ਫ਼ਤਹਿਗੜ੍ਹ ਸਾਹਿਬ – “ਕਿਉਂਕਿ ਪੰਜਾਬ ਸੂਬਾ ਇਕ ਖੇਤੀ ਪ੍ਰਧਾਨ ਸੂਬਾ ਹੈ । ਇਸ ਲਈ ਇਸ ਸੂਬੇ ਦੀ ਮਾਲੀ ਹਾਲਤ ਖੇਤੀ ਉਤਪਾਦਾਂ ਅਤੇ ਵਪਾਰਿਕ ਉਤਪਾਦਾਂ ਦੀ ਜਿੰਮੀਦਾਰ ਅਤੇ ਵਪਾਰੀਆਂ ਨੂੰ ਸਹੀ ਕੀਮਤਾਂ ਪ੍ਰਾਪਤ ਹੋਣ ਤੇ ਨਿਰਭਰ ਕਰਦੀ ਹੈ । ਪਰ ਇੰਡੀਅਨ ਰੁਪਏ ਦੀ ਹਰ ਆਏ ਦਿਨ ਡਾਲਰ ਦੇ ਮੁਕਾਬਲੇ ਕੀਮਤਾਂ ਡਿਗਦੇ ਜਾਣ ਦੀ ਕਾਰਵਾਈ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ । ਅੱਜ ਡਾਲਰ ਦੇ ਮੁਕਾਬਲੇ ਇੰਡੀਅਨ ਰੁਪਏ ਦੀ ਕੀਮਤ 70 ਰੁਪਏ ਹੋਣਾ ਗਹਿਰੀ ਚਿੰਤਾ ਵਾਲੀ ਹੈ । ਦੂਸਰਾ ਮੋਦੀ ਹਕੂਮਤ ਵੱਲੋਂ ਕਣਕ ਦੀ ਆਯਾਤ ਉਤੇ ਡਿਊਟੀ ਕਾਫ਼ੀ ਘਟਾ ਦਿੱਤੀ ਗਈ ਹੈ । ਜਿਸ ਕਾਰਨ ਜਿੰਮੀਦਾਰ ਨੂੰ ਕਣਕ ਦੀ ਫ਼ਸਲ ਦੀ ਸਹੀ ਕੀਮਤ ਨਹੀਂ ਪ੍ਰਾਪਤ ਹੋ ਰਹੀ ਅਤੇ ਪੰਜਾਬ ਦੇ ਜਿੰਮੀਦਾਰ ਦੀ ਨਿਘਰਦੀ ਜਾ ਰਹੀ ਮਾਲੀ ਹਾਲਤ ਦੀ ਬਦੌਲਤ ਹੀ ਕਿਸਾਨਾਂ ਨੂੰ ਖੁਦਕਸੀਆਂ ਦੇ ਰਾਹ ਚੁਣਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ । ਇਸਦੀ ਮੁੱਖ ਵਜਹ ਸਰਕਾਰ ਵੱਲੋਂ ਪੰਜਾਬ ਸੂਬੇ ਦੀਆਂ ਖੇਤੀ ਵਸਤਾਂ ਅਤੇ ਵਪਾਰਕ ਵਸਤਾਂ ਦੀ ਖਰੀਦੋ-ਫਰੋਖਤ ਲਈ ਕੋਈ ਵੀ ਠੋਸ ਨੀਤੀ ਨਾ ਹੋਣ ਦੇ ਨਾਲ-ਨਾਲ ਸ੍ਰੀ ਮੋਦੀ ਵੱਲੋਂ ਪਹਿਲੇ ਨੋਟਬੰਦੀ ਅਤੇ ਫਿਰ ਜੀ.ਐਸ.ਟੀ. ਵਰਗੇ ਆਰਥਿਕਤਾ ਵਿਰੋਧੀ ਕਦਮ ਵੀ ਇਸ ਲਈ ਜਿੰਮੇਵਾਰ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਾਲਰ ਦੇ ਮੁਕਾਬਲੇ ਇੰਡੀਅਨ ਰੁਪਏ ਦੀ ਕੀਮਤ ਨਿੱਤ ਦਿਹਾੜੇ ਘਟਦੇ ਜਾਣ ਦੇ ਅਮਲਾਂ ਉਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਅਤੇ ਇਸ ਲਈ ਮੋਦੀ ਹਕੂਮਤ ਅਤੇ ਸੈਂਟਰ ਦੇ ਹੁਕਮਰਾਨਾਂ ਦੀਆਂ ਪੰਜਾਬ ਸੂਬੇ ਅਤੇ ਇਥੋਂ ਦੇ ਨਿਵਾਸੀਆ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਕੋਈ ਵੀ ਯੋਜਨਾ ਲਾਗੂ ਨਾ ਕਰਨ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਦੀ ਮਾਲੀ ਹਾਲਤ ਦੇ ਵੱਡੇ ਨਿਘਾਰ ਲਈ ਸਰਕਾਰਾਂ ਚਲਾਉਣ ਵਾਲੇ ਬਾਬੂ ਆਈ.ਏ.ਐਸ. ਅਫ਼ਸਰ ਵੀ ਹਨ। ਜੋ ਦੁਨਿਆਵੀ ਲਾਲਚਵੱਸ ਹੋ ਕੇ ਵੱਡੇ ਪੱਧਰ ਤੇ ਰਿਸ਼ਵਤਖੋਰੀ ਅਤੇ ਦਲਾਲੀਆ ਕਰ ਰਹੇ ਹਨ । ਜਿਵੇਂ ਰੀਫੇਲ ਲੜਾਕੂ ਜਹਾਜਾਂ ਦੀ ਖਰੀਦੋ-ਫਰੋਖਤ ਸਮੇਂ, ਸ੍ਰੀ ਵਾਜਪਾਈ ਦੀ ਹਕੂਮਤ ਸਮੇਂ ਫ਼ੌਜੀਆਂ ਲਈ ਅਮਰੀਕਨ ਕਫ਼ਨ ਖਰੀਦਣ ਸਮੇਂ ਵੱਡੀਆਂ ਕਰੋੜਾਂ-ਅਰਬਾਂ ਰੁਪਏ ਦੀ ਦਲਾਲੀ ਖਾਧੀ ਗਈ । ਜਦੋਂ ਫ਼ੌਜੀਆਂ ਦੀਆਂ ਸ਼ਹਾਦਤਾਂ ਨਾਲ ਸੰਬੰਧਤ ਕਫਨਾਂ ਦੀ ਖਰੀਦੋ-ਫਰੋਖਤ ਸਮੇਂ ਸਿਆਸਤਦਾਨ ਤੇ ਅਫ਼ਸਰਸ਼ਾਹੀ ਵੱਡੀਆ ਦਲਾਲੀਆ ਪ੍ਰਾਪਤ ਕਰਦੇ ਹਨ, ਤਾਂ ਇਸ ਤੋਂ ਨਮੋਸੀ ਅਤੇ ਸ਼ਰਮਨਾਕ ਕੀਤੀ ਜਾਣ ਵਾਲੀ ਦਲਾਲੀ ਹੋ ਕੀ ਹੋ ਸਕਦੀ ਹੈ ? ਤੀਸਰਾ ਮੁੱਖ ਕਾਰਨ ਇਹ ਹੈ ਕਿ ਜੋ ਇਥੇ ਵੱਡੇ-ਵੱਡੇ ਧਨਾਂਢ ਹਿੰਦੂ ਸਾਹੂਕਾਰ ਅਤੇ ਸੇਅਰ-ਬਜਾਰਾਂ ਵਾਲੇ ਹਨ, ਉਨ੍ਹਾਂ ਦਾ ਇੰਡੀਅਨ ਰੁਪਏ ਦੀ ਕੀਮਤ ਘੱਟਦੇ ਰਹਿਣ ਦੀ ਬਦੌਲਤ ਇੰਡੀਅਨ ਕਾਰੰਸੀ ਵਿਚ ਵਿਸ਼ਵਾਸ ਖਤਮ ਹੋ ਚੁੱਕਾ ਹੈ ਅਤੇ ਉਹ ਆਪਣੇ ਅਰਬਾਂ-ਕਰੋੜਾਂ ਰੁਪਏ ਦੇ ਦੌਲਤਾਂ ਦੇ ਭੰਡਾਰਾਂ ਨੂੰ ਸਵਿਸ, ਸਵਿਟਰਜਲੈਂਡ, ਪਨਾਮਾ, ਕਰੇਬੀਅਨ ਟਾਪੂਆ ਵਿਚ ਸੁਰੱਖਿਅਤ ਰੱਖਣ ਲਈ ਭੇਜ ਦਿੰਦੇ ਹਨ । ਕਿਉਂਕਿ ਇਥੋਂ ਦੇ ਹੁਕਮਰਾਨਾਂ ਦੀ ਵਿਦੇਸ਼ੀ ਨੀਤੀ ਫੇਲ੍ਹ ਹੋ ਚੁੱਕੀ ਹੈ । ਇੰਡੀਆਂ ਦੇ ਨਾਲ ਲੱਗਦੇ ਮੁਲਕ ਚੀਨ-ਪਾਕਿਸਤਾਨ, ਬਰਮਾ, ਲੰਕਾ, ਭੁਟਾਨ, ਬੰਗਲਾਦੇਸ਼, ਮਾਲਦੀਵ ਟਾਪੂ, ਨੇਪਾਲ ਜੋ ਹਨ, ਉਹ ਰੂਸ ਅਤੇ ਚੀਨ ਦੀ ਸੁਲ੍ਹਾ ਹੋਣ ਦੀ ਬਦੌਲਤ ਮਹਿਸੂਸ ਕਰ ਰਹੇ ਹਨ ਕਿ ਇੰਡੀਆਂ ਨੂੰ ਉਪਰੋਕਤ ਤਾਕਤਾਂ ਨੇ ਘੇਰ ਰੱਖਿਆ ਹੈ । ਇਸ ਲਈ ਹੀ ਅਜਿਹੇ ਸਾਹੂਕਾਰ ਤੇ ਉਦਯੋਗਪਤੀ ਇਥੇ ਨਿਵੇਸ਼ ਕਰਨ ਤੋਂ ਡਰਦੇ ਹਨ ।
ਸ. ਮਾਨ ਨੇ ਬਾਹਰਲੇ ਮੁਲਕਾਂ ਵਿਚ ਬੈਠੇ ਧਨਾਢ ਸਿੱਖਾਂ ਅਤੇ ਪੰਜਾਬ ਦੇ ਸਿੱਖਾਂ ਨੂੰ ਆਪਣੇ ਪੰਜਾਬ ਸੂਬੇ ਪ੍ਰਤੀ ਅਤੇ ਪੰਜਾਬ ਦੀ ਮਾਲੀ ਹਾਲਤ ਪ੍ਰਤੀ ਰਾਏ ਦਿੰਦੇ ਹੋਏ ਕਿਹਾ ਕਿ ਜਿੰਨਾ ਸਮਾਂ ਇੰਡੀਆਂ ਦੀ ਮਾਲੀ ਹਾਲਤ ਸਥਿਰ ਨਹੀਂ ਹੁੰਦੀ, ਉਨ੍ਹਾਂ ਕੋਲ ਜੋ ਪੈਸਾ ਹੈ ਜਾਂ ਉਨ੍ਹਾਂ ਨੇ ਸਾਹੂਕਾਰਾਂ ਕੋਲ ਗੁਪਤ ਤਰੀਕੇ ਵਿਆਜ ਤੇ ਦੇ ਰੱਖਿਆ ਹੈ, ਉਹ ਸਾਰਾ ਕੱਢ ਲੈਣ ਅਤੇ ਉਸਦਾ ਜਾ ਤਾਂ ਸੋਨਾਂ ਖਰੀਦ ਲੈਣ ਜਾਂ ਫਿਰ ਜਿੰਨੀਆਂ ਜ਼ਮੀਨਾਂ-ਜ਼ਾਇਦਾਦਾਂ ਖਰੀਦ ਸਕਦੇ ਹਨ, ਉਨ੍ਹਾਂ ਦੀ ਖਰੀਦ ਕਰ ਲੈਣ । ਫਿਰ ਸਮਾਂ ਆਉਣ ਤੇ ਇਸ ਪੈਸੇ ਜਾਂ ਇਨ੍ਹਾਂ ਸਾਧਨਾਂ ਨੂੰ ਪੰਜਾਬ ਸੂਬੇ ਵਿਚ ਨਿਵੇਸ਼ ਕਰਦੇ ਹੋਏ ਪੰਜਾਬ ਦੇ ਮਾਲੀ ਹਾਲਾਤਾਂ ਨੂੰ ਬਿਹਤਰ ਬਣਾਉਣ ਵਿਚ ਲਗਾਉਣ ਤਾਂ ਕਿ ਉਨ੍ਹਾਂ ਦਾ ਵਪਾਰ ਵੀ ਵੱਧ ਸਕੇ ਅਤੇ ਪੰਜਾਬ ਦੀ ਮਾਲੀ ਹਾਲਤ ਨੂੰ ਵੀ ਕੌਮਾਂਤਰੀ ਪੱਧਰ ਤੇ ਹੁਲਾਰਾ ਮਿਲ ਸਕੇ ।