ਚੌਕ ਮਹਿਤਾ/ ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ 41ਵੀਂ ਬਰਸੀ ਅਜ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਸ਼੍ਰੀ ਮੁੱਖ ਵਾਕ ਦੀ ਕੱਥਾ ਸੰਗਤਾਂ ਨੂੰ ਸਰਵਣ ਕਰਵਾਉਂਦਿਆਂ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਜੀ ਦੇ ਘਾਲਣਾ ਭਰੇ ਅਲੌਕਿਕ ਜੀਵਨ ਸਫ਼ਰ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ‘ਚ ਪਾਏ ਵਡੇ ਅਤੇ ਲਾਸਾਨੀ ਯੋਗਦਾਨ ‘ਤੇ ਚਾਨਣਾ ਪਾਇਆ। ਉਨ੍ਹਾਂ ਦਸਿਆ ਕਿ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਪਰਪੱਕ ਗੁਰਸਿਖ ਸਨ ਜਿਨ੍ਹਾਂ ਨੇ ਦਮਦਮੀ ਟਕਸਾਲ ਦੇ ਮੁਖੀ ਵਜੋਂ 8 ਸਾਲ ਦੇ ਥੋੜੇ ਅਰਸੇ ਦੌਰਾਨ ਪਖੰਡੀਆਂ ਤੇ ਦੇਹਧਾਰੀਆਂ ਦੇ ਪੈਰ ਨਹੀਂ ਲੱਗਣ ਦਿਤੇ, ਅਤੇ ਖ਼ਾਲਸਾਈ ਪਰਚਮ ਨੂੰ ਦੇਸ਼ ਦੇ ਕੋਨੇ ਕੋਨੇ ਲਹਿਰਾਇਆ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਘਾਣ ਕਰਨ ਵਾਲੀ ਐਮਰਜੈਂਸੀ ਦਾ ਨਿਰਭੈਤਾ ਨਾਲ ਵਿਰੋਧ ਕਰਦਿਆਂ ਦੇਸ਼ ਭਰ ‘ਚ 37 ਜਲੂਸ ਕੱਢਦਿਆਂ ਸਿਖ ਸੰਗਤ ਵਿਚ ਚੇਤਨਾ ਅਤੇ ਰਾਜਸੀ ਚੇਤਨਾ ਪੈਦਾ ਕਰਨ ਨੂੰ ਅਜ ਵੀ ਯਾਦ ਕੀਤਾ ਜਾਂਦਾ ਹੈ। ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੰਤ ਕਰਤਾਰ ਸਿੰਘ ਜੀ ਦੇ ਦਮਦਮੀ ਟਕਸਾਲ ਵਿਚ ਆਉਣਾ, ਗੁਰਬਾਣੀ ਦੀ ਸੰਥਿਆ ਅਤੇ ਟਕਸਾਲ ਮੁਖੀ ਬਣਨ ਤੋਂ ਬਾਅਦ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਨਾਲ ਜੋੜਨ ਬਾਰੇ ਘਾਲੀ ਗਈ ਲੰਬੀ ਘਾਲਣਾ ਬਾਰੇ ਵਿਸਥਾਰ ਨਾਲ ਦਸਿਆ। ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਦੇ ਪਿੰਡ ਮਹਿਤਾ ਵਿਖੇ ਅਕਾਲ ਚਲਾਣਾ ਕਰਨ ਤੋਂ ਬਾਅਦ ਉਨ੍ਹਾਂ ਨੇ ਇੱਥੇ ਦਮਦਮੀ ਟਕਸਾਲ ਦਾ ਕੇਂਦਰੀ ਸਥਾਨ ਬਣਾ ਕੇ ਗੁਰਮਤਿ ਦਾ ਮਹਾਨ ਵਿਦਿਆਲਿਆ ਸਥਾਪਿਤ ਕੀਤਾ। ਸਿੰਘ ਸਾਹਿਬ ਜਸਬੀਰ ਸਿੰਘ ਖ਼ਾਲਸਾ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸੰਤ ਜੀ ਨੇ ਸਿਖੀ ਪ੍ਰਚਾਰ ਲਈ ਨਿਵੇਕਲਾ ਰਾਹ ਅਪਣਾਇਆ ਅਤੇ ਅੰਤ ਸਮੇਂ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਨੂੰ ਪੁੱਗਾ ਦੇ ਦਿਖਾਇਆ।
ਸਮਾਗਮ ਵਿਚ ਬਹੁਤ ਵੱਡੀ ਗਿਣਤੀ ਅੰਦਰ ਪੁੱਜੀਆਂ ਸੰਗਤਾਂ ਵਿਚੋਂ ਮੁੱਖ ਤੌਰ ਤੇ ਬਾਬਾ ਗੁਰਭੇਜ ਸਿੰਘ ਖਾਲਾ ਬੁਲਾਰਾ ਸੰਤ ਸਮਾਜ, ਭਾਈ ਅਜੈਬ ਸਿੰਘ ਅਭਿਆਸੀ, ਭਾਈ ਜਸਪਾਲ ਸਿੰਘ ਸਿੱਧੂ, ਭਾਈ ਗੁਰਦਿਆਲ ਸਿੰਘ ਲੰਘਿਆਣਾ, ਸਰਪੰਚ ਅਮਰ ਸਿੰਘ ਮਧਰੇ, ਬਾਬਾ ਅਜੀਤ ਸਿੰਘ, ਭਾਈ ਸਤਨਾਮ ਸਿੰਘ,ਬਾਬਾ ਗੁਰਦੇਵ ਸਿੰਘ ਤਰਸਿਕਾ,ਜਥੇਦਾਰ ਅਜੀਤ ਸਿੰਘ,ਭਾਈ ਪਰਵਿੰਦਰਪਾਲ ਸਿੰਘ ਬੁੱਟਰ,ਭਾਈ ਹਰਭਜਨ ਸਿੰਘ ਬੰਬੇ,ਜਥੇਦਾਰ ਸੁਖਦੇਵ ਸਿੰਘ ਆਨੰਦਪੁਰ ਸਾਹਿਬ,ਭਾਈ ਜਰਨੈਲ ਸਿੰਘ,ਭਾਈ ਬੋਹੜ ਸਿੰਘ,ਕਸ਼ਮੀਰ ਸਿੰਘ ਕਾਲਾ ਸਾਬਕਾ ਸਰਪੰਚ ਮਹਿਤਾ,ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ,ਵਾਈਸ ਪ੍ਰਿੰਸੀਪਲ ਗੁਰਦੀਪ ਸਿੰਘ ਮਹਿਰਮਪੁਰ,ਚੇਅਰਮੈਨ ਲਖਵਿੰਦਰ ਸਿੰਘ ਸੋਨਾ,ਪ੍ਰਧਾਨ ਸਾਹਿਬ ਸਿੰਘ ਸਾਰੰਗ,ਮਹਿੰਦਰਪਾਲ ਸਿੰਘ ਬਲ,ਪੰਡਿਤ ਰਾਮ ਸਰੂਪ,ਜੁਗਰਾਜ ਸਿੰਘ ਜੋਗਾ,ਭਾਈ ਨਿਰਮਲ ਸਿੰਘ,ਹਰਪਾਲ ਸਿੰਘ,ਭਾਈ ਹਰਚੰਦ ਸਿੰਘ,ਗੁਰਬਿੰਦਰ ਸਿੰਘ ਪੱਡਾ,ਰਮਨਬੀਰ ਸਿੰਘ ਲੱਧਾਮੁੰਡਾ,ਅੰਤਰਪ੍ਰੀਤ ਸਿੰਘ,ਪ੍ਰੋਫੈਸਰ ਸਰਚਾਂਦ ਸਿੰਘ,ਭਾਈ ਰਾਮ ਸਿੰਘ ਆਦਿ ਦੇ ਨਾਮ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹਨ।