ਚੰਡੀਗੜ੍ਹ – “ਇੰਡੀਆਂ ਦੇ ਹੁਕਮਰਾਨਾਂ, ਬੀਜੇਪੀ, ਆਰ.ਐਸ.ਐਸ. ਅਤੇ ਹੋਰ ਹਿੰਦੂਤਵ ਜਮਾਤਾਂ ਵੱਲੋਂ ਮੀਡੀਏ ਅਤੇ ਪ੍ਰੈਸ ਵਿਚ ਇਹ ਅਕਸਰ ਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਥੇ ਵੱਸਣ ਵਾਲੀਆ ਸਭ ਕੌਮਾਂ, ਵਰਗਾਂ, ਫਿਰਕਿਆ, ਕਬੀਲਿਆ ਆਦਿ ਉਤੇ ਬਰਾਬਰਤਾ ਦੇ ਕਾਨੂੰਨ ਲਾਗੂ ਹੁੰਦੇ ਹਨ ਅਤੇ ਸਭਨਾਂ ਨੂੰ ਬਰਾਬਰਤਾ ਦੇ ਹੱਕ-ਅਧਿਕਾਰ ਪ੍ਰਾਪਤ ਹਨ । ਪਰ ਅਮਲੀ ਰੂਪ ਵਿਚ ਜੋ ਕੁਝ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨਾਲ ਮੁਤੱਸਵੀ ਹੁਕਮਰਾਨਾਂ ਅਤੇ ਸੰਗਠਨਾਂ ਵੱਲੋਂ ਨਿੱਤ ਦਿਹਾੜੇ ਅਣਮਨੁੱਖੀ ਤੇ ਗੈਰ-ਕਾਨੂੰਨੀ ਕਾਰਵਾਈਆ ਕੀਤੀਆ ਜਾ ਰਹੀਆ ਹਨ, ਉਸਦੀ ਪ੍ਰਤੱਖ ਮਿਸਾਲ ਬੀਤੇ ਦਿਨੀਂ ਹਿਸਾਰ ਵਿਖੇ ਇਕ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਨਾਲ ਸਿਆਸਤਦਾਨਾਂ ਨਾਲ ਸੰਬੰਧਤ ਕੁਝ ਗੁੰਡਿਆਂ ਵੱਲੋਂ ਕੇਵਲ ਸਿੱਖ ਬੀਬੀ ਨਾਲ ਛੇੜਛਾੜ ਹੀ ਨਹੀਂ ਕੀਤੀ ਗਈ, ਬਲਕਿ ਉਸ ਪਰਿਵਾਰ ਦੇ ਮਰਦ ਬੰਦਿਆਂ ਨੂੰ ਵੀ ਅਣਮਨੁੱਖੀ ਢੰਗ ਨਾਲ ਕੁੱਟਮਾਰ ਕੀਤੀ ਗਈ । ਇਥੋਂ ਤੱਕ ਇਕ ਗਰਭਵਤੀ ਸਿੱਖ ਬੀਬੀ ਉਤੇ ਵੀ ਕਹਿਰ ਢਾਹਿਆ ਗਿਆ । ਅਜਿਹੀ ਅਣਮਨੁੱਖੀ ਕਾਰਵਾਈਆ ਕਰਨ ਵਾਲੇ ਗੁੰਡਿਆਂ ਉਤੇ ਤੁਰੰਤ ਸੰਗੀਨ ਜੁਰਮ ਦੇ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਹੋਣੀ ਬਣਦੀ ਸੀ । ਪਰ ਮੁਤੱਸਵੀ ਸਿਆਸਤਦਾਨਾਂ ਤੇ ਹੁਕਮਰਾਨਾਂ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਉਪਰੋਕਤ ਪੀੜਤ ਪਰਿਵਾਰ ਉਤੇ ਹੀ ਕੇਸ ਦਰਜ ਕਰਕੇ ਦਿਮਾਗੀ ਅਤੇ ਸਰੀਰਕ ਤੌਰ ਤੇ ਤਸੱਦਦ ਕਰਨ ਦੀ ਅਤਿ ਸ਼ਰਮਨਾਕ ਕਾਰਵਾਈ ਕੀਤੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੁਰਜੋਰ ਨਿੰਦਾ ਕਰਦਾ ਹੈ, ਉਥੇ ਗੁਆਢੀ ਸੂਬੇ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਇਸ ਗੰਭੀਰ ਮਸਲੇ ਵਿਚ ਤੁਰੰਤ ਦਖਲ ਦੇ ਕੇ ਪੀੜਤ ਪਰਿਵਾਰ ਉਤੇ ਮੰਦਭਾਵਨਾ ਅਧੀਨ ਬਣਾਏ ਗਏ ਕੇਸ ਨੂੰ ਵਾਪਸ ਲੈਣ ਅਤੇ ਦੋਸ਼ੀਆਂ ਵਿਰੁੱਧ ਐਫ.ਆਈ.ਆਰ ਦਰਜ ਕਰਦੇ ਹੋਏ ਕਾਨੂੰਨੀ ਕਾਰਵਾਈ ਕਰਨ ਦੀ ਜਿਥੇ ਮੰਗ ਕਰਦਾ ਹੈ, ਉਥੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਸਿਆਸਤਦਾਨਾਂ ਦੇ ਪ੍ਰਭਾਵ ਹੇਠ ਆ ਕੇ ਪੀੜਤ ਪਰਿਵਾਰ ਉਤੇ ਗਲਤ ਕਾਰਵਾਈ ਕੀਤੀ ਹੈ, ਉਨ੍ਹਾਂ ਵਿਰੁੱਧ ਵੀ ਸਖਤ ਕਾਰਵਾਈ ਦੀ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਹਿਸਾਰ ਵਿਖੇ ਇਕ ਸਿੱਖ ਪਰਿਵਾਰ ਉਤੇ ਹੋਏ ਅਤਿ ਸ਼ਰਮਨਾਕ ਹਮਲੇ ਅਤੇ ਫਿਰ ਪੁਲਿਸ ਅਧਿਕਾਰੀਆ ਵੱਲੋਂ ਗੁੰਡਿਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਪੀੜਤ ਪਰਿਵਾਰ ਉਤੇ ਹੀ ਸੰਗੀਰ ਧਰਾਵਾਂ ਲਗਾਕੇ ਕੇਸ ਦਰਜ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸ੍ਰੀ ਖੱਟਰ ਸਰਕਾਰ ਨੂੰ ਇਸ ਗੰਭੀਰ ਵਿਸ਼ੇ ਉਤੇ ਤੁਰੰਤ ਦਖ਼ਲ ਦੇ ਕੇ ਸਿੱਖ ਪਰਿਵਾਰ ਉਤੇ ਬਣਾਏ ਝੂਠੇ ਕੇਸ ਵਾਪਸ ਲੈਣ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਜ਼ਾਹਰ ਕੀਤੇ । ਉਨ੍ਹਾਂ ਕਿਹਾ ਕਿ ਇਹ ਇੰਡੀਆਂ ਦੇ ਸੂਬੇ ਵਿਚ ਜਾਂ ਸ਼ਹਿਰ ਵਿਚ ਸਿੱਖ ਕੌਮ ਨਾਲ ਅਣਮਨੁੱਖੀ ਪਹਿਲੀ ਕਾਰਵਾਈ ਨਹੀਂ ਹੈ ਬਲਕਿ ਅਜਿਹੀਆ ਕਾਰਵਾਈਆ ਅਕਸਰ ਹੀ ਫਿਰਕੂ ਸਿਆਸਤਦਾਨਾਂ ਦੀ ਸਹਿ ਉਤੇ ਸੂਬਿਆਂ ਅਤੇ ਸ਼ਹਿਰਾਂ ਵਿਚ ਸਮੇਂ-ਸਮੇਂ ਤੇ ਹੁੰਦੀਆਂ ਰਹਿੰਦੀਆ ਹਨ । ਜਿਵੇਂਕਿ ਸਿਲਾਂਗ ਵਿਖੇ ਸਿੱਖ ਵਸੋਂ ਵਾਲੀ ਕਲੌਨੀ ਦੀ ਜਮੀਨ ਨੂੰ ਖਾਲੀ ਕਰਵਾਉਣ ਲਈ ਇਕ ਯੋਜਨਾਬੰਧ ਢੰਗ ਰਾਹੀ ਸਿਆਸਤਦਾਨਾਂ ਦੀ ਸਾਂਝੀ ਸਾਜਿ਼ਸ ਅਧੀਨ ਸਿੱਖ ਪਰਿਵਾਰਾਂ ਉਤੇ ਕਈ ਦਿਨ ਹਮਲੇ ਹੁੰਦੇ ਰਹੇ ਅਤੇ ਸੰਬੰਧਤ ਸਰਕਾਰਾਂ ਨੂੰ ਸਿੱਖਾਂ ਵੱਲੋਂ ਪਹੁੰਚ ਕਰਨ ਦੇ ਬਾਵਜੂਦ ਵੀ ਸ਼ਰਾਰਤੀ ਅਨਸਰਾਂ ਤੇ ਫਿਰਕੂਆਂ ਨੂੰ ਨੱਥ ਨਾ ਪਾਉਣ ਦੀ ਕਾਰਵਾਈ ਪ੍ਰਤੱਖ ਕਰਦੀ ਹੈ ਕਿ ਅਜਿਹੀਆ ਸਿੱਖ ਵਿਰੋਧੀ ਕਾਰਵਾਈਆ ਦਿੱਲੀ ਦੇ ਹੁਕਮਰਾਨਾਂ ਤੋਂ ਚੱਲਕੇ ਸੂਬਿਆਂ ਅਤੇ ਸ਼ਹਿਰਾਂ ਵਿਚ ਆਉਦੀਆ ਹਨ ਤਾਂ ਕਿ ਸਿੱਖ ਕੌਮ ਉਤੇ ਦਹਿਸਤ ਪਾ ਕੇ ਉਨ੍ਹਾਂ ਨੂੰ ਹਿੰਦੂਤਵ ਸੋਚ ਦੀ ਗੁਲਾਮੀ ਪ੍ਰਵਾਨ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ । ਪਰ ਇਹ ਲੋਕ ਅਜਿਹੇ ਅਣਮਨੁੱਖੀ ਤੇ ਦੁੱਖਦਾਇਕ ਅਮਲ ਕਰਦੇ ਹੋਏ ਇਹ ਭੁੱਲ ਜਾਂਦੇ ਹਨ ਕਿ ਜਿਸ ਸਿੱਖ ਕੌਮ ਨੇ ਬੀਤੇ ਸਮੇਂ ਵਿਚ ਇਨ੍ਹਾਂ ਦੀਆਂ ਹਿੰਦੂ ਧੀਆਂ-ਭੈਣਾਂ ਦੀ ਇੱਜ਼ਤ ਦੀ ਰਾਖੀ ਲਈ ਆਪਣੀ ਜਾਨ ਤੇ ਖੇਡਕੇ ਧਾੜਵੀਆਂ ਨਾਲ ਲੋਹਾਂ ਲੈਦੇ ਰਹੇ ਹਨ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਬਾਇੱਜ਼ਤ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਦੇ ਰਹੇ ਹਨ, ਜਿਸ ਕੌਮ ਨੇ ਜ਼ਾਲਮ ਮੁਗਲਾਂ ਤੇ ਧਾੜਵੀਆਂ ਅੱਗੇ ਕਦੇ ਈਨ ਨਹੀਂ ਮੰਨੀ, ਉਹ ਮੁਕਾਰਤਾ ਨਾਲ ਭਰੇ ਹਿੰਦੂਤਵ ਹੁਕਮਰਾਨਾਂ ਦੀ ਈਨ ਕਤਈ ਪ੍ਰਵਾਨ ਨਹੀਂ ਕਰਨਗੇ ।
ਸ. ਮਾਨ ਨੇ ਹਰਿਆਣਾ ਸਟੇਟ ਦੇ ਯੂਥ ਵਿੰਗ ਦੇ ਪ੍ਰਧਾਨ ਸ. ਹਰਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਤਿੰਨ ਮੈਬਰੀ ਜਾਂਚ ਕਮੇਟੀ ਦਾ ਐਲਾਨ ਕੀਤਾ ਹੈ । ਜਿਸ ਵਿਚ ਦੂਸਰੇ ਮੈਂਬਰ ਸ. ਅੰਮ੍ਰਿਤਪਾਲ ਸਿੰਘ ਵਿਰਕ ਕੈਂਥਲ, ਸ. ਬਲਜੀਤ ਸਿੰਘ ਸਿਰਸਾ ਹੋਣਗੇ । ਇਹ ਜਾਂਚ ਕਮੇਟੀ ਸੰਬੰਧਤ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਅਤੇ ਵਾਪਰੇ ਦੁਖਾਂਤਿਕ ਸਥਾਂਨ ਤੇ ਜਾ ਕੇ ਸਾਰੀ ਰਿਪੋਰਟ ਤੱਥਾਂ ਸਹਿਤ ਬਣਾਕੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ 2 ਦਿਨਾਂ ਵਿਚ ਪਹੁੰਚਦਾ ਕਰੇਗੀ । ਉਪਰੰਤ ਉਸ ਰਿਪੋਰਟ ਉਤੇ ਵਿਚਾਰ ਕਰਦੇ ਹੋਏ ਜੇਕਰ ਹਰਿਆਣਾ ਦੀ ਖੱਟਰ ਸਰਕਾਰ ਨੇ ਕੋਈ ਇਨਸਾਫ਼ ਨਾ ਦਿੱਤਾ, ਤਾਂ ਉਸਦੀ ਅਗਲੇਰੀ ਕਾਰਵਾਈ ਲਈ ਹਰਿਆਣਾ ਸਟੇਟ ਦੀ ਜਥੇਬੰਦੀ ਨਾਲ ਸਲਾਹ-ਮਸਵਰਾ ਕਰਕੇ ਅਗਲੇ ਪ੍ਰੋਗਰਾਮ ਦਾ ਐਲਾਨ ਕਰੇਗੀ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਖੱਟਰ ਸਰਕਾਰ ਸਿੱਖ ਕੌਮ ਨੂੰ ਬਣਦਾ ਇਨਸਾਫ਼ ਦੇ ਕੇ ਆਪਣੇ ਹਰਿਆਣੇ ਸਟੇਟ ਦੇ ਮਾਹੌਲ ਨੂੰ ਅਮਨਮਈ ਰੱਖਣ ਵਿਚ ਉਦਮ ਕਰੇਗੀ ਤਾਂ ਕਿ ਸਿੱਖ ਕੌਮ ਨੂੰ ਮਜ਼ਬੂਰਨ ਕੋਈ ਐਕਸ਼ਨ ਨਾ ਕਰਨਾ ਪਵੇ ।