ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਦਲਿਤਾਂ ’ਤੇ ਜਬਰ ਵਿਰੋਧੀ ਕਮੇਟੀ ਪੰਜਾਬ ਦੇ ਸੱਦੇ ’ਤੇ ਸੈਕੜੇ ਕਿਰਤੀਆਂ ਨੇ ਐਸ.ਸੀ/ਐਸ.ਟੀ. ਸੋਧ ਬਿੱਲ ਦੇ ਸੰਸਦ ਵਿੱਚ ਪਾਸ ਹੋ ਜਾਣ ’ਤੇ ਕਸਬਾ ਮਲਸੀਆਂ ਵਿੱਚ ਜੇਤੂ ‘ਮਿਸ਼ਾਲ ਮਾਰਚ’ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਦਲਿਤਾਂ ’ਤੇ ਜਬਰ ਵਿਰੋਧੀ ਕਮੇਟੀ ਪੰਜਾਬ ਦੇ ਆਗੂ ਹਰਮੇਸ਼ ਮਾਲੜੀ ਨੇ ਕਿਹਾ ਕਿ ਸਦੀਆਂ ਤੋਂ ਜਾਤ-ਪਾਤੀ ਦਾਬੇ ਦੇ ਸ਼ਿਕਾਰ ਦਲਿਤ ਲੋਕਾਂ ਨਾਲ 1947 ਤੋਂ ਬਾਅਦ ਵੀ ਉਸੇ ਤਰਾਂ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਦਲਿਤਾਂ ’ਤੇ ਹੋ ਰਹੇ ਅੱਤਿਆਚਾਰ ’ਚ ਬੇਤਹਾਸ਼ਾ ਵਾਧਾ ਹੋ ਗਿਆ ਹੈ। ਇਸ ਕਰਕੇ ਆਰਥਿਕ ਤੇ ਸਮਾਜਿਕ ਜਬਰ ਦਾ ਸ਼ਿਕਾਰ ਹੋਣ ਵਾਲੇ ਦਲਿਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਅਜੇ ਹੋਰ ਸਖਤ ਕਾਨੂੰਨਾਂ ਦੀ ਲੋੜ ਹੈ।
ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਲੋਕ ਸੰਘਰਸ਼ ਅੱਗੇ ਝੁਕਦਿਆਂ ਹੀ ਐਸ.ਸੀ/ਐਸ.ਟੀ. ਕਾਨੂੰਨ ਸੋਧ ਬਿੱਲ ਨੂੰ ਸੰਸਦ ਵਿੱਚ ਪਾਸ ਕੀਤਾ ਹੈ। ਉਹਨਾਂ ਇਸ ਸੋਧ ਬਿੱਲ ਦੇ ਸੰਸਦ ਵਿਚ ਪਾਸ ਹੋਣ ਨੂੰ ਲੋਕ ਸੰਘਰਸ਼ ਦੀ ਜਿੱਤ ਦੱਸਦੇ ਕਿਹਾ ਕਿ ਇਹ ਉਨਾਂ ਦੀ ਅੰਤਿਮ ਜਿੱਤ ਨਹੀਂ ਹੈ। ਉਹਨਾਂ ਕਿਹਾ ਕਿ ਇੱਕ ਵਿਸ਼ਾਲ ਲੋਕ ਲਹਿਰ ਖੜੀ ਕਰਕੇ ਹੀ ਦਲਿਤਾਂ ’ਤੇ ਹੋ ਰਹੇ ਅੱਤਿਆਚਾਰ ਮੁਕੰਮਲ ਤੌਰ ’ਤੇ ਬੰਦ ਹੋ ਸਕਦੇ ਹਨ। ਉਨਾਂ ਦਲਿਤਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸਵੈਮਾਣ ਦੀ ਲੜਾਈ ਲੜਨ ਲਈ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ। ਇਕੱਠ ਨੂੰ ਡਾ. ਮੰਗਤ ਰਾਏ, ਗੁਰਮੀਤ ਸਿੰਘ ਕੋਟਲੀ, ਜਸਵੀਰ ਸ਼ੀਰਾ, ਸੁਖਜਿੰਦਰ ਲਾਲੀ, ਹਰਭਜਨ ਸਿੰਘ ਮਲਸੀਆਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।