ਨਵੀਂ ਦਿੱਲੀ : ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਦੀ ਅਗਵਾਈ ’ਚ ਕਮੇਟੀ ਮੈਂਬਰਾਂ ਦੀ ਮੀਟਿੰਗ ਉਪਰੰਤ ਇਸ ਗੱਲ ਦਾ ਐਲਾਨ ਕੀਤਾ ਗਿਆ। ਕਮੇਟੀ ਵੱਲੋਂ ਇਸ ਸਬੰਧ ’ਚ ਹੜ੍ਹ ਪ੍ਰਭਾਵਿਤ ਇਲਾਕੇ ਦੇ ਤਿੰਨ ਥਾਂਵਾਂ ’ਤੇ ਲੰਗਰ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਲੰਗਰ ਕੈਂਪਾ ’ਚ ਰੋਜ਼ਾਨਾ 25 ਤੋਂ 30 ਹਜ਼ਾਰ ਲੋਕਾਂ ਨੂੰ ਲੰਗਰ ਛੱਕਾਉਣ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਮੀਟਿੰਗ ਤੋਂ ਪਹਿਲਾਂ ਕਮੇਟੀ ਦੇ ਇੱਕ ਵਫ਼ਦ ਨੇ ਅੱਜ ਦਿੱਲੀ ਵਿਖੇ ਸਥਾਪਿਤ ਕੇਰਲਾ ਹਾਊਸ ਪੁੱਜ ਕੇ ਸਥਾਨਿਕ ਰੇਸ਼ੀਡੇਂਟ ਕਮਿਸ਼ਨਰ ਨਾਲ ਮੁਲਾਕਾਤ ਕੀਤੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਕਾ ਨੇ ਕਿਹਾ ਕਿ ਕੱਲ ਦਿੱਲੀ ਕਮੇਟੀ ਦਾ ਇੱਕ ਜਥਾ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਦੀ ਨਿਗਰਾਣੀ ਹੇਠ ਹੜ੍ਹ ਪ੍ਰਭਾਵਿਤ ਇਲਾਕੇ ਲਈ ਜਾ ਰਿਹਾ ਹੈ। ਜਿਸ ’ਚ ਲੰਗਰ ਪਕਾਉਣ ਲਈ ਜਰੂਰੀ ਰਸਦ ਅਤੇ ਲਾਂਗਰੀ ਜਾ ਰਹੇ ਹਨ। ਲੰਗਰ ’ਚ ਚਾਵਲ ਅਤੇ ਸਾਂਬਰ ਬਣਾਇਆ ਜਾਵੇਗਾ। ਇਸ ਸੇਵਾ ’ਚ ਭਾਗ ਲੈਣ ਦੇ ਇਛੁੱਕ ਸੱਜਣ ਨਗਦ ਜਾਂ ਰਸਦ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਨਾਨਕ ਪਿਆਊ ਸਾਹਿਬ ਅਤੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਬਣੇ ਵਿਸ਼ੇਸ਼ ਕੇਂਦਰਾਂ ’ਤੇ ਜਮਾ ਕਰਾਕੇ ਰਸੀਦ ਲੈ ਸਕਦੇ ਹਨ।
ਫਤਹਿ ਨਗਰ ਨੇ ਸੰਗਤਾਂ ਨੂੰ ਇਸ ਸੇਵਾ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰੇਣਾ ਕੀਤੀ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਵੱਡੀ ਗਿਣਤੀ ’ਚ ਮੌਜੂਦ ਸਨ। ਸਥਾਨਿਕ ਸਿੰਘ ਸਭਾ ਗੁਰਦੁਆਰਿਆਂ ’ਚ ਇਸ ਸਬੰਧੀ ਜਾਣਕਾਰੀ ਸਟੇਜਾਂ ਤੋਂ ਜਾਰੀ ਕਰਵਾਉਣ ਦੀ ਵੀ ਮੈਂਬਰਾਂ ਨੂੰ ਹਿਦਾਇਤ ਦਿੱਤੀ ਗਈ ਹੈ। ਇੱਥੇ ਦੱਸ ਦੇਈਐ ਕਿ ਕੌਮਾਂਤਰੀ ਜਥੇਬੰਦੀ ਖਾਲਸਾ ਏਡ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਇਲਾਕੇ ’ਚ ਸੇਵਾ ਦਾ ਕਾਰਜ ਸ਼ੁਰੂ ਕਰ ਚੁੱਕੀ ਹੈ।