ਨਵੀਂ ਦਿੱਲੀ – ਬੀਜੇਪੀ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਹਰਾਉਣ ਲਈ ਜਿਆਦਾਤਰ ਦਲ ਆਪਸੀ ਮੱਤਭੇਦ ਭੁਲਾ ਕੇ ਮਹਾਂਗਠਬੰਧਨ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਦੇ ਤਹਿਤ ਹੀ ਕਿਸੇ ਸਮੇਂ ਬਸਪਾ ਮੁੱਖੀ ਮਾਇਆਵਤੀ ਲਈ ਮੁਸ਼ਕਿਲਾਂ ਪੈਦਾ ਕਰਨ ਵਾਲੇ ਗੁਜਰਾਤ ਦੇ ਦਲਿਤ ਨੇਤਾ ਜਿਗਨੇਸ਼ ਮੇਵਾਣੀ ਨੇ ਤਾਂ ਮਾਇਆਵਤੀ ਨੂੰ ਆਪਣੀ ਭੈਣ ਦੱਸਦੇ ਹੋਏ ਚੋਣਾਂ ਵਿੱਚ ਪੂਰਾ ਸਾਥ ਦੇ ਣਦ ਐਲਾਨ ਕਰ ਦਿੱਤਾ ਹੈ। ਏਨਾ ਹੀ ਨਹੀਂ ਉਨ੍ਹਾਂ ਨੇ ਬਸਪਾ ਦੇ ਧੁਰ ਵਿਰੋਧੀ ਰਹੇ ਭੀਮ ਆਰਮੀ ਦੇ ਮੁੱਖੀ ਚੰਦਰਸ਼ੇਖਰ ਨੂੰ ਵੀ ਨਾਲ ਲਿਆਉਣ ਦਾ ਦਾਅਵਾ ਕੀਤਾ ਹੈ।
ਬਸਪਾ ਅਤੇ ਭੀਮ ਆਰਮੀ ਨੇ ਭਾਂਵੇਂ ਅਜੇ ਤੱਕ ਇੱਕਠਿਆਂ ਚੋਣ ਲੜਨ ਬਾਰੇ ਰਸਮੀ ਤੌਰ ਤੇ ਕੋਈ ਐਲਾਨ ਨਹੀਂ ਕੀਤਾ ਹੈ,ਪਰ ਬੀਜੇਪੀ ਦੇ ਖਿਲਾਫ਼ ਦਲਿਤ ਵੋਟਾਂ ਨੂੰ ਇੱਕਜੁੱਟ ਕਰਨ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ। ਮਾਇਆਵਤੀ ਨੇ ਯੂਪੀ ਵਿੱਚ ਉਪਚੋਣਾਂ ਦੌਰਾਨ ਸਮਾਜਵਾਦੀ ਪਾਰਟੀ ਦਾ ਸਾਥ ਦੇ ਕੇ ਇੱਕ ਪ੍ਰਯੋਗ ਕੀਤਾ ਸੀ ਜੋ ਕਿ ਬਹੁਤ ਹੀ ਸਫ਼ਲ ਰਿਹਾ। ਬਸਪਾ ਦੇ ਸਹਿਯੋਗ ਕਾਰਣ ਹੀ ਸਪਾ ਨੇ ਗੋਰਖਪੁਰ, ਫੂਲਪੁਰ, ਕੈਰਾਨਾ ਅਤੇ ਨੂਰਪੁਰ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਅਤੇ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਲੈਣ ਦਿੱਤੀ। ਇਸ ਤੋਂ ਬਾਅਦ ਮਾਇਆਵਤੀ ਮਹਾਂਗਠਬੰਧਨ ਦੇ ਮਿਸ਼ਨ ਵਿੱਚ ਪੂਰੀ ਤਰ੍ਹਾਂ ਨਾਲ ਜੁੱਟ ਗਈ ਹੈ ਅਤੇ ਆਪਣੀਆਂ 21 ਫੀਸਦੀ ਵੋਟਾਂ ਦੀ ਤਾਕਤ ਵਿਖਾ ਕੇ ਵੱਧ ਤੋਂ ਵੱਧ ਸੀਟਾਂ ਪ੍ਰਾਪਤ ਕਰਨ ਦੀ ਜੁਗਤ ਵਿੱਚ ਲਗੀ ਹੋਈ ਹੈ।
ਇਸ ਸਾਲ ਦੇ ਅੰਤ ਵਿੱਚ ਮੱਧਪ੍ਰਦੇਸ਼, ਛਤੀਸਗੜ੍ਹ ਅਤੇ ਰਾਜਸਥਾਨ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਦਾ ਸਾਥ ਦੇ ਕੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਆਪਣੀ ਸਥਿਤੀ ਮਜ਼ਬੂਤ ਕਰਨ ਵਿੱਚ ਲਗੀ ਹੋਈ ਹੈ।