ਨਵੀਂ ਦਿੱਲੀ-ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਰਾਜਸਥਾਨ ਨੂੰ ਵਿਸ਼ੇਸ਼ ਪੈਕੇਜ ਜਾਰੀ ਕਰਨ ਅਤੇ ਵਿਆਪਕ ਨੀਤੀਆਂ ਬਨਾਉਣ ਦੀ ਮੰਗ ਦੁਹਰਾਈ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਚੀਨ ਦੀਆਂ ਆਰਥਕ ਚੁਣੌਤੀਆਂ ਨਾਲ ਮੁਕਾਬਲੇ ਲਈ ਸਰਹੱਦੀ ਖੇਤਰ ਨੂੰ ਉਦਯੋਗਿਕ ਹੱਬ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਇਹ ਵਿਚਾਰ ਨਵੀਂ ਦਿੱਲੀ ਵਿਖੇ ਹੋਏ ਨਾਮੀ ਉਦਯੋਗਪਤੀਆਂ ਦੇ ਨਾਲ ਵਿਚਾਰ ਵਟਾਂਦਰੇ ਦੌਰਾਨ ਕਹੇ। ਇਸਦਾ ਆਯੋਜਨ ਕੰਫੇਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਅਤੇ ਪੰਜਾਬ ਬਿਉਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਵਲੋਂ ਕੀਤਾ ਗਿਆ ਸੀ। ਇਸ ਦੌਰਾਨ ਬੋਲਦੇ ਹੋਏ ਮੁੱਖਮੰਤਰੀ ਨੇ ਕਿਹਾ ਕਿ ਪਿਛਲੇ ਮਹੀਨੇ ਪ੍ਰਧਾਨਮੰਤਰੀ ਵਲੋਂ ਸਰਹੱਦੀ ਇਲਾਕਿਆਂ ਖਾਸ ਕਰਕੇ ਪਠਾਨਕੋਟ ਤੋਂ ਲੈਕੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਉਦਯੋਗਿਕ ਗਲਿਆਰਾ ਸਥਾਪਤ ਕਰਨ ਦਾ ਮੁੱਦਾ ਚੁੱਕਿਆ ਸੀ। ਇਸ ਮਾਮਲੇ ਵਿਚ ਕੇਂਦਰ ਸਰਕਾਰ ਵਲੋਂ ਪਹਿਲ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਦਯੋਗਪਤੀਆਂ ਨੂੰ ਹਰਸੰਭਵ ਸਹਾਇਤਾ ਦੇਵੇਗੀ ਅਤੇ ਉਨ੍ਹਾਂ ਦਾ ਨਿਵੇਸ਼ ਸੁਰਖਿਅਤ ਰਹੇਗਾ। ਉਨ੍ਹਾਂ ਦੀ ਸਰਕਾਰ ਉਦਯੋਗਾਂ ਸਬੰਧੀ ਨੀਤੀਆਂ ਬਣਾਉਂਦੇ ਸਮੇਂ ਉਨ੍ਹਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖੇਗੀ।
ਇਸ ਮੌਕੇ ‘ਤੇ ਕੈਪਟਨ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਸੂਬੇ ਵਿਚ 10 ਹਜ਼ਾਰ ਕਰੋੜ ਤੋਂ ਵੱਧ ਦਾ ਨਿਵੇਸ਼ ਪਹਿਲਾਂ ਹੀ ਆ ਚੁੱਕਿਆ ਹੈ ਅਤੇ ਪੰਜਾਬ ਸਰਕਾਰ ਦਾ ਟੀਚਾ ਇਸਨੂੰ ਤਿੰਨ ਗੁਣਾ ਕਰਨ ਦਾ ਹੈ।