ਇਸਲਾਮਾਬਾਦ- ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਨੇ ਆਪਣੇ ਸਹੁੰ ਚੁੱਕਣ ਸਮਾਰੋਹ ਦੇ ਮੌਕੇ ‘ਤੇ ਭਾਰਤੀ ਕ੍ਰਿਕਟ ਦੇ ਖਿਡਾਰੀਆਂ ਕਪਿਲ ਦੇਵ, ਸੁਨਿਲ ਗਵਾਸਕਰ ਅਤੇ ਨਵਜੋਤ ਸਿੰਘ ਸਿੱਧੂ ਅਤੇ ਬਾਲੀਵੁੱਡ ਸਟਾਰ ਆਮਿਰ ਖਾਨ ਨੂੰ ਸੱਦਾ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁੱਖੀ ਇਮਰਾਨ ਖਾਨ 11 ਅਗਸਤ ਨੂੰ ਸਹੁੰ ਚੁੱਕਣਗੇ। ਸਿੱਧੂ ਨੇ ਇਹ ਸੱਦਾ ਸਵੀਕਾਰ ਕਰ ਲਿਆ ਹੈ।
ਪਾਕਿਸਤਾਨ ਵਿਖੇ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਦੌਰਾਨ ਇਮਰਾਨ ਖਾਨ ਦੀ ਪਾਰਟੀ ਨੇ 116 ਜਿੱਤੀਆਂ ਸਨ ਅਤੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਕੇ ਸਾਹਮਣੇ ਆਈ ਹੈ। ਇਮਰਾਨ ਖਾਨ ਦੀ ਪਾਰਟੀ ਵਲੋਂ ਅਜੇ ਤੱਕ ਕਿਸੇ ਵਿਦੇਸ਼ੀ ਲੀਡਰ ਨੂੰ ਸੱਦਾ ਨਹੀਂ ਦਿੱਤਾ ਗਿਆ। ਪੀਟੀਆਈ ਪਾਰਟੀ ਦੇ ਬੁਲਾਰੇ ਫਵਾਦ ਹੁਸੈਨ ਨੇ ਟਵੀਟ ਕਰਕੇ ਕਿਹਾ ਕਿ ਪੀਡੀਆ ਵਲੋਂ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਪ੍ਰਧਾਨ ਮੰਤਰੀ ਦੇ ਸਹੁੰ ਚੁੱਕਣ ਦੀ ਰਸਮ ਦੌਰਾਨ ਵਿਦੇਸ਼ੀ ਲੀਡਰਾਂ ਨੂੰ ਸੱਦਾ ਦਿੱਤਾ ਜਾਵੇਗਾ, ਇਹ ਸਹੀ ਨਹੀਂ ਹੈ। ਇਸਦਾ ਫੈ਼ਸਲਾ ਵਿਦੇਸ਼ ਮੰਤਰਾਲੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਜਾਵੇਗਾ।