ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਐਤਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (CWC) ਦੀ ਮੀਟਿੰਗ ਵਿੱਚ ਜੁਮਲੇਬਾਜ਼ੀ ਨੂੰ ਲੈ ਕੇ ਮੋਦੀ ਤੇ ਤਿੱਖੇ ਵਾਰ ਕੀਤੇ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਵਾਅਦੇ ਤੇ ਕਿਹਾ ਕਿ ਖੇਤੀ ਵਿੱਚ 14 ਫੀਸਦੀ ਦੀ ਵਿਕਾਸ ਦਰ ਪ੍ਰਾਪਤ ਕੀਤੇ ਬਿਨਾਂ ਇਹ ਸੰਭਵ ਨਹੀਂ ਹੈ।
ਡਾ. ਮਨਮੋਹਨ ਸਿੰਘ ਨੇ ਵਿਕਾਸ ਦੇ ਲਈ ਮਜ਼ਬੂਤ ਪਾਲਿਸੀ ਫਰੇਮਵਰਕ ਬਣਾਉਣ ਦੀ ਜਗ੍ਹਾ ਜੁਮਲੇਬਾਜ਼ੀ ਨੂੰ ਲੈ ਕੇ ਪੀਐਮ ਮੋਦੀ ਤੇ ਚੰਗੇ ਨਿਸ਼ਾਨੇ ਸਾਧੇ। ਇਸ ਬੈਠਕ ਦੌਰਾਨ ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਕਿ ਜੇ 2022 ਤੱਕ ਜੇ ਅਸਾਂ ਕਿਸਾਨਾਂ ਦੀ ਇਨਕਮ ਦੁਗਣੀ ਕਰਨੀ ਹੈ ਤਾਂ ਖੇਤੀ ਵਿੱਚ 14 ਫੀਸਦੀ ਦੀ ਵਿਕਾਸ ਦਰ ਹੋਣੀ ਚਾਹੀਦੀ ਹੈ, ਜਿਸਦੀ ਕਿ ਫਿਲਹਾਲ ਕੋਈ ਵੀ ਸੰਭਾਵਨਾ ਵਿਖਾਈ ਨਹੀਂ ਦੇ ਰਹੀ। ਵਰਨਣਯੋਗ ਹੈ ਕਿ ਵਿੱਤਮੰਤਰੀ ਜੇਟਲੀ ਨੇ ਇਸ ਸਾਲ 2018 ਦੇ ਲਈ ਪੇਸ਼ ਕੀਤੇ ਗਏ ਆਰਥਿਕ ਸਰਵੇ ਵਿੱਚ ਖੇਤੀ ਖੇਤਰ ਵਿੱਚ 2.1 ਫੀਸਦੀ ਵਿਕਾਸ ਦਰ ਦਾ ਅਨੁਮਾਨ ਜਾਹਿਰ ਕੀਤਾ ਸੀ।
ਮੋਦੀ ਸਰਕਾਰ ਜੋਰਸ਼ੋਰ ਨਾਲ ਇਹ ਪ੍ਰਚਾਰ ਕਰ ਰਹੀ ਹੈ ਕਿ ਉਨ੍ਹਾਂ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰ ਦਿੱਤੇ ਹਨ। ਅਜਿਹੇ ਹਾਲਾਤ ਵਿੱਚ ਡਾ. ਮਨਮੋਹਨ ਸਿੰਘ ਵੱਲੋਂ ਕੀਤੀ ਗਈ ਇਸ ਟਿਪਣੀ ਨੂੰ ਬੀਜੇਪੀ ਦੇ ਪ੍ਰਚਾਰ ਦੇ ਕਾਟ ਦੇ ਤੌਰ ਤੇ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।
ਕਾਂਗਰਸ ਵਰਕਿੰਗ ਕਮੇਟੀ ਦੀ ਇਸ ਉਚ ਪੱਧਰੀ ਬੈਠਕ ਵਿੱਚ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਇਲਾਵਾ, ਸੋਨੀਆ ਗਾਂਧੀ, ਮੁੱਖਮੰਤਰੀ ਅਮਰਿੰਦਰ ਸਿੰਘ, ਏਕੇ ਐਂਟਨੀ, ਮੋਤੀਲਾਲ ਵੋਹਰਾ, ਗੁਲਾਮ ਨਬੀ ਆਜ਼ਾਦ, ਮਲਿਕਾ ਅਰਜਨ ਖੜਗੇ ਅਤੇ ਅਸ਼ੋਕ ਗਹਿਲੋਤ ਵਰਗੇ ਉਚ ਨੇਤਾ ਮੌਜੂਦ ਸਨ।