ਨਵੀਂ ਦਿੱਲੀ – 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦਾ ਬਿੱਲ ਸੋਮਵਾਰ ਨੂੰ ਲੋਕਸਭਾ ਵਿੱਚ ਪਾਸ ਹੋ ਗਿਆ ਹੈ। ਇਸ ਦੇ ਤਹਿਤ 16 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਰੇਪ ਕਰਨ ਵਾਲਿਆਂ ਲਈ ਵੀ ਸਖਤ ਸਜ਼ਾ ਇੰਤਜਾਮ ਕੀਤਾ ਗਿਆ ਹੈ। ਇਸ ਬਿੱਲ ਨੂੰ ਅਜੇ ਰਾਜਸਭਾ ਵਿੱਚ ਮਨਜ਼ੂਰੀ ਮਿਲਣਾ ਬਾਕੀ ਹੈ। ਦੇਸ਼ ਦੇ ਕਈ ਰਾਜਾਂ ਦੀਆਂ ਵਿਧਾਨਸਭਾਵਾਂ ਵਿੱਚ ਅਜਿਹਾ ਬਿੱਲ ਪਹਿਲਾਂ ਹੀ ਪਾਸ ਕਰ ਦਿੱਤਾ ਗਿਆ ਹੈ।
ਹੁਣ 16 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਬਲਾਤਕਾਰ ਦੇ ਅਪਰਾਧ ਵਿੱਚ ਸਜ਼ਾ 20 ਸਾਲ ਤੋਂ ਘੱਟ ਨਹੀਂ ਹੋਵੇਗੀ ਅਤੇ ਇਸ ਨੂੰ ਵਧਾ ਕੇ ਆਜੀਵਨ ਕਾਰਾਵਾਸ ਵਿੱਚ ਵੀ ਬਦਲਿਆ ਜਾ ਸਕੇਗਾ। ਇਸ ਦਾ ਮੱਤਲਬ ਦੋਸ਼ੀ ਵਿਅਕਤੀ ਨੂੰ ਪੂਰਾ ਜੀਵਨ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ ਅਤੇ ਜੁਰਮਾਨਾ ਵੀ ਦੇਣਾ ਪਵੇਗਾ। 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਗੈਂਗਰੇਪ ਦੇ ਮਾਮਲਿਆਂ ਵਿੱਚ ਵੀ ਆਜੀਵਨ ਕਾਰਾਵਾਸ, ਜੁਰਮਾਨਾ ਅਤੇ ਮੌਤ ਤੱਕ ਦੀ ਸਜ਼ਾ ਵੀ ਦਿੱਤੀ ਜਾਵੇਗੀ।
ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਮਾਸੂਮ ਨਾਲ ਬਲਾਤਕਾਰ ਕਰਨ ਤੋਂ ਬਾਅਦ ਕੀਤੀ ਗਈ ਹੱਤਿਆ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਸ ਤੋਂ ਵੀ ਵੱਧ ਮੰਦਭਾਗਾ ਸੀ, ਰਾਜ ਸਰਕਾਰ ਵਿੱਚ ਉਸ ਸਮੇਂ ਪੀਡੀਪੀ ਦੀ ਭਾਈਵਾਲ ਬੀਜੇਪੀ ਦੇ ਨੇਤਾਵਾਂ ਵੱਲੋਂ ਦੋਸ਼ੀਆਂ ਦੇ ਹੱਕ ਵਿੱਚ ਉਨ੍ਹਾਂ ਨੂੰ ਬਚਾਉਣ ਲਈ ਕੀਤੀਆਂ ਗਈਆਂ ਰੈਲੀਆਂ ਵਿੱਚ ਸ਼ਾਮਿਲ ਹੋਣਾ। ਵਕੀਲਾਂ ਦੀ ਐਸੋਸੀਏਸ਼ਨ ਨੇ ਵੀ ਦੋਸ਼ੀਆਂ ਨੂੰ ਨਿਰਦੋਸ਼ ਸਾਬਿਤ ਕਰਨ ਲਈ ਪ੍ਰੋਟੈਸਟ ਕਰਕੇ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਦਿੱਤੀਆਂ ਸਨ। ਦੁਸ਼ਕਰਮ ਦੀ ਸਿ਼ਕਾਰ ਅਤੇ ਜਾਨ ਗਵਾਉਣ ਵਾਲੀ ਮਾਸੂਮ ਦੇ ਘਰ ਵਾਲਿਆਂ ਅਤੇ ਰਿਸ਼ਤੇਦਾਰਾਂ ਤੱਕ ਨੂੰ ਵੀ ਜਨੂੰਨੀਆਂ ਵੱਲੋਂ ਬਹੁਤ ਤੰਗ-ਪਰੇਸ਼ਾਨ ਕੀਤਾ ਗਿਆ। ਅਜਿਹੀਆਂ ਘਟਨਾਵਾਂ ਸਿਰਫ਼ ਕਠੂਆ ਵਿੱਚ ਹੀ ਨਹੀਂ ਬਲਿਕ ਦੇਸ਼ ਦੇ ਹੋਰ ਵੀ ਬਹੁਤ ਸਥਾਨਾਂ ਤੇ ਵਾਪਰੀਆਂ ਹਨ ਅਤੇ ਵਾਪਰ ਰਹੀਆਂ ਹਨ।
ਦੇਸ਼ਭਰ ਵਿੱਚ ਅਜਿਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਅਤੇ ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ। ਜਨਤਾ ਦੇ ਰੋਸ ਮੁਜ਼ਾਹਿਰਿਆਂ ਨੇ ਸਰਕਾਰ ਨੂੰ ਅਜਿਹਾ ਕਾਨੂੰਨ ਬਣਾਉਣ ਲਈ ਮਜ਼ਬੂਰ ਕਰ ਦਿੱਤਾ। ਜਿਸ ਕਰਕੇ ਸਰਕਾਰ ਨੂੰ ਇਹ ਮਜ਼ਬੂਰੀ ਵੱਸ ਇਹ ਬਿੱਲ ਲਿਆਉਣਾ ਪਿਆ। ਲੋਕਸਭਾ ਵਿੱਚ ਬਿੱਲ ਤੇ ਹੋਈ ਬਹਿਸ ਦੌਰਾਨ ਪਾਰਟੀ ਲਾਈਨ ਤੋਂ ਹੱਟ ਕੇ ਵੀ ਜਿਆਦਾਤਰ ਸੰਸਦ ਮੈਂਬਰਾਂ ਨੇ ਇਸ ਬਿੱਲ ਦਾ ਸਮੱਰਥਨ ਕੀਤਾ।