ਨਵੀਂ ਦਿੱਲੀ – ਬੀਜੇਪੀ ਦੇ ਉਚ ਨੇਤਾ ਯਸ਼ਵੰਤ ਸਿਨਹਾ, ਅਰੁਣ ਸ਼ੌਰੀ ਅਤੇ ਪ੍ਰਸ਼ਾਂਤ ਭੂਸ਼ਣ ਨੇ ਰਾਫੇਲ ਸੌਦੇ ਨੂੰ ਲੈ ਕੇ ਨਵੀਂ ਦਿੱਲੀ ਦੇ ਪ੍ਰੈਸ ਕਲੱਬ ਵਿੱਚ ਆਰੋਪ ਲਗਾਇਆ ਹੈ ਕਿ ਮੋਦੀ ਸਰਕਾਰ ਨੇ ਰਾਫੇਲ ਲੜਾਕੂ ਜਹਾਜ਼ ਖ੍ਰੀਦ ਸੌਦੇ ਨਾਲ ਜੁੜੇ ਤੱਥਾਂ ਨੂੰ ਨਾ ਕੇਵਲ ਛੁਪਾਇਆ ਹੈ, ਬਲਿਕ ਝੱਟਪੱਟ ਡਲਿ ਕਰਨ ਦੇ ਲਈ ਜਰੂਰੀ ਪ੍ਰਕਿਰਿਆਵਾਂ ਵਿੱਚ ਵੀ ਤਬਦੀਲੀਆਂ ਕੀਤੀਆਂ ਹਨ ਅਤੇ ਤੈਅ ਮਾਪਦੰਡਾਂ ਦਾ ਵੀ ਉਲੰਘਣ ਕੀਤਾ ਹੈ।
ਪ੍ਰਸ਼ਾਂਤ ਭੂਸ਼ਣ ਨੇ ਪ੍ਰੈਸ ਕਲੱਬ ਆਫ਼ ਇੰਡੀਆ ਵਿੱਚ ਮੀਡੀਆ ਦੇ ਸਾਹਮਣੇ ਇਸ ਡੀਲ ਨਾਲ ਜੁੜੇ ਦਸਤਾਵੇਜ਼ ਰੱਖਦੇ ਹੋਏ ਕਿਹਾ ਕਿ ਰੱਖਿਆ ਮੰਤਰੀ ਵੱਲੋਂ ਵੀ ਇਸ ਸਬੰਧੀ ਗੱਲਤ ਬਿਆਨ ਦਿੱਤੇ ਗਏ ਅਤੇ ਮੀਡੀਏ ਨੂੰ ਹਨੇਰੇ ਵਿੱਚ ਰੱਖ ਕੇ ਉਸ ਦਾ ਇਸਤੇਮਾਲ ਝੂਠ ਫੈਲਾਉਣ ਦੇ ਲਈ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਰਾਫੇਲ ਡੀਲ ਨੂੰ ਗੁਪਤ ਰੱਖਣ ਬਾਰੇ ਕੋਈ ਵੀ ਤੁਕ ਨਹੀਂ ਹੈ।
ਅਰੁਣ ਸ਼ੌਰੀ ਅਤੇ ਯਸ਼ਵੰਤ ਸਿਨਹਾ ਨੇ ਕਿਹਾ ਕਿ ਰਾਫੇਲ ਸੌਦੇ ਵਿੱਚ ਸਿੱਧੇ ਤੌਰ ਤੇ ਇੱਕ ਬਹੁਤ ਵੱਡਾ ਘੋਟਾਲਾ ਹੋਇਆ ਹੈ ਜੋ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਕਾਂਗਰਸ ਵੀ ਪਿੱਛਲੇ ਲੰਬੇ ਸਮੇਂ ਤੋਂ ਇਹ ਆਰੋਪ ਲਗਾਉਂਦੀ ਆ ਰਹੀ ਹੈ ਕਿ ਭਾਰਤ ਅਤੇ ਫਰਾਂਸ ਵਿੱਚਕਾਰ ਰਾਫੇਲ ਸੌਦੇ ਵਿੱਚ 41 ਹਜ਼ਾਰ 205 ਕਰੋੜ ਰੁਪੈ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮਝੌਤੇ ਦੀ ਆੜ ਵਿੱਚ ਬਹੁਤ ਵੱਡਾ ਘੋਟਾਲਾ ਹੋਇਆ ਹੈ ਅਤੇ ਇਹ ਬੋਫਰਸ ਤੋਂ ਵੀ ਕਿਤੇ ਵੱਡਾ ਹੈ।