਤੇਰੀ ਮਾਤਾ ਜਿਸ, ਜਣਿਆਂ ਸੈਂ ਸੋਹਣਿਆਂ।
ਭੁੱਖ ਨਾਲ ਵਿਲਕਦੇ ਨੇ, ਅੱਜ ਤੇਰੇ ਬਾਲ ਓਏ
ਪਗੜੀ…..
ਧਾੜਵੀ ਵਿਦੇਸ਼ੀਆਂ ਨੂੰ, ਠੱਲ੍ਹ ਤੂੰਹੀਂਓ ਪਾਉਂਦਾ ਸੈਂ।
‘ਦੀਸ਼’ ਜਹੀਆਂ ਭੈਣਾਂ ਦੀ ਤੂੰ, ਪੱਤ ਵੀ ਬਚਾਉਂਦਾ ਸੈਂ।
ਜੱਗ ਦੇ ਲਈ ਬਣ ਜਾ ਤੂੰ, ਫਿਰ ਤੋਂ ਮਿਸਾਲ ਓਏ
ਪਗੜੀ……