ਨਸ਼ਿਆਂ ਦਾ ਵਗਦਾ ਦਰਿਆ।
ਇਹਦੇ ਵਿਚ ਨਾ ਗੋਤੇ ਖਾ।
ਕੈਪਸੂਲ, ਡੋਡੇ, ਭੁੱਕੀ ਮਾੜੀ,
ਤੂੰ ਇਨ੍ਹਾਂ ਤੋਂ ਜਾਨ ਛੁਡਾ।
ਮਾਂ ਤੇਰੀ ਤੈਨੂੰ ਸਮਝਾਵੇ,
ਵਰਜਣ ਤੇਰੇ ਭੈਣ ਭਰਾ।
ਧੀ ਤੇਰੇ ਤੋਂ ਉੱਚੀ ਹੋ ਗਈ,
ਨਾ ਤੂੰ ਹੱਥੋਂ ਵਕਤ ਗੁਆ।
ਫੁੱਲਾਂ ਵਰਗੀ ਘਰ ਵਾਲੀ ਨੂੰ,
ਐਵੇਂ ਨਾ ਤੂੰ ਹੋਰ ਸਤਾ।
ਰਹਿ ਜਾਣ ਨਾ ਬੱਚੇ ਅਨਪੜ੍ਹ,
ਉਨ੍ਹਾਂ ਨੂੰ ਵੀ ਰੱਜ ਪੜ੍ਹਾ।
ਜਿੰਨੇਂ ਦਾ ਤੂੰ ਪੀਨੈਂ ਦਾਰੂ,
ਓਨੇਂ ਦਾ ਘਰ ਸੌਦਾ ਪਾ।
ਪੜ੍ਹਾ ਕੇ ਆਪਣੇਂ ਬੱਚਿਆਂ ਨੂੰ
ਉੱਚੀ ਮੰਜ਼ਿਲ ਚੜ੍ਹਦਾ ਜਾ।
ਹੁਣ ਤੂੰ ਜਾਗ ਪੰਜਾਬੀ ਸ਼ੇਰਾ,
ਨਸ਼ਿਆਂ ਦੀ ਨਾ ਅੱਤ ਮਚਾ।
ਘਰ ‘ਚ ਤੇਰਾ ਮਾਣ ਵਧੇਗਾ,
ਪੈ ਜਾਵੇਂ ਜੇ ਸਿੱਧੇ ਰਾਹ।
ਇਕੋ ਗੱਲ ਮੈਂ ਕਹਿਣੀ ਤੈਨੂੰ,
ਨਸ਼ਿਆਂ ਦਾ ਨਾ ਦਾਗ਼ ਲਗਾ।
ਹਰ ਥਾਂ ਹੋਏ ਤੇਰੀ ਸਰਦਾਰੀ,
“ਸੁਹਲ” ਐਸਾ ਚੰਨ ਚੜ੍ਹਾ।