ਰੱਬ ਨੇ ਜਦ ਇਸ ਸ੍ਰਿਸਟੀ ਦੀ ਰਚਨਾ ਕੀਤੀ ਤਾਂ ਉਸਨੇ ਇਸ ਦੁਨੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਪਹਿਲਾ ਹਿੱਸਾ ਜੋ ਕਿਸੇ ਚੀਜ਼ ਦੇ ਚੰਗੇ ਪੱਖ ਨੂੰ ਚਿਤਰਦਾ ਹੈ ਤੇ ਦੂਜਾ ਹਿੱਸਾ ਉਸਦੇ ਬੁਰੇ ਹਿੱਸੇ ਨੂੰ। ਦੁਨੀਆਂ ਦੀ ਕਿਸੇ ਵੀ ਚੀਜ਼ ਨੂੰ ਵੇਖ ਲਓ ਤੁਹਾਨੂੰ ਉਸਦੇ ਸਾਹਮਣੇ ਖੜੀ ਦੂਜੀ ਚੀਜ਼ ਆਪਣੇ ਆਪ ਹੀ ਦਿਖਾਈ ਦੇ ਜਾਵੇਗੀ। ਜਿਵੇ ਦਿਨ-ਰਾਤ, ਕਾਲਾ-ਗੋਰਾ, ਖੁਸ਼ਬੂ-ਬਦਬੂ, ਚੰਗਾ-ਮੰਦਾ, ਮਰਦ-ਔਰਤ, ਸੱਚ-ਝੂਠ, ਛੋਟਾ-ਵੱਡਾ, ਮੋਟਾ-ਪਤਲਾ। ਇਸ ਕਲਯੁੱਗ ਦੇ ਜ਼ਮਾਨੇ ਵਿੱਚ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹੁਣ ਉਹ ਭਾਵੇਂ ਮੇਕ-ਅੱਪ ਨਾਲ ਹੀ ਸਹੀ ਕਾਲੇ ਨੂੰ ਗੋਰਾ ਜਾਂ ਗੋਰੇ ਨੂੰ ਕਾਲਾ ਬਣਾ ਸਕਦੀ ਹੈ। ਰਾਤ ਨੂੰ ਹਜ਼ਾਰਾਂ ਵਾਟ ਦੇ ਬਲਬ ਜਗਾਕੇ ਦਿਨ ਕਰ ਸਕਦੀ ਹੈ। ਇਥੋਂ ਤੱਕ ਕਿ ਪੱਛਮੀ ਦੇਸ਼ਾਂ ਵਿੱਚ ਭਾਵੇਂ ਮਰਦ ਔਰਤਾਂ ਵਾਂਗ ਬੱਚੇ ਤਾਂ ਨਹੀਂ ਜਨਮ ਸਕਦੇ ਲੇਕਨ ਉਨ੍ਹਾਂ ਨੇ ਮਰਦ-ਔਰਤ ਦੇ ਸੈਕਸ ਬਦਲਣ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ। ਇੰਜ ਹੀ ਇਨਸਾਨੀ ਫਿਤਰਤ ਦੇ ਮੁਤਾਬਕ ਉਸਨੇ ਵੀ ਕਈ ਮੱਲਾਂ ਮਾਰੀਆਂ ਹਨ। ਜਿਵੇਂ ਕਿ ਅੱਜ ਦੇ ਇਨਸਾਨ ਵਿੱਚ ਇੰਨੀ ਮਹਾਰਤ ਪੈਦਾ ਹੋ ਗਈ ਹੈ ਕਿ ਉਹ ਸੱਚ ਨੂੰ ਝੂਠ ਦਾ ਜਾਮਾ ਇੰਜ ਪਹਿਨਾ ਜਾਂਦਾ ਹੈ ਕਿ ਵੇਖਣ ਵਾਲੇ ਨੂੰ ਅਹਿਸਾਸ ਵੀ ਨਹੀਂ ਹੁੰਦਾ। ਦੁਨੀਆਂ ਦੇ ਸਾਰੇ ਦੇਸ਼ਾਂ ਦੇ ਲੋਕਾਂ ਨੇ ਇਸ ਮੈਦਾਨ ਵਿੱਚ ਕਾਫੀ ਮਲਾਂ ਮਾਰੀਆਂ ਹਨ, ਲੇਕਨ ਏਸ਼ੀਆਈ ਦੇਸ਼ਾਂ ਖਾਸ ਕਰਕੇ ਭਾਰਤ, ਪਾਕਿਸਤਾਨ, ਬੰਗਲਾ ਦੇਸ਼, ਸ੍ਰੀ ਲੰਕਾ ਅਤੇ ਮੱਧ ਪੂਰਬ ਏਸ਼ੀਆ ਦੇ ਕਈ ਦੇਸ਼ਾਂ ਦੇ ਲੋਕਾਂ ਨੇ ਤਾਂ ਸਾਰੇ ਰਿਕਾਰਡ ਹੀ ਮਾਤ ਪਾ ਦਿਤੇ ਹਨ। ਮੈਨੂੰ ਪੱਕੀ ਉਮੀਦ ਹੈ ਜੇਕਰ ਦੁਨੀਆਂ ਦੇ ਦੇਸ਼ਾਂ ਦੇ ਵਿਚ ਝੂਠ ਬੋਲਣ ਦਾ ਮੁਕਾਬਲਾ ਹੁੰਦਾ ਹੋਵੇ ਤਾਂ ਸਾਡੇ ਸਿਆਸੀ ਲੀਡਰ ਪਹਿਲੇ ਨੰਬਰ ‘ਤੇ ਆਉਣਗੇ। ਸਾਡੇ ਇਨ੍ਹਾਂ ਚਹੇਤੇ ਲੀਡਰਾਂ ਵਿੱਚ ਇੰਨੀ ਸਮਰਥਾ ਹੈ ਕਿ ਉਹ ਬਿਨਾਂ ਵੱਡੇ ਵੱਡੇ ਬਲਬਾਂ ਦੀ ਰੋਸ਼ਨੀ ਦੇ ਹੀ ਕਾਲੀ ਰਾਤ ਨੂੰ ਦਿਨ ਵਿੱਚ ਤਬਦੀਲ ਕਰ ਸਕਦੇ ਹਨ ਅਤੇ ਜੇਠ ਹਾੜ੍ਹ ਦੀਆਂ ਤਿੱਖੜ ਦੁਪਹਿਰਾਂ ਨੂੰ ਕਾਲੇ ਘੁੱਪ ਹਨ੍ਹੇਰੇ ਵਿੱਚ ਤਬਦੀਲ ਕਰ ਸਕਦੇ ਹਨ।
ਲੀਡਰਾਂ ਤੋਂ ਬਾਅਦ ਦੂਜੇ ਨੰਬਰ ‘ਤੇ ਆਉਂਦੇ ਹਨ ਵਪਾਰੀ ਤਬਕਾ। ਉਹ ਜਦ ਵੀ ਵਪਾਰ ਦੀ ਗੱਲ ਕਰ ਰਹੇ ਹੁੰਦੇ ਹਨ ਤਾਂ ਧੰਦੇ ਦੀ ਸਹੁੰ ਇੰਜ ਖਾ ਜਾਂਦੇ ਹਨ ਜਿਵੇਂ ਕਿਸੇ ਨੂੰ ਸੰਜੀਵਨੀ ਬੂਟੀ ਮਿਲ ਗਈ ਹੋਵੇ ਅਤੇ ਉਹ ਕਿਸੇ ਹੋਰ ਨੂੰ ਦੇਣਾ ਪਸੰਦ ਨਹੀਂ ਕਰਦੇ। ਦਿਨ ਵਿੱਚ ਭਾਵੇਂ ਉਨ੍ਹਾਂ ਨੇ ਲੱਖਾਂ ਰੁਪਏ ਦਾ ਬਿਜ਼ਨੈਸ ਕੀਤਾ ਹੋਵੇ ਲੇਕਨ ਦਿਨ ਢਲਣ ਤੋਂ ਬਾਅਦ ਜਦੋਂ ਵੀ ਉਨ੍ਹਾਂ ਨਾਲ ਗੱਲ ਹੋਵੇ ਤਾਂ ਕਹਿਣਗੇ ਕਿ ਅੱਜ ਤਾਂ ਕਿਰਾਇਆ ਵੀ ਨਹੀਂ ਨਿਕਲਿਆ। ਇਨ੍ਹਾਂ ਝੂਠਿਆਂ ਵਿਚੋਂ ਇਕ ਬਿਰਾਦਰੀ ਹੈ ਵਕੀਲਾਂ ਦੀ ਉਹ ਜੇ ਚਾਹੁਣ ਤਾਂ ਮਰੇ ਹੋਏ ਬੰਦੇ ਨੂੰ ਵੀ ਅਦਾਲਤ ਵਿੱਚ ਪੇਸ਼ ਕਰ ਸਕਦੇ ਹਨ ਅਤੇ ਜੇ ਚਾਹੁਣ ਤਾਂ ਕੁਰਸੀ ਦੇ ਬੈਠੇ ਜੱਜ ਕੋਲੋਂ ਵੀ ਆਪਣੀਆਂ ਦਲੀਲਾਂ ਰਾਹੀਂ ਇਹ ਗਵਾਹੀ ਦਿਵਾ ਸਕਦੇ ਹਨ ਕਿ ਸਾਹਮਣੇ ਖੜਾ ਮੁਜਰਿਮ ਜਿਸਦੀ ਉਮਰ ਭਾਵੇਂ 40 ਕੁ ਸਾਲਾਂ ਦੀ ਕਰੀਬ ਹੈ, ਅਜੇ ਤੱਕ ਪੈਦਾ ਹੀ ਨਹੀਂ ਹੋਇਆ। ਫਿਰ ਉਸ ਆਦਮੀ ਨੇ 2 ਕੁ ਸਾਲ ਪਹਿਲਾਂ ਕਿਸੇ ਦਾ ਕਤਲ ਕਿਵੇਂ ਕੀਤਾ ਹੋਵੇਗਾ, ਜਾਂ ਬਿਨਾਂ ਪੈਦਾ ਹੋਏ ਇਸ ਆਦਮੀ ਨੇ ਕਿਸੇ ਅਬਲਾ ਦੀ ਇਜੱ਼ਤ ਕਿਵੇਂ ਲੁੱਟੀ ਹੋਵੇਗੀ। ਵਕੀਲ ਦੀਆਂ ਦਲੀਲਾਂ ਨੂੰ ਸੱਚ ਮੰਨਦੇ ਹੋਏ ਜੱਜ ਦੀ ਕੁਰਸੀ ‘ਤੇ ਬੈਠੇ ਭੱਦਰ ਪੁਰਖ ਨੂੰ ਯਕੀਨ ਹੋ ਜਾਂਦਾ ਹੈ ਕਿ ਇਕ ਬੰਦਾ ਜਿਹੜਾ ਪੈਦਾ ਹੀ ਨਹੀਂ ਹੋਇਆ ਉਸਨੇ ਕੋਈ ਗੁਨਾਹ ਕਿਵੇਂ ਕੀਤਾ ਹੋਵੇਗਾ।
ਇਹ ਝੂਠ ਬੋਲਣਾ ਵੀ ਇਕ ਕਲਾ ਹੈ। ਕੋਈ ਸੱਚ ਬੋਲਣ ਵਾਲਾ ਬੰਦਾ ਜਿੰਨੀਆਂ ਮਰਜ਼ੀ ਕੋਸਿ਼ਸ਼ਾਂ ਕਰ ਲਵੇ ਉਹ ਝੂਠ ਨਹੀਂ ਬੋਲ ਸਕਦਾ। ਜੇ ਕਿਤੇ ਉਹ ਝੂਠ ਬੋਲ ਵੀ ਜਾਂਦਾ ਹੈ ਤਾਂ ਉਸਦੀ ਸ਼ਕਲ ਤੋਂ ਪਤਾ ਚਲ ਜਾਵੇਗਾ। ਇਸਦੇ ਉਲਟ ਕੋਈ ਬੰਦਾ ਜਿਸਨੇ ਝੂਠ ਬੋਲਣ ਵਿੱਚ ਪੀ.ਐੱਚ.ਡੀ. ਕੀਤੀ ਹੋਵੇ ਉਹ ਜਦ ਵੀ ਝੂਠ ਬੋਲੇਗਾ ਇੰਨੀ ਸਫਾਈ ਨਾਲ ਬੋਲੇਗਾ ਕਿ ਸਾਹਮਣੇ ਖੜੇ ਬੰਦੇ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ ਕਿ ਪੂਰੀ ਦੁਨੀਆਂ ਵਿੱਚ ਇਸ ਬੰਦੇ ਤੋਂ ਸੱਚਾ ਕੋਈ ਹੋਰ ਬੰਦਾ ਹੀ ਨਹੀਂ ਹੈ। ਸਾਡੇ ਮਹਾਨ ਭਾਰਤ ਦੇ ਮਹਾਨ ਲੀਡਰ ਟੀ ਵੀ, ਰੇਡੀਓ ਜਾਂ ਅਖ਼ਬਾਰਾਂ ਦੇ ਸਾਹਮਣੇ ਇਕ ਦਿਨ ਪਹਿਲਾਂ ਜਿਹੜਾ ਬਿਆਨ ਦੇ ਚੁੱਕੇ ਹਨ ਅਗਲੇ ਦਿਨ ਉਨ੍ਹਾਂ ਨੂੰ ਕਹਿ ਰਹੇ ਹੁੰਦੇ ਹਨ ਕਿ ਉਨ੍ਹਾਂ ਨੇ ਤਾਂ ਇਹ ਬਿਆਨ ਕਦੀ ਦਿੱਤਾ ਹੀ ਨਹੀਂ। ਜੇ ਕਰ ਕੋਈ ਟੀ ਵੀ ਵਾਲਾ ਪਿਛਲੇ ਦਿਨ ਦੀ ਵੀਡੀਓ ਟੇਪ ਸੀਡੀ ਜਾਂ ਡੀਵੀਡੀ ਵਿਖਾਉਣ ਦੀ ਗੱਲ ਕਹਿੰਦਾ ਹੈ ਤਾਂ ਉਹ ਉਸੇ ਵੇਲੇ ਕਹਿ ਦਿੰਦੇ ਹਨ ਕਿ ਇਸ ਟੇਪ ਦੇ ਨਾਲ ਜ਼ਰੂਰ ਕੰਪਿਊਟਰ ਰਾਹੀਂ ਕੋਈ ਛੇੜਖਾਨੀ ਕੀਤੀ ਗਈ ਹੋਣੀ ਹੈ, ਮੈਂ ਤਾਂ ਅਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ। ਉਸ ਲੀਡਰ ਸਾਹਿਬ ਨੇ ਮਿੰਟਾਂ ਵਿੱਚ ਹੀ ਇਹ ਬਿਆਨ ਦੇ ਕੇ ਸਾਰਿਆਂ ਨੂੰ ਝੂਠਿਆਂ ਕਰ ਦਿੱਤਾ ਅਤੇ ਆਪ ਚਿੱਟੇ ਬਗਲੇ ਵਾਂਗ ਸਾਫ ਸੁਥਰੇ ਬਾਹਰ ਨਿਕਲ ਗਏ। ਤੁਸੀਂ ਦੱਸੋ ਇਸਤੋਂ ਵੱਧ ਝੂਠ ਬੋਲਣ ਦੀ ਹੱਦ ਹੋਰ ਕੀ ਹੋ ਸਕਦੀ ਹੈ। ਦੂਰ ਕੀ ਜਾਣੈ ਸਾਡੇ ਮਹਾਨ ਭਾਰਤ ਦੇ ਮਹਾਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਜਿਹੇ ਹੀ ਭੱਦਰ ਪੁਰਖਾਂ ਵਿਚੋਂ ਸਨ। ਦੂਜੇ ਨਰਿੰਦਰ ਮੋਦੀ ਨੂੰ ਵੇਖ ਲਵੋ ਚੋਣਾਂ ਸਮੇਂ ਜਿਹੜੇ ਵਾਅਦੇ ਕੀਤੇ ਸਨ ਉਹ ਤਾਂ ਭੁੱਲ ਹੀ ਗਏ। ਭਾਰਤ ਜਿਥੇ ਇਕ ਗਰੀਬ ਕੋਲ ਰੋਟੀ ਜੋਗੇ ਵੀ ਪੈਸੇ ਨਹੀਂ ਉਨ੍ਹਾਂ ਗਰੀਬਾਂ ਦੇ ਰੁਪਏ ਨੂੰ ਵਿਦੇਸ਼ਾਂ ਦੀ ਸੈਰ ਕਰਕੇ ਬਰਬਾਦ ਕਰੀ ਜਾ ਰਹੇ ਹਨ। ਇਹ ਹਿਸਾਬ ਇਨ੍ਹਾਂ ਦੀ ਬਿਆਨਬਾਜ਼ੀ ਦਾ ਹੈ। ਇਨ੍ਹਾਂ ਨੇ ਇਕ ਵਾਰ ਨਹੀਂ ਅਨੇਕਾਂ ਹੀ ਵਾਰ ਉਨ੍ਹਾਂ ਨੇ ਅਜਿਹੇ ਬਿਆਨ ਦਿੱਤੇ ਅਤੇ ਅਗਲੇ ਹੀ ਦਿਨ ਉਨ੍ਹਾਂ ਦਾ ਖੰਡਨ ਕਰ ਦਿੱਤਾ। ਤੁਸੀਂ ਆਪ ਹੈ ਫੈ਼ਸਲਾ ਕਰ ਲਵੋ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਝੂਠ ਬੋਲਣ ਵਿੱਚ ਇੰਨਾ ਚੰਗਾ ਹੋਵੇ ਫਿਰ ਉਸ ਦੇਸ਼ ਦਾ ਕੀ ਬਣੇਗਾ। ਇਥੇ ਇਕ ਗੱਲ ਹੋਰ ਸਾਫ਼ ਕਰਨ ਵਾਲੀ ਹੈ ਕਿ ਸਾਨੂੰ ਸਾਰਿਆਂ ਨੂੰ ਰਲਕੇ ਇਥੇ ਇਸ ਗੱਲ ਦਾ ਵੀ ਫ਼ੈਸਲਾ ਕਰਨਾ ਪਵੇਗਾ ਕਿ ਜੇ ਪ੍ਰਧਾਨ ਮੰਤਰੀ ਜਾਂ ਉਸਦੇ ਕਿਸੇ ਮੰਤਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਫਿਰ ਪੂਰੇ ਭਾਰਤ ਵਿੱਚ ਛੱਪ ਰਹੀਆਂ ਅਖ਼ਬਾਰਾਂ, ਟੀ ਵੀ, ਰੇਡੀਓ ਦੇ ਲੋਕ ਝੂਠੇ ਹੋਏ ਜਿਨ੍ਹਾਂ ਨੇ ਉਸ ਸੱਚੇ ਸੁੱਚੇ ਪ੍ਰਧਾਨ ਮੰਤਰੀ ਜਾਂ ਉਸਦੇ ਮੰਤਰੀਆਂ ਦੀ ਖ਼ਬਰ ਛਾਪ ਦਿੱਤੀ। ਇਥੇ ਹੁਣ ਦੋ ਗੱਲਾਂ ਸਾਹਮਣੇ ਹਨ ਜੇ ਇਨ੍ਹਾਂ ਲੀਡਰਾਂ ਨੇ ਝੂਠ ਬੋਲਿਆ ਤਾਂ ਇਹ ਵੀ ਗਲਤ , ਇਸਦੇ ਉਲਟ ਜੇ ਮੀਡੀਆ ਨੇ ਝੂਠ ਬੋਲਿਆ ਤਾਂ ਉਹ ਵੀ ਗ਼ਲਤ ਕਿਉਂਕਿ ਦੇਸ਼ ਦੇ ਹਜ਼ਾਰਾਂ ਪੱਤਰਕਾਰ ਝੂਠ ਬੋਲ ਗਏ।
ਇਹੀ ਹਾਲ ਇਸ ਦੇਸ਼ ਦੇ ਹੋਰਨਾਂ ਲੀਡਰਾਂ ਦਾ ਹੈ। ਉਨ੍ਹਾਂ ਦੇ ਪ੍ਰਵਾਰ ਦੇ ਵਿਗੜੇ ਹੋਏ ਬੱਚਿਆਂ ਦੇ ਬੈੱਡ ਦੇਸ਼ ਦੇ ਸਾਰੇ ਹੀ ਹਸਪਤਾਲਾਂ ਵਿੱਚ ਬੁੱਕ ਰਹਿੰਦੇ ਹਨ। ਇਸਦਾ ਕਾਰਨ ਇਹ ਹੈ ਕਿ ਜੇਕਰ ਉਸ ਲੀਡਰ ਦਾ ਮੁੰਡਾ ਦਿੱਲੀ ਵਿੱਚ ਕੋਈ ਬਲਾਤਕਾਰ ਕਰਕੇ ਫਰਾਰ ਹੋ ਜਾਂਦਾ ਹੈ ਤਾਂ ਕੋਰਟ ਵਿੱਚ ਡਾਕਟਰਾਂ ਨੇ ਇਹ ਸਿੱਧ ਕਰਨਾ ਹੁੰਦਾ ਹੈ ਕਿ ਉਸ ਵੇਲੇ ਤਾਂ ਉਹ ਮੁੰਡਾ ਦਿੱਲੀ ਵਿੱਚ ਹੈ ਹੀ ਨਹੀਂ ਸੀ ਉਹ ਤਾਂ ਚੰਡੀਗੜ੍ਹ ਦੇ ਹਸਪਤਾਲ ਵਿੱਚ ਆਪਣੀ ਨਾਮਰਦੀ ਦਾ ਇਲਾਜ ਕਰਾ ਰਿਹਾ। ਇਥੇ ਉਨ੍ਹਾਂ ਦੋ ਗੱਲਾਂ ਇਕੋ ਵੇਲੇ ਹੀ ਸਿੱਧ ਕਰ ਦਿੱਤਾ ਕਿ ਪਹਿਲੀ ਗੱਲ ਤਾਂ ਉਹ ਸ਼ਖਸ ਉਥੇ ਹੈ ਹੀ ਨਹੀਂ ਸੀ ਦੂਜਾ ਇਹ ਕਿ ਨਪੁੰਸਕ ਬੰਦਾ ਕਿਸੇ ਔਰਤ ਦੀ ਇੱਜ਼ਤ ਕਿਵੇਂ ਲੁੱਟ ਸਕਦਾ ਹੈ। ਇਹ ਹੀ ਨਹੀਂ ਡਾਕਟਰ ਅਤੇ ਵਕੀਲ ਦੋਵੇਂ ਮਿਲਕੇ ਅਜਿਹੇ ਸਬੂਤ ਦਿੰਦੇ ਹਨ ਕਿ ਜੱਜ ਨੂੰ ਉਸ ਮੁਜ਼ਰਿਮ ਨੂੰ ਬਾ-ਇਜੱ਼ਤ ਬਰੀ ਕਰਨਾ ਪੈਂਦਾ ਹੈ। ਇਸਤੋਂ ਵੱਧ ਝੂਠ ਦੀ ਹੱਦ ਕੀ ਹੋ ਸਕਦੀ ਹੈ।
ਵਪਾਰਕ ਅਦਾਰਿਆਂ ਚੋਂ ਨਿਕਲੀਏ ਤਾਂ ਇਕ ਤੱਬਕਾ ਹੋਰ ਸਾਹਮਣੇ ਆਉਂਦਾ ਹੈ ਅਤੇ ਉਹ ਵਿਚੋਲਿਆਂ ਦਾ। ਵਿਚੋਲੇ ਵੀ ਲੜਕੀ ਅਤੇ ਲੜਕੇ ਵਾਲਿਆਂ ਦੇ ਸਾਹਮਣੇ ਅਜਿਹੀਆਂ ਗੱਲਾਂ ਕਰਦੇ ਹਨ, ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਦੋਵੇਂ ਧਿਰਾਂ ਲਾਲ੍ਹਾਂ ਸੁਟਣੀਆਂ ਸ਼ੁਰੂ ਕਰ ਦਿੰਦੀਆਂ ਹਨ ਕਿ ਜਲਦੀ ਤੋਂ ਜਲਦੀ ਵਿਆਹ ਹੋ ਜਾਵੇ ਤਾਂ ਚੰਗਾ ਹੈ। ਵਿਚੋਲੇ ਵਿੱਚ ਇੰਨੀ ਮਹਾਰਤ ਹੁੰਦੀ ਹੈ ਕਿ ਉਹ ਕਿਸੇ ਡਿਸਪੇਂਸਰੀ ਵਿੱਚ ਕੰਪਾਊਂਡਰ ਗਲੇ ਲੜਕੇ ਨੂੰ ਮਿੰਟਾਂ ਵਿੱਚ ਹੀ ਡਾਕਟਰ ਬਣਾਕੇ ਲੜਕੀ ਵਾਲਿਆਂ ਸਾਹਮਣੇ ਪੇਸ਼ ਕਰ ਦਿੰਦੇ ਹਨ। ਘਰੇ ਬੈਠਕੇ ਭੱਠੀ ‘ਤੇ ਸ਼ਰਾਬ ਵੇਚਣ ਵਾਲੇ ਬਾਰੇ ਅਜਿਹੀਆਂ ਗੱਲਾਂ ਦੱਸਦੇ ਹਨ ਜਿਨ੍ਹਾਂ ਨਾਲ ਸਾਹਮਣੇ ਵਾਲੇ ਨੂੰ ਯਕੀਨ ਹੋ ਜਾਂਦਾ ਹੈ ਕਿ ਇਸ ਲੜਕੇ ਦੇ ਠੇਕੇ ਚਲਦੇ ਹਨ। ਇਸੇ ਤਰ੍ਹਾਂ ਜਦ ਵਿਚੋਲੇ ਲੜਕੀ ਦੀਆਂ ਸਿਫਤਾਂ ਕਰਦੇ ਹਨ ਤਾਂ ਘਰੋਂ ਗੁਆਂਢੀਆਂ ਦੇ ਲੜਕੇ ਨਾਲ ਭੱਜ ਚੁੱਕੀ ਲੜਕੀ ਨੂੰ ਕਾਲਜ ਸਮੇਂ ਵਧੀਆ ਦੌੜਾਕ ਹੋਣ ਦਾ ਖਿਤਾਬ ਬਖ਼ਸ਼ ਦਿੰਦੇ ਹਨ। ਪਿੰਡਾਂ ਵਿੱਚ ਮੱਝਾਂ ਗਾਵਾਂ ਦੇ ਸੰਗਲ ਚੋਰੀ ਕਰਨ ਦੇ ਮਾਮਲੇ ਵਿੱਚ ਜੇਲ੍ਹ ਕੱਟ ਚੁਕੇ ਮੁੰਡੇ ਦੀਆਂ ਸਿਫਤਾਂ ਕਰਦੇ ਹੋਏ ਕਹਿੰਦੇ ਹਨ ਕਿ ਇਹਦੀ ਥਾਣੇ ਵਿੱਚ ਬਹੁਤ ਚਲਦੀ ਹੈ। ਕਿਉਂਕਿ ਥਾਣੇ ‘ਚ ਤਾਂ ਇਸਦਾ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਹੈ। ਇਕ ਵਾਰ ਦੀ ਗੱਲ ਹੈ ਕਿ ਇਕ ਮੁੰਡੇ ਦਾ ਪਿਤਾ ਕਹਿਣ ਲੱਗਾ ਕਿ ਸੱਚ ਬੋਲਣਾ ਬੜੀ ਹੀ ਚੰਗੀ ਗੱਲ ਹੈ। ਪਿਤਾ ਦੀ ਇਹ ਗੱਲ ਸੁਣਕੇ ਉਸਦਾ ਬੇਟਾ ਕਹਿਣ ਲੱਗਾ ਪਿਤਾ ਜੀ ਕਿਉਂ ਝੂਠ ਬੋਲਦੇ ਜੇ। ਕੱਲ੍ਹ ਜਦੋਂ ਮੈਂ ਘਰ ਆਕੇ ਤੁਹਾਨੂੰ ਸੱਚੋ ਸੱਚ ਦੱਸ ਦਿੱਤਾ ਸੀ ਕਿ ਤੁਹਾਡੀ ਜੇਬ ਚੋਂ ਪੈਸੇ ਮੈਂ ਕੱਢੇ ਨੇ ਤਾਂ ਤੁਸੀਂ ਮੈਨੂੰ ਕਿੰਨਾ ਕੁਟਿਆ ਸੀ। ਇਸਦੇ ਉਲਟ ਜੇ ਮੈਂ ਝੂਠ ਬੋਲ ਦਿੰਦਾ ਕਿ ਮੈਂ ਪੈਸੇ ਨਹੀਂ ਕੱਢੇ ਤਾਂ ਮੈਂ ਕੁੱਟ ਤੋਂ ਬੱਚ ਜਾਣਾ ਸੀ।
ਗੱਲ ਚੱਲ ਰਹੀ ਸੀ ਕਿ ਝੂਠ ਬੋਲਣਾ ਇਕ ਕਲਾ ਹੈ। ਇਸ ਕਲਾ ਦਾ ਸਭ ਤੋਂ ਪਹਿਲਾ ਰੂਲ ਤਾਂ ਇਹੀ ਹੀ ਕਿ ਸਾਹਮਣੇ ਵਾਲੇ ਨੂੰ ਜ਼ਰਾ ਜਿੰਨਾ ਵੀ ਸੱ਼ਕ ਨਹੀਂ ਹੋਣਾ ਚਾਹੀਦਾ ਕਿ ਤੁਹਾਡੀ ਗੱਲ ਮਨਖੜਤ ਹੈ ਜਾਂ ਤੁਸੀਂ ਉਸ ਵਿੱਚ ਕਿਸੇ ਕਿਸਮ ਦੀ ਕੋਈ ਮਿਲਾਵਟ ਕੀਤੀ ਹੈ। ਇਸ ਲਈ ਗੱਲ ਦਾ ਜਿ਼ਕਰ ਕਰਦੇ ਸਮੇਂ ਤੁਹਾਡੇ ਵਲੋਂ ਵਿੱਚ-ਵਿੱਚ ਹੈਰਾਨੀ ਜਾਂ ਖੁ਼ਸ਼ੀ ਦਾ ਪ੍ਰਗਟਾਵਾ ਕਰਦੇ ਰਹਿਣਾ ਅਤਿ ਜ਼ਰੂਰੀ ਹੈ। ਜੇ ਗੱਲ ਦੱਸਦੇ ਹੋਏ ਤੁਹਾਨੂੰ ਸੌਂਹ ਤੇਰੀ, ਸੌਂਹ ਰੱਬ ਦੀ, ਸਹੁੰ ਬਾਬੇ ਦੀ ਆਦਿ ਗੱਲਾਂ ਦੁਹਰਾਉਣ ਦੀ ਆਦਤ ਹੋਵੇ ਤਾਂ ਲੋਕਾਂ ਨੂੰ ਤੁਹਾਡੀਆਂ ਗੱਲਾਂ ਦਾ ਜਲਦੀ ਯਕੀਨ ਆ ਜਾਂਦਾ ਹੈ। ਕਈ ਵਾਰ ਗੱਲ ਕਰਦੇ ਕਰਦੇ ਸਾਹਮਣੇ ਵਾਲੇ ਕਿਸੇ ਸ਼ਖ਼ਸ ਦਾ ਜਿ਼ਕਰ ਕਰਦੇ ਰਹਿਣਾ ਵੀ ਝੂਠ ਦੀ ਸੱਚਾਈ ਨੂੰ, ਭਾਵ ਤੁਹਾਡੇ ਵਲੋਂ ਬਿਆਨੇ ਜਾ ਰਹੇ ਝੂਠ ਨੂੰ ਸੱਚਾਈ ਵਿੱਚ ਤਬਦੀਲ ਕਰਨ ਵਿੱਚ ਬਹੁਤ ਹੀ ਸਹਾਈ ਹੁੰਦਾ ਹੈ। ਜਿਵੇਂ ਯਾਰ ਜਦੋਂ ਮੈਂ ਘਰੋਂ ਨਿਕਲਿਆ ਹੀ ਤਾਂ ਆਪਣਾ ਪੱਪੂ ਵੀ ਮੈਨੂੰ ਮਿਲ ਗਿਆ, ਜਦ ਅਸੀਂ ਦੋਵੇਂ ਉਸ ਜਗ੍ਹਾ ‘ਤੇ ਪਹੁੰਚੇ ਤਾਂ ਉਹ ਸੜਕ ਦੇ ਵਿਚਕਾਰ ਨੰਗਾ ਹੀ ਭੱਜਿਆ ਜਾਵੇ, ਤੇਰੀ ਸਹੁੰ ਜਦ ਮੈਂ ਉਸਨੂੰ ਕਿਹਾ ਕਿ ਉਵੇਂ ਇੰਨਾ ਵੱਡਾ ਹੋ ਗਿਐਂ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਉਹ ਘਰ ਗਿਆ ਅਤੇ ਕਪੜੇ ਪਾ ਕੇ ਵਾਪਸ ਆਇਆ। ਜਦ ਕੁਝ ਦਿਨਾਂ ਬਾਅਦ ਪੱਪੂ ਨਾਲ ਗੱਲ ਹੋਈ ਤਾਂ ਪਤਾ ਚਲਿਆ ਕਿ ਯਾਰ ਉਹ ਵਿਚਾਰਾ ਕੋਈ ਬੰਦਾ ਨਹੀਂ ਸੀ ਉਹ ਤਾਂ ਗੁਆਂਢੀਆਂ ਦਾ ਕੁੱਤਾ ਸੀ। ਪਰ ਪੱਪੂ ਇਹ ਕਪੜੇ ਪਾ ਕੇ ਵਾਪਸ ਆਉਣ ਵਾਲੀ ਕੀ ਗੱਲ ਹੋਈ। ਯਾਰ ਇੰਨਾ ਕੁ ਝੂਠ ਤਾਂ ਚਲਦਾ ਹੀ ਏ।
ਇਸ ਲਈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਸੌ ਗੱਲਾਂ ਦੀ ਇਕੋ ਗੱਲ ਜੇ ਸਾਹਮਣੇ ਵਾਲਾ ਤੁਹਾਡੀ ਝੂਠੀ ਗੱਲ ਦਾ ਸਹਿਜ ਭਾਵ ਹੀ ਯਕੀਨ ਕਰ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਤੁਹਾਡੇ ਵਲੋਂ ਬੋਲੇ ਗਏ ਝੂਠ ਦੀ ਕਹਾਣੀ ਕਿਸੇ ਹੋਰ ਤੱਕ ਵੀ ਪਹੁੰਚ ਜਾਂਦੀ ਹੈ ਤਾਂ ਸਮਝੋ ਕਿ ਤੁਸੀਂ ਇਸ ਕਲਾ ਵਿੱਚ ਮਾਹਿਰ ਹੋ, ਜੇ ਯਕੀਨ ਨਾ ਆਵੇ ਤਾਂ ਇਸ ਬਾਰੇ ਤਜਰਬਾ ਕਰਕੇ ਵੇਖਣ ਵਿੱਚ ਕੀ ਹਰਜ਼ ਹੈ। ਪਰ ਇਕ ਗੱਲ ਧਿਆਨ ਵਿੱਚ ਰਖਿਓ ਕਿਤੇ ਇਹ ਨਾ ਹੋਵੇ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਆਸਿ਼ਕ ਸਾਬਤ ਕਰਨ ਦੀਆਂ ਕਹਾਣੀਆਂ ਆਪਣੀ ਘਰਵਾਲੀ ਨੂੰ ਹੀ ਦਸਣੀਆਂ ਸ਼ੁਰੂ ਕਰ ਦੇਵੋ ਅਤੇ ਤੁਹਾਡਾ ਇਹ ਝੂਠ ਕਿਸੇ ਬਿਪਤਾ ਦਾ ਕਾਰਨ ਬਣ ਜਾਵੇ ਜਦ ਵਿਆਹ ਤੋਂ ਪਹਿਲਾਂ ਹੀ ਤੁਸੀਂ ਆਪਣੀ ਗਰਲਫਰੈਂਡ ਨੂੰ ਇਹ ਦਸਣਾ ਸੁ਼ਰੂ ਕਰ ਦੇਵੋ ਕਿ ਤੁਹਾਡੇ ਤਾਂ ਦੋ ਤਿੰਨ ਬੱਚੇ ਵੀ ਨੇ। ਜਦ ਵੀ ਝੂਠ ਬੋਲਣ ਲੱਗੋ ਤਾਂ ਇਨ੍ਹਾਂ ਚੀਜ਼ਾਂ ਤੋਂ ਬਚਕੇ ਬੋਲਿਓ। ਇਸੇ ਲਈ ਮੈਂ ਸੁ਼ਰੂ ਵਿੱਚ ਹੀ ਕਹਿ ਦਿੱਤਾ ਹੈ ਕਿ ਝੂਠ ਬੋਲਣਾ ਇਕ ਕਲਾ ਹੈ।