ਲੁਧਿਆਣਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਵੱਲੋਂ ਕੈਂਪਸ ਵਿਚ ਇਕ ਮੈਗਾ ਨੌਕਰੀ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 1100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿਚ ਡਿਪਲੋਮਾ ਹੋਲਡਰ ਅਤੇ ਡਿਗਰੀ ਹੋਲਡਰ ਦੋਹਾਂ ਤਰਾਂ ਦੇ ਉਮੀਦਵਾਰਾਂ ਦੀ ਕੰਪਨੀਆਂ ਵੱਲੋਂ ਮੰਗ ਸੀ। ਜਦ ਕਿ ਇਸ ਨੌਕਰੀ ਮੇਲੇ ਵਿਚ ਕੋਕਾ ਕੋਲਾ, ਟੈਂਕ ਮਹਿੰਦਰਾ, ਹਾਈਵੇਅ ਇੰਡਸਟਰੀ ਲਿਮ., ਓਸਵਾਲ ਵੂਲਨ ਮਿਲਜ਼, ਵਰਧਮਾਨ ਯਾਨ, ਕੈਪੀਟਲ ਬੈਂਕ, ਨਹਿਰ ਰਿਟੇਲ ਲਿਮ., ਕੰਗਾਰੂ ਇੰਡਸਟਰੀ, ਕਿੰਗਫਿਸ਼ਰ ਜਿਹੀਆਂ ਵਿਸ਼ਵ ਦੀਆਂ 51 ਪ੍ਰਸਿੱਧ ਕੰਪਨੀਆਂ ਨੇ ਸ਼ਿਰਕਤ ਕੀਤੀ। ਕੰਪਨੀ ਦੇ ਨੁਮਾਇੰਦਿਆਂ ਨੇ ਲਿਖਤੀ ਟੈੱਸਟ, ਗਰੁੱਪ ਡਿਸਕਸ਼ਨ ਅਤੇ ਨਿੱਜੀ ਇੰਟਰਵਿਊ ਤੋਂ ਬਾਅਦ 235 ਵਿਦਿਆਰਥੀਆਂ ਦੀ ਚੋਣ ਕੀਤੀ।ਇਨ੍ਹਾਂ ਚੁਣੇ ਗਏ ਉਮੀਦਵਾਰਾਂ ਨੂੰ ਘੱਟੋ ਘੱਟ 1.50 ਲੱਖ ਦਾ ਪੈਕੇਜ ਅਤੇ ਵੱਧ ਤੋਂ ਵੱਧ ਚਾਰ ਲੱਖ ਤੱਕ ਦਾ ਪੈਕੇਜ ਆਫ਼ਰ ਕੀਤਾ ਗਿਆ। ਇਨ੍ਹਾਂ ਚੁਣੇ ਗਏ ਇਨ੍ਹਾਂ ਵਿਦਿਆਰਥੀਆਂ ਵਿਚ ਜ਼ਿਆਦਾਤਰ ਉਹ ਵਿਦਿਆਰਥੀ ਸਨ, ਜੋ ਆਪਣੇ ਪੜਾਈ ਪੂਰੀ ਕਰਨ ਦੇ ਅੰਤਿਮ ਸਾਲ ਵਿਚ ਸਨ।
ਇਸ ਮੌਕੇ ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਇਸ ਨੌਕਰੀ ਮੇਲੇ ਦੀ ਸਫਲਤਾ ਦਾ ਸਿਹਰਾ ਗਰੁੱਪ ਦੇ ਟਰੇਨਿੰਗ ਅਤੇ ਪਲੇਸਮੈਂਟ ਨੂੰ ਦਿੰਦੇ ਹੋਏ ਦੱਸਿਆਂ ਕਿ ਇਸ ਨੌਕਰੀ ਮੇਲੇ ਨੂੰ ਆਯੋਜਿਤ ਕਰਨ ਦਾ ਉਨ੍ਹਾਂ ਦਾ ਮੁੱਖ ਮਕਸਦ ਕੈਂਪਸ ਦੇ ਵਿਦਿਆਰਥੀਆਂ ਨੂੰ ਨੌਕਰੀ ਦੇ ਮੌਕੇ ਦੇਣ ਦੇ ਨਾਲ ਨਾਲ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਸ ਪਾਸ ਦੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ ਸੀ। ਜਿਸ ਵਿਚ ਉਹ ਪੂਰੀ ਤਰਾਂ ਕਾਮਯਾਬ ਰਹੇ ਹਨ।
ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਇਸ ਮੌਕੇ ਨੌਜਵਾਨਾਂ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਆਪਣਾ ਟੀਚਾ ਪ੍ਰਾਪਤ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ ਬਲਕਿ ਸਫਲਤਾ ਮਿਹਨਤ ਅਤੇ ਲਗਨ ਨਾਲ ਹੀ ਪ੍ਰਾਪਤ ਹੁੰਦੀ ਹੈ। ਇਸ ਮੌਕੇ ਉਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫਲ ਭਵਿੱਖ ਦੀ ਕਾਮਨਾ ਕੀਤੀ।