ਕਾਰਾਕਸ – ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੇ ਆਪਣੇ ਤੇ ਹੋਏ ਡਰੋਨ ਹਮਲੇ ਵਿੱਚ ਵਾਲ-ਵਾਲ ਬਚ ਗਏ। ਨਿਕੋਲਸ ਜਿਸ ਸਮੇਂ ਲਾਈਵ ਟੀਵੀ ਤੇ ਭਾਸ਼ਣ ਦੇ ਰਹੇ ਸਨ ਤਾਂ ਵਿਸਫੋਟਕ ਸਮੱਗਰੀ ਨਾਲ ਭਰੇ ਕੁਝ ਡਰੋਨ ਉਨ੍ਹਾਂ ਦੇ ਬਹੁਤ ਹੀ ਨਜ਼ਦੀਕ ਆ ਕੇ ਡਿੱਗੇ। ਮਾਦੁਰੋ ਨੇ ਕਿਹਾ ਕਿ ਇਸ ਹਮਲੇ ਪਿੱਛੇ ਗਵਾਂਢੀ ਦੇਸ਼ ਕੋਲੰਬੀਆ ਅਤੇ ਅਮਰੀਕਾ ਵਿੱਚ ਰਹਿ ਰਹੇ ਕੁਝ ਅਗਿਆਤ ਫਾਈਨੈਂਸਰਾਂ ਦਾ ਹੱਥ ਹੈ।
ਰਾਸ਼ਟਰਪਤੀ ਮਾਦੁਰੋ ਨੇ ਕਿਹਾ, ‘ਇਹ ਹਮਲਾ ਮੈਨੂੰ ਮਾਰਨ ਦੇ ਲਈ ਕੀਤਾ ਗਿਆ ਸੀ, ਉਨ੍ਹਾਂ ਨੇ ਅੱਜ ਮੈਨੂੰ ਮਾਰਨ ਦੀ ਕੋਸਿ਼ਸ਼ ਕੀਤੀ।’ ਮਾਦੁਰੋ ਨੇ ਭਾਂਵੇ ਫਾਈਨੈਂਸਰਾਂ ਅਤੇ ਕੋਲੰਬੀਆਂ ਤੇ ਇਸ ਹਮਲੇ ਦਾ ਆਰੋਪ ਲਗਾਇਆ ਹੈ ਪਰ ਕੁਝ ਅਧਿਕਾਰੀਆਂ ਨੇ ਇਸ ਦੇ ਪਿੱਛੇ ਵੈਨੇਜ਼ੁਏਲਾ ਦੀ ਵਿਰੋਧੀ ਪਾਰਟੀ ਦਾ ਹੱਥ ਹੋਣ ਦੀ ਵੀ ਗੱਲ ਕੀਤੀ ਹੈ। ਦੂਸਰੇ ਪਾਸੇ ਕੋਲੰਬੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਦੀ ਇਸ ਡਰੋਨ ਹਮਲੇ ਵਿੱਚ ਕੋਈ ਭੂਮਿਕਾ ਨਹੀਂ ਹੈ। ਕੋਲੰਬੀਆਂ ਨੇ ਰਾਸ਼ਟਰਪਤੀ ਮਾਦੁਰੋ ਦੇ ਇਸ ਆਰੋਪ ਨੂੰ ਆਧਾਰਹੀਨ ਦੱਸਿਆ।
ਇਹ ਹਮਲਾ ਉਸ ਸਮੇਂ ਹੋਇਆ ਸੀ, ਜਦੋਂ ਮਾਦੁਰੋ ਰਾਜਧਾਨੀ ਕਰਾਕਸ ਵਿੱਚ ਸਿਪਾਹੀਆਂ ਦੇ ਸਾਹਮਣੇ ਭਾਸ਼ਣ ਦੇ ਰਹੇ ਸਨ। ਰਾਸ਼ਟਰਪਤੀ ਨੂੰ ਤਾਂ ਖਰੋਚ ਵੀ ਨਹੀਂ ਆਈ ਪਰ 7 ਸੁਰੱਖਿਆ ਕਰਮਚਾਰੀ ਜਖਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਦੇਸ਼ ਦੀ ਜੋ ਸਥਿਤੀ ਹੈ, ਉਹ ਆਰਥਿਕ ਯੁੱਧ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਵਿਦੇਸ਼ੀ ਤਾਕਤਾਂ ਦੁਆਰਾ ਯੋਜਨਾਬਧ ਢੰਗ ਨਾਲ ਕੀਤੀ ਗਈ ਹੈ।