ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਹੁਣ ਰਾਜਨੇਤਾ ਬਣੇ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਸੱਤਾ ਵੱਲ ਵੱਧ ਰਹੀ ਹੈ। ਰਾਜ ਸਿੰਘਾਸਨ ਤੱਕ ਪਹੁੰਚਣ ਦਾ ਰਸਤਾ ਸਾਫ਼ ਹੁੰਦੇ ਹੀ ਇਮਰਾਨ ਖਾਨ ਨੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ, ਜਿਸ ਵਿੱਚ ਉਸ ਨੇ ਆਪਣੀ ਨਵੀਂ ਬਣਨ ਵਾਲੀ ਸਰਕਾਰ ਦੀਆਂ ਨੀਤੀਆਂ ਸਬੰਧੀ ਜਾਣਕਾਰੀ ਦਿੱਤੀ। ਪੈਗੰਬਰ ਦੇ ਸਮੇਂ ਦੇ ਸ਼ਾਸਨ ਤੰਤਰ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਪਾਕਿਸਤਾਨ ਵਿੱਚ ਮਦੀਨਾ ਵਰਗੇ ਕਲਿਆਣਕਾਰੀ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਹਨ।
ਚੋਣ ਨਤੀਜਿਆਂ ਦੇ ਆਪਣੇ ਹੱਕ ਵਿੱਚ ਆਉਣ ਤੋਂ ਬਾਅਦ ਇਮਰਾਨ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਕਿਹਾ, ‘ਉਨ੍ਹਾਂ ਦੇ ਦਿਲੋ-ਦਿਮਾਗ ਵਿੱਚ ਜਿਸ ਪਾਕਿਸਤਾਨ ਦੀ ਕਲਪਨਾ ਹੈ ਹੁਣ ਉਹ ਅਸਲੀ ਸ਼ਕਲ ਲਵੇਗੀ।’ ਉਨ੍ਹਾਂ ਨੇ ਕਿਹਾ ਕਿ ਉਹ ਪਿੱਛਲੇ 22 ਸਾਲਾਂ ਤੋਂ ਇੱਕ ਅਜਿਹੇ ਪਾਕਿਸਤਾਨ ਦਾ ਸੁਫ਼ਨਾ ਬੁਣ ਰਹੇ ਸਨ, ਜਿਸ ਦੀ ਸਾਖ ਅਤੇ ਤੂਤੀ ਪੂਰੀ ਦੁਨੀਆਂ ਵਿੱਚ ਬੋਲੇ। 36 ਮਿੰਟ ਦੇ ਭਾਸ਼ਣ ਵਿੱਚ ਉਨ੍ਹਾਂ ਨੇ ਪੂਰਾ ਜ਼ੋਰ ਚੀਨ, ਬਲੋਚਿਸਤਾਨ ਅਤੇ ਮੱਧ-ਪੂਰਬ ਦੇਸ਼ਾਂ ਤੇ ਦਿੱਤਾ।
ਉਨ੍ਹਾਂ ਨੇ ਕਿਹਾ, ‘ਅਸਾਂ ਗਰੀਬੀ ਨਾਲ ਲੜਨਾ ਹੈ,ਇਹ ਸੱਭ ਤੋਂ ਵੱਡੀ ਚੁਣੌਤੀ ਹੈ। ਸਾਡੇ ਸਾਹਮਣੇ ਚੀਨ ਸੱਭ ਤੋਂ ਵੱਡੀ ਉਦਾਹਰਣ ਹੈ, ਜਿਸ ਨੇ 70 ਸਾਲਾਂ ਵਿੱਚ ਆਪਣੇ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ।’ ਇਮਰਾਨ ਨੇ ਭਾਰਤ ਨਾਲ ਸਬੰਧਾਂ ਬਾਰੇ ਜਿਕਰ ਕਰਦੇ ਹੋਏ ਕਿਹਾ ਕਿ ਜੇ ਭਾਰਤ ਸਰਕਾਰ ਉਨ੍ਹਾਂ ਵੱਲ ਇੱਕ ਕਦਮ ਵਧਾਵੇਗੀ ਤਾਂ ਉਹ ਦੋ ਕਦਮ ਵਧਾਉਣਗੇ।
ਇਮਰਾਨ ਨੇ ਕਿਹਾ, “ਵਰਤਮਾਨ ਸਮੇਂ ਵਿੱਚ ਕਸ਼ਮੀਰ ਜਿਸ ਵਿਪਰੀਤ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਉਥੇ ਕਈਆਂ ਸਾਲਾਂ ਤੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ ਸਾਨੂੰ ਉਸ ਤੇ ਵਿਚਾਰ ਕਰਨਾ ਹੋਵੇਗਾ। ਮੈਂ ਇਹ ਚਾਹੁੰਦਾ ਹਾਂ ਕਿ ਭਾਰਤ-ਪਾਕਿਸਤਾਨ ਦੇ ਸਬੰਧ ਚੰਗੇ ਹੋਣ ਅਤੇ ਦੋਵਾਂ ਦੇਸ਼ਾਂ ਦੇ ਦਰਮਿਆਨ ਵਪਾਰ ਵੱਧੇ।’
ਉਨ੍ਹਾਂ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਲੋਕਾਂ ਦੇ ਟੈਕਸ ਦੇ ਪੈਸੇ ਦਾ ਦੁਰਉਪਯੋਗ ਨਹੀਂ ਕਰਨਗੇ। ਭ੍ਰਿਸ਼ਟਾਚਾਰ ਤੇ ਨਕੇਲ ਕਸਣ ਲਈ ਸਖਤ ਨਿਯਮ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਗਵਰਨਰ ਹਾਊਸ ਨੂੰ ਹੋਟਲ ਬਣਾ ਦੇਣਗੇ ਅਤੇ ਪੀਐਮ ਹਾਊਸ ਵਰਗੇ ਮਹਿਲ ਵਿੱਚ ਨਹੀਂ ਰਹਿਣਗੇ ਬਲਿਕ ਛੋਟੇ ਘਰ ਵਿੱਚ ਰਹਿਣਗੇ।