ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਇਕ ਡੂੰਘੀ ਸਾਜ਼ਿਸ਼ ਤਹਿਤ ਪੰਜਾਬ ਨੂੰ ਮੁੜ ਅੱਗ ਦੀ ਭੱਠੀ ’ਚ ਝੋਕਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ’ਚ ਅੱਜ ਵੀ ਕੋਈ ਤਬਦੀਲੀ ਨਹੀਂ ਆਈ ਹੈ। ਸਿੱਖ ਪੰਥ ਅਤੇ ਪੰਜਾਬ ਦੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਆਪਣੀਆਂ ਨਾਕਾਮੀਆਂ ’ਤੇ ਪਰਦਾਪੋਸ਼ੀ ਲਈ 35 ਸਾਲ ਪਹਿਲਾਂ ਕਾਂਗਰਸ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਸਾਜ਼ਿਸ਼ੀ ਕਾਰਿਆਂ ਦੁਆਰਾ ਹਜ਼ਾਰਾਂ ਬੇਗੁਨਾਹ ਸਿੱਖਾਂ ਦੀ ਹਤਿਆ ਕਰ ਦਿਤੀ ਗਈ।
ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਅਤੇ ਦਿਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕਤਰ ਤੇ ਅਬਜਰਵਰ ਅੰਮ੍ਰਿਤਸਰ ਵਿਧਾਇਕ ਸ: ਮਨਜਿੰਦਰ ਸਿੰਘ ਸਿਰਸਾ, ਸਾਬਕਾ ਮੰਤਰੀ ਸ: ਗੁਲਜਾਰ ਸਿੰਘ ਰਣੀਕੇ, ਜਿਲਾ ਪ੍ਰਧਾਨ ਸਾਬਕਾ ਵਿਧਾਇਕ ਸ: ਵੀਰ ਸਿੰਘ ਲੋਪੋਕੇ ਨੇ ਸੀਨੀਅਰ ਅਕਾਲੀ ਆਗੂਆਂ ਦੀ ਮੀਟਿੰਗ ਦੌਰਾਨ ਲਏ ਗਏ ਫ਼ੈਸਲਿਆਂ ਬਾਰੇ ਪ੍ਰੈਸ ਨੂੰ ਜਾਣੂ ਕਰਾਉਂਦਿਆਂ ਇਤਿਹਾਸਕ ਹਵਾਲਿਆਂ ਨਾਲ ਕਿਹਾ ਕਿ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਿਖ ਸਿਧਾਂਤ ਅਤੇ ਪਰੰਪਰਾਵਾਂ ਦੀ ਮਾਣ ਮਰਿਆਦਾ ਕਾਇਮ ਰਖਣ ਲਈ ਸ਼ੁਰੂ ਤੋਂ ਹੀ ਲੜਾਈ ਲੜਦਾ ਆ ਰਿਹਾ ਹੈ ਅਤੇ ਲੜਦਾ ਰਹੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਥ ਨੂੰ ਕਮਜ਼ੋਰ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦੇਣ ਵਾਲਿਆਂ ਨੂੰ ਆੜੇ ਹੱਥੀਂ ਲੈਦਾ ਰਹੇਗਾ। ਉਨ੍ਹਾਂ ਕਿਹਾ ਕਿ ’84 ’ਚ ਇੰਦਰਾ ਗਾਂਧੀ ਸਰਕਾਰ ਵੱਲੋਂ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਪਾਵਨ ਪਵਿੱਤਰ ਸਰੂਪਾਂ ਨੂੰ ਅਗਨ ਭੇਟ ਕਰਨ ਤੋਂ ਇਲਾਵਾ ਹਜ਼ਾਰਾਂ ਨਿਰਦੋਸ਼ ਸਿਖਾਂ ਦੇ ਖੂਨ ਨਾਲ ਹੋਲੀ ਖੇਡੀ ਗਈ। ਨਵੰਬਰ ’84 ਦੌਰਾਨ ਦੇਸ਼ ਦੇ ਕਈ ਹਿੱਸਿਆਂ ’ਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਰਾਹੀਂ ਸਿਖ ਨਸਲਕੁਸ਼ੀ ਲਈ ਵੀ ਕਾਂਗਰਸ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕਾਂਗਰਸ ਸਰਕਾਰ ਪੰਜਾਬ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ’ਚ ਨਾਕਾਮ ਰਹੀ ਹੈ ਅਤੇ ਇਸੇ ਨਾਕਾਮੀ ਨੂੰ ਛੁਪਾਉਣ ਅਤੇ ਲੋਕਾਂ ਦਾ ਧਿਆਨ ਹਟਾਉਣ ਲਈ ਪੰਜਾਬ ਦੇ ਲੋਕਾਂ ਨੂੰ ਸਾਜ਼ਿਸ਼ ਤਹਿਤ ਘੇਰ ਰਹੀ ਹੈ ਅਤੇ ਪੰਜਾਬ ’ਚ ਭਰਾ ਮਾਰੂ ਜੰਗ ਲਈ ਜ਼ਮੀਨ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਹਿਤਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਕੌਮ ਦੀਆਂ ਸਿਰਮੌਰ ਜਥੇਬੰਦੀਆਂ ਸੰਸਥਾਵਾਂ ਅਤੇ ਸਿਆਸੀ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਵਿਰੋਧੀ ਪਾਰਟੀਆਂ ਨੇ ਸੋੜੀ ਰਾਜਸੀ ਸਵਾਰਥ ਲਈ ਬੜੀ ਡੂੰਘੀ ਸਾਜ਼ਿਸ਼ ਤਹਿਤ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀਆਂ ਕਰਵਾਈਆਂ ਸਨ। ਅਜ ਉਸੇ ਦੀ ਆੜ ’ਚ ਕਾਂਗਰਸ ਦੇ ਹੱਥਾਂ ’ਚ ਖੇਡ ਦੇ ਹੋਏ ਪੰਥ ਤੋਂ ਨਕਾਰ ਹੋਏ ਮੁਠੀ ਭਰ ਲੋਕ ਸਿਖੀ ਭੇਸ ’ਚ ਅਖੌਤੀ ਮੋਰਚਾ ਲਗਾਈ ਬੈਠੇ ਹਨ। ਜਿਨ੍ਹਾਂ ਸੌੜੀ ਮਕਸਦ ਅਧੀਨ ਕਾਂਗਰਸ ਨੂੰ ਲਾਭ ਪਹੁੰਚਾਉਣ ਲਈ ਸਿਖ ਕੌਮ ’ਚ ਦੁਬਿਧਾ ਖੜੀ ਕਰਦਿਆਂ ਅਤੇ ਭਰਾ ਮਾਰੂ ਜੰਗ ਰਾਹੀਂ ਪੰਜਾਬ ਨੂੰ ਫਿਰ ਤੋਂ ਲਾਂਬੂ ਲਾਉਣ ਦੀ ਤਾਕ ’ਚ ਹਨ।
ਉਨ੍ਹਾਂ ਕਿਹਾ ਕਿ ਅਖੌਤੀ ਮੋਰਚਾ ਬੇਅਦਬੀਆਂ ਪ੍ਰਤੀ ਲੋਕਾਂ ਨੂੰ ਗੁਮਰਾਹ ਕਰਨ ਪ੍ਰਤੀ ਇਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਜੋ ਕਿ ਕਾਂਗਰਸ ਵੱਲੋਂ ਯੋਜਨਾਬੱਧ ਤਰੀਕੇ ਨਾਲ ਆਪਣੇ ਪਿੱਠੂਆਂ ਤੋਂ ਆਪਣੀ ਹੀ ਸਰਕਾਰ ਖ਼ਿਲਾਫ਼ ਸ਼ੁਰੂ ਕਰਾਇਆ ਗਿਆ ਅਤੇ ਹਰ ਤਰਾਂ ਰਾਜਸੀ ਅਤੇ ਆਰਥਿਕ ਹਮਾਇਤ ਦਿਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਅਖੌਤੀ ਮੋਰਚੇ ਰਾਹੀਂ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਲੋਕਾਂ ਨੂੰ ਭਟਕਾਉਣ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ। ਰਾਜ ਸਰਕਾਰ ਲੋਕਾਂ ਨੂੰ ਉਕਸਾ ਕੇ ਬੇਰੁਜ਼ਗਾਰੀ, ਕਿਸਾਨ ਹੱਤਿਆਵਾਂ, ਕਿਸਾਨੀ ਕਰਜ਼ਿਆਂ ਨੂੰ ਮੁਆਫ਼ ਕਰਨ ਅਤੇ ਨਸ਼ਿਆਂ ਦੇ ਪਸਾਰੇ ਨੂੰ ਰੋਕਣ ’ਚ ਬੁਰੀ ਤਰਾਂ ਫ਼ੇਲ੍ਹ ਹੋਣ ’ਤੇ ਪਰਦਾਪੋਸ਼ੀ ਕਰਨਾ ਚਾਹੁੰਦੀ ਹੈ। ਉਨ੍ਹਾਂ ਦਸਿਆ ਕਿ ਇਹ ਪਹਿਲਾ ਮੋਰਚਾ ਹੈ ਜਿਸ ’ਚ ਸਰਕਾਰੀ ਤੰਤਰ ਦਾ ਖਲਮ ਖੁਲਾ ਇਸਤੇਮਾਲ ਹੋ ਰਿਹਾ ਹੈ। ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਅਤੇ ਵਿਦੇਸ਼ੀ ਫੰਡਿੰਗ ਦਾ ਮਾਮਲਾ ਸਾਹਮਣੇ ਆਉਣ ਨਾਲ ਇਹ ਸਪਸ਼ਟ ਹੋਗਿਆ ਹੈ ਕਿ ਉਕਤ ਅਖੌਤੀ ਮੋਰਚੇ ਦੇ ਆਗੂ ਅਖੌਤੀ ਜਥੇਦਾਰਾਂ ਵੱਲੋਂ ਵਿਦੇਸ਼ ਦੀਆਂ ਸੰਗਤਾਂ ਨੂੰ ਗੁਮਰਾਹ ਕਰਦਿਆਂ ਆਪਣੀਆਂ ਜੇਬਾਂ ਗਰਮ ਕੀਤੀਆਂ ਜਾ ਰਹੀਆਂ ਹਨ। ਜਿਸ ਪ੍ਰਤੀ ਰਿਪੋਰਟ ਨਸ਼ਰ ਹੋਣ ’ਤੇ ਸਰਕਾਰ ਆਪਣੀਆਂ ਏਜੰਸੀਆਂ ਦੀ ਰਿਪੋਰਟ ਦਬਾਉਣ ’ਤੇ ਲਗੀ ਹੋਈ ਹੈ। ਉਨ੍ਹਾਂ ਦਸਿਆ ਕਿ ਦਾਨਸ਼ਮੰਦ ਸਿਖ ਸੰਗਤਾਂ ਇਸ ਪ੍ਰਤੀ ਸੁਚੇਤ ਹਨ। ਉਨ੍ਹਾਂ ਕਿਹਾ ਕਾਂਗਰਸ ਆਪਣੇ ਪਿੱਠੂਆਂ ਰਾਹੀਂ ਅਖੌਤੀ ਮੋਰਚੇ ਲਾ ਕੇ ਸਿਖਾਂ ਕੌਮ ਨੂੰ ਗੁਮਰਾਹ ਨਹੀਂ ਕਰ ਸਕੇਗੀ। ਉਨ੍ਹਾਂ ਕਿਹਾ ਕਿ ਅਖੌਤੀ ਮੋਰਚੇ ਦੇ ਆਗੂ ਉਹੀ ਲੋਕ ਹਨ ਜਿਨ੍ਹਾਂ ਦੋ ਢਾਈ ਸਾਲ ਪਹਿਲਾਂ ਚੱਬੇ ’ਚ ਕਾਂਗਰਸ ਦੀ ਹਮਾਇਤ ਨਾਲ ਅਖੌਤੀ ਪੰਥਕ ਇਕੱਠ ਕਰਦਿਆਂ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਦੀ ਅਸਲ ਮਕਸਦ ਅਤੇ ਮਾਨਸਿਕਤਾ ਨੂੰ ਭਾਂਪ ਦਿਆਂ ਲੋਕਾਂ ਨੇ ਉਨ੍ਹਾਂ ਦੀ ਜਲਦ ਫੂਕ ਕੱਢ ਦਿਤੀ ਸੀ। ਉਹੀ ਲੋਕ ਹਨ ਜੋ ਕਦੀ ਕਾਂਗਰਸ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਹਮਲੇ ਅਤੇ ਸਿਖ ਕਤਲੇਆਮ ਖ਼ਿਲਾਫ਼ ਬੋਲਣ ਦੀ ਹਿੰਮਤ ਨਹੀਂ ਰੱਖਦੇ ਪਰ ਹੁਣ ਇਕ ਵਾਰ ਫਿਰ ਕਾਂਗਰਸ ਨੂੰ ਦਰਪੇਸ਼ ਮੁਸ਼ਕਲ ’ਚ ਵਫ਼ਾਦਾਰੀ ਜਤਾਉਣ ਲਈ ਉਨ੍ਹਾਂ ਦੀ ਪਿੱਠ ’ਤੇ ਆਣ ਖਲੋਤੇ ਹਨ। ਕੁੱਝ ਕਾਂਗਰਸ ਮੰਤਰੀਆਂ ਅਤੇ ਦਿੱਲੀ ਦੇ ਅਖੌਤੀ ਸਿਖ ਆਗੂ ਪਰਮਜੀਤ ਸਿੰਘ ਸਰਨਾ ਜੋ ਕਿ ਗਾਂਧੀ ਪਰਿਵਾਰ, ਸ਼ੀਲਾ ਦੀਕਸ਼ਤ ਅਤੇ ਦਿੱਲੀ ਸਿਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਤੇ ਸਜਨ ਕੁਮਾਰ ਵਰਗਿਆਂ ਦਾ ਆੜੀ ਹਨ ਵੱਲੋਂ ਮੋਰਚੇ ’ਚ ਪਹੁੰਚ ਕੇ ਅਖੌਤੀ ਜਥੇਦਾਰਾਂ ਨੂੰ ਗਾਂਧੀ ਪਰਿਵਾਰ ਦੀਆਂ ਹਦਾਇਤਾਂ ਦੇਣ ਅਤੇ ਉਨ੍ਹਾਂ ਨੂੰ ਗਾਈਡ ਕਰਨ ਨਾਲ ਮੋਰਚੇ ਦਾ ਗੁਪਤ ਏਜੰਡਾ ਵੀ ਬੇਨਕਾਬ ਹੋ ਗਿਆ ਹੈ। ਉਨ੍ਹਾਂ ਦਸਿਆ ਕਿ ਕੁੱਝ ਲੋਕ ਸਿੱਖੀ ਦੇ ਭੇਸ ’ਚ ਪੰਥ ’ਚ ਛੁਪੀ ਬੈਠੇ ਹਨ। ਉਨ੍ਹਾਂ ਅਖੌਤੀ ਜਥੇਦਾਰਾਂ ਨੂੰ ਸਵਾਲ ਕੀਤਾ ਕਿ ਉਹ ਕਹਿਣ ਮੁਤਾਬਿਕ ਹਜ਼ਾਰਾਂ ਸਿਖ ਨੌਜਵਾਨਾਂ ਦੇ ਕਾਤਲ ਕੇਪੀਐਸ ਗਿੱਲ ਦੇ ਅੰਤਿਮ ਰਸਮਾਂ ’ਚ ਸ਼ਾਮਿਲ ਹੋਏ ਕਾਂਗਰਸੀਆਂ ਖ਼ਿਲਾਫ਼ ਕਾਰਵਾਈ ਕਿਉ ਨਾ ਕੀਤੀ। ਉਨ੍ਹਾਂ ਕਾਂਗਰਸ ਹਾਈ ਕਮਾਨ ਨੂੰ ਸਵਾਲ ਕੀਤਾ ਕਿ ਕੀ ਉਹ ਪੰਜਾਬ ਕਾਂਗਰਸ ਅਤੇ ਕਾਂਗਰਸ ਸਰਕਾਰ ਵੱਲੋਂ ਰਚੀ ਗਈ ਸਾਜ਼ਿਸ਼ ਨੂੰ ਸਹਿਮਤੀ ਅਤੇ ਸ਼ਹਿ ਦੇ ਕੇ ਪੰਜਾਬ ’ਚ ਭਰਾ ਮਾਰੂ ਜੰਗ ਕਰਵਾ ਕੇ ਮੁੜ ਪੰਜਾਬ ਨੂੰ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀ ਹੈ। ਉਨ੍ਹਾਂ ਕਾਂਗਰਸ ਹਾਈ ਕਮਾਨ ਨੂੰ ਆਗਾਹ ਕਰਦਿਆਂ ਆਪਣੀਆਂ ਗ਼ਲਤੀਆਂ ਨਾ ਦੁਹਰਾਉਣ ਅਤੇ ਪੰਜਾਬ ਨੂੰ ਆਪਣੀ ਸੌੜੀ ਸਿਆਸਤ ਦਾ ਅਖਾੜਾ ਨਾ ਬਣਾਉਣ ਲਈ ਵੀ ਕਿਹਾ ਹੈ। ਅਖੀਰ ’ਚ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੀਆਂ ਸਾਜ਼ਿਸ਼ਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਾਲ ਹੀ ਵਿਚ ਉਸ ਵੱਲੋਂ ਸਿੱਖ ਮਾਮਲਿਆਂ ਪ੍ਰਤੀ ਝੂਠੀ ਚਿੰਤਾ ਅਤੇ ਹੇਰਵਾ ਦਾ ਦਿਖਾਵਾ ਕਰਕੇ ਵੀ ਸਿਖ ਕੌਮ ਅਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਸਕੇਗਾ । ਇਸ ਮੌਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਡਾ: ਦਲਬੀਰ ਸਿੰਘ ਵੇਰਕਾ, ਮਲਕੀਤ ਸਿੰਘ ਏ ਆਰ, ਮੀਡੀਆ ਕੋਅਰਡੀਨੇਟਰ ਸਰਬਜੀਤ ਸਿੰਘ ਸਾਬੀ ਮੁਕੇਰੀਆਂ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਸ੍ਰੋਮਣੀ ਕਮੇਟੀ ਮੈਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ, ਸੁਰਜੀਤ ਸਿੰਘ ਭਿਟੇਵਡ, ਬੀਬੀ ਕਿਰਨਜੋਤ ਕੌਰ, ਅਮਰਜੀਤ ਸਿੰਘ ਬੰਡਾਲਾ, ਮਲਵਿੰਦਰ ਸਿੰਘ ਖਾਪੜਖੇੜੀ, ਬਲਦੇਵ ਸਿੰਘ ਤੇੜਾ, ਬਿਕਰਮਜੀਤ ਸਿੰਘ ਕੋਟਲਾ, ਪ੍ਰਮਜੀਤ ਸਿੰਘ ਪ੍ਰਧਾਨ ਐਸ ਸੀ ਵਿੰਗ, ਆਰ ਸੀ ਯਾਦਵ ਪ੍ਰਧਾਨ ਪ੍ਰਵਾਸੀ ਵਿੰਗ, ਬੀਬੀ ਰਾਜਵਿੰਦਰ ਕੌਰ, ਬੀਬੀ ਵਜਿੰਦਰ ਕੌਰ ਵੇਰਕਾ, ਗੁਰਪ੍ਰੀਤ ਸਿੰਘ ਰੰਧਾਵਾ, ਰਜਿੰਦਰ ਸਿੰਘ ਮਰਵਾਹ, ਰਵੇਲ ਸਿੰਘ, ਰਾਣਾ ਰਣਬੀਰ ਸਿੰਘ ਲੋਪੋਕੇ, ਮੇਜਰ ਸ਼ਿਵੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।