ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ਨੇ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਲਈ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਮੁਸ਼ਰੱਫ਼ ਇਸ ਸਮੇਂ ਦੁਬੱਈ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਇਹ ਮੰਗ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਕੀਤੀ। ਸੋਮਵਾਰ ਨੂੰ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਅਖਤਰ ਸ਼ਾਹ ਨੇ ਕਿਹਾ, ‘ਮੁਸ਼ਰੱਫ਼ ਦੀ ਜਾਨ ਨੂੰ ਖ਼ਤਰਾ ਹੈ। ਪਹਿਲਾਂ ਵੀ ਦੋ ਵਾਰ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ।’
ਇਸਲਾਮਾਬਾਦ ਕੋਰਟ ਅਤੇ ਕਵੇਟਾ ਵਿੱਚ ਅਕਬਰ ਬੁਗਤੀ ਮਾਮਲੇ ਦੀ ਸੁਣਵਾਈ ਦੌਰਾਨ ਉਨ੍ਹਾਂ ਤੇ ਹਮਲਾ ਹੋਇਆ ਸੀ। ਉਹ ਅਦਾਲਤ ਵਿੱਚ ਤਦ ਹੀ ਹਾਜ਼ਿਰ ਹੋਣਗੇ ਜਦੋਂ ਰੱਖਿਆ ਵਿਭਾਗ ਉਨ੍ਹਾਂ ਨੂੰ ਉਚ ਪੱਧਰੀ ਸੁਰੱਖਿਆ ਮੁਹਈਆ ਕਰਵਾਵੇਗਾ। ਇਸ ਤੇ ਮਾਮਲੇ ਦੀ ਸੁਣਵਾਈ ਕਰ ਰਹੇ ਦੋ ਮੈਂਬਰੀ ਬੈਂਚ ਨੇ ਕਿਹਾ, ‘ਮੁਸ਼ਰੱਫ਼ ਦੇ ਖਿਲਾਫ਼ ਗੈਰ-ਜਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਜਿਸ ਕਰਕੇ ਉਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਸਰਕਾਰ ਦੇ ਸਿਰ ਹੈ।’
ਵਰਨਣਯੋਗ ਹੈ ਕਿ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੀ ਸਰਕਾਰ ਨੇ ਮੁਸ਼ਰੱਫ਼ ਦੇ ਖਿਲਾਫ਼ ਦੇਸ਼ ਧ੍ਰੋਹ ਦਾ ਮੁਕਦਮਾ ਦਰਜ਼ ਕੀਤਾ ਸੀ। ਉਹ ਪਿੱਛਲੇ ਕੁਝ ਅਰਸੇ ਤੋਂ ਦੁਬੱਈ ਵਿੱਚ ਹੀ ਰਹਿ ਰਹੇ ਹਨ। ਪਾਕਿਸਤਾਨ ਦੀਆਂ ਅਦਾਲਤਾਂ ਵੱਲੋਂ ਤਲਬ ਕੀਤੇ ਜਾਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋਏ। ਹੁਣ ਅਦਾਲਤ ਉਨ੍ਹਾਂ ਦੇ ਬਿਆਨ ਲਏ ਬਿਨਾਂ ਹੀ ਇਸ ਮਾਮਲੇ ਦੀ ਸੁਣਵਾਈ ਅੱਗੇ ਵਧਾਉਣ ਤੇ ਵਿਚਾਰ ਕਰ ਰਹੀ ਹੈ।