ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਨਾਲ ਸਬੰਧ ਸੁਧਾਰਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਸਮੇਤ ਤਮਾਮ ਮੁੱਦੇ ਭਾਰਤ ਨਾਲ ਗੱਲਬਾਤ ਦੁਆਰਾ ਹਲ ਕਰਨ ਦਾ ਇੱਛੁਕ ਹੈ। ਕੁਰੈਸ਼ੀ ਅਨੁਸਾਰ ਮੌਜੂਦਾ ਸਥਿਤੀ ਤਣਾਅ ਪੂਰਣ ਹੋਣ ਦੇ ਬਾਵਜੂਦ ਉਨ੍ਹਾ ਨੂੰ ਵਾਰਤਾ ਸ਼ੁਰੂ ਕਰਨ ਵਿੱਚ ਕੋਈ ਸੰਕੋਚ ਨਹੀਂ ਹੈ।
ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ, “ ਹੱਥ ਮਿਲਾਉਣ ਦੇ ਲਈ ਦੋ ਲੋਕਾਂ ਦੀ ਜਰੂਰਤ ਹੁੰਦੀ ਹੈ। ਇੱਕ ਹੱਥ ਨਾਲ ਤਾੜੀ ਨਹੀਂ ਵੱਜ ਸਕਦੀ। ਅਸੀਂ ਸਕਾਰਤਮਕ ਪੱਖ ਲੈ ਕੇ ਚੱਲ ਰਹੇ ਹਾਂ ਅਤੇ ਆਸ਼ਾਵਾਦੀ ਹਾਂ।” ਉਨ੍ਹਾਂ ਨੇ ਇਮਰਾਨ ਖਾਨ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਕਿਹਾ ਸੀ ਕਿ ਜੇ ਭਾਰਤ ਇੱਕ ਕਦਮ ਵਧਾਵੇਗਾ ਤਾਂ ਪਾਕਿਸਤਾਨ ਦੋ ਕਦਮ ਵਧਾਵੇਗਾ।
ਉਨ੍ਹਾਂ ਨੇ ਜਾਧਵ ਬਾਰੇ ਉਸ ਖ਼ਬਰ ਦਾ ਵੀ ਖੰਡਨ ਕੀਤਾ ਜਿਸ ਵਿੱਚ ਅੰਤਰਰਾਸ਼ਟਰੀ ਅਦਾਲਤ ਵਿੱਚ ਪਾਕਿਸਤਾਨ ਦੇ ਜਿੱਤਣ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ, “ ਮੈਂ ਕਿਸ ਤਰ੍ਹਾਂ ਕਹਿ ਸਕਦਾ ਹਾਂ ਕਿ ਅਸੀਂ ਜਿੱਤਾਂਗੇ, ਜਦੋਂ ਕਿ ਮਾਮਲਾ ਅਜੇ ਅਦਾਲਤ ਵਿੱਚ ਹੈ। ਮੈਂ ਤਾਂ ਸਿਰਫ਼ ਏਨਾ ਹੀ ਕਿਹਾ ਸੀ ਕਿ ਅਸੀਂ ਪਾਕਿਸਤਾਨ ਦਾ ਪੱਖ ਪ੍ਰਭਾਵਸ਼ਾਲੀ ਢੰਗ ਨਾਲ ਰਖਾਂਗੇ।”