ਅੰਮ੍ਰਿਤਸਰ – ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਨੇ ਸਰਕਾਰ ਤੋਂ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ‘ਤੇ ਦੇਸ਼ ਨੂੰ ਤੋੜਣ ਵਾਲਿਆਂ ਨਾਲ ਮਿਲੇ ਹੋਣ ਦਾ ਸੰਗੀਨ ਤੇ ਗੰਭੀਰ ਦੋਸ਼ ਲਾਉਦਿਆਂ ਉਸ ਨੂੰ ਤਮਾਮ ਅਹੁਦਿਆਂ ਤੋਂ ਬਰਖਾਸਤ ਕਰਦਿਆਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸ: ਕਾਹਲੋਂ ਨੇ ਸਵਾਲਾਂ ਦੀ ਬੁਛਾੜ ਕਰਦਿਆਂ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੂੰ ਪੁੱਛਿਆ ਕਿ ਕੀ ਭਾਰਤ ਦੇ ਟੋਟੇ ਕਰਨ ਦੀ ਮੰਗ ਕਰਨ ਵਾਲੇ ਸਿਖ ਫਾਰ ਜਸਟਿਸ ਦੇ ਮਾਸਟਰ ਮਾਈਡ ਅਵਤਾਰ ਸਿੰਘ ਪੰਨੂੰ ਨਾਲ ਉਹਨਾਂ ਦੀ ਗਹਿਰੀ ਸਾਂਝ ਨਹੀਂ ਹੈ? ਉਹਨਾਂ ਤ੍ਰਿਪਤ ਬਾਜਵਾ ਨੂੰ ਸਵਾਲ ਕੀਤਾ ਕਿ ਕੀ ਅਵਤਾਰ ਸਿੰਘ ਪੰਨੂੰ ਦਾ ਭਰਾ ਬਲਵਿੰਦਰ ਸਿੰਘ ਬਿਲਾ ਵਾਸੀ ਕੋਟਲਾ ਬਾਮਾ ਹਲਕਾ ਫਹਿਗੜ ਚੂੜੀਆਂ ਜੋ ਕਿ ਜਿਲਾ ਕਾਂਗਰਸ ਕਮੇਟੀ ਦਾ ਮੀਤ ਪ੍ਰਧਾਨ ਅਤੇ ਬਟਾਲਾ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਰਿਹਾ, ਉਹ ਤੁਹਾਡਾ ਸੱਜਾ ਹੱਥ ਨਹੀਂ ਹੈ ? ਕੀ ਤੁਹਾਡੀ ਅਤੇ ਦੇਸ਼ ਤੋੜਣ ਸਬੰਧੀ ਬਲੈਕਲਿਸਟਿਡ ਅਵਤਾਰ ਸਿੰਘ ਪੰਨੂੰ ਦੀਆਂ ਮੀਟਿੰਗਾਂ ਬਲਵਿੰਦਰ ਸਿੰਘ ਬਿਲਾ ਤੈਹ ਕਰਾਉਂਦਾ ਰਿਹਾ? ਤ੍ਰਿਪਤ ਬਾਜਵਾ ਇਹ ਦਸੇ ਕਿ ਜਦ ਉਹ 2016 ‘ਚ ਅਮਰੀਕਾ ਗਿਆ ਤਾਂ ਉਸ ਵਕਤ ਉਹ ਨਿਊਯਾਰਕ ਵਿਖੇ ਇਸੇ ਅਵਤਾਰ ਸਿੰਘ ਪਨੂੰ ਦੇ ਘਰ ਨਹੀਂ ਠਹਿਰਿਆ?। ਇਸ ਵਾਰ ਉਹ ਮੰਤਰੀ ਦੇ ਅਹਿਮ ਅਹੁਦੇ ‘ਦੇ ਹੁੰਦਿਆਂ ਇਸ ਮਹੀਨੇ ਦੇ ਸ਼ੁਰੂ ‘ਚ ਬਰਤਾਨੀਆ ਦੌਰੇ ‘ਤੇ ਜਾਣ ਲਈ ਨਿਯਮਾਂ ਅਨੁਸਾਰ ਆਪਣੀ ਵਿਦੇਸ਼ ਫੇਰੀ ਨੂੰ ਸਰਕਾਰੀ ਜਾਂ ਨਿਜੀ ਹੋਣ ਬਾਰੇ ਕੇਦਰ ਸਰਕਾਰ ਜਾਂ ਵਿਦੇਸ਼ ਮੰਤਰਾਲੇ ਨੂੰ ਕੋਈ ਜਾਣਕਾਰੀ ਦਿਤੀ? ਕੀ ਕੋਈ ਸਰਕਾਰੀ ਪ੍ਰੋਫਾਰਮਾ ਭਰਿਆ ਜਾਂ ਫਿਰ ਸਰਕਾਰ ਤੋਂ ਵਿਦੇਸ਼ ਜਾਣ ਦੀ ਕੋਈ ਆਗਿਆ ਲਈ?
ਜੇ ਨਹੀਂ ਤਾਂ ਕੀ ਇੰਜ ਕੇਦਰੀ ਵਿਦੇਸ਼ ਮੰਤਰਾਲੇ ਤੋਂ ਬਿਨਾਂ ਆਗਿਆ ਲਏ ਹੀ ਬਤੌਰ ਇਕ ਮੰਤਰੀ ਬਰਤਾਨੀਆ ਰਵਾਨਾ ਹੋਕੇ ਨਿਯਮਾਂ ਦੀ ਉਲੰਘਣਾ ਕਿਉ ਕੀਤੀ? ਲੰਡਨ ‘ਚ ਦੇਸ਼ ਨੂੰ ਵੰਡਣ ਦੀ ਮੰਗ ਕਰਨ ਵਾਲੇ ਅਤੇ ਰੈਫਰੰਡਮ 2020 ਦੇ ਆਯੋਜਕ ਸਿਖ ਫਾਰਜਸਟਿਸ ਦੇ ਆਗੂਆਂ ਗੁਰਪਤਵੰਤ ਸਿੰਘ ਪਨੂੰ ਅਤੇ ਅਵਤਾਰ ਸਿੰਘ ਪਨੂੰ ਆਦਿ ਜੋ ਕਿ ਭਾਰਤ ਵਿਰੋਧੀ ਸਰਗਰਮੀਆਂ ਲਈ ਭਾਰਤੀ ਸੁਰੱਖਿਆ ਏਜੰਸੀਆਂ ਦੇ ਰਾਡਾਰ ‘ਤੇ ਹਨ ਆਦਿ ਨੂੰ ਗੁਰਪਾਲ ਸਿੰਘ ਪੱਡਾ ਉਰਫ ਪਾਲ ਪੱਡਾ ਦੀ ਰਿਹਾਇਸ਼ 173 ਜਰਸਰੀ ਰੋਡ, ਔਸਟਰ ਲੇ, ਮਿਡਲੈਕਸ , ਯੂਕੇ ਵਿਖੇ ਨਹੀਂ ਮਿਲੇ? ਮਿਲੇ ਤਾਂ ਉਸ ਦਾ ਕੀ ਮਕਸਦ ਰਿਹਾ? ਇਕ ਮੰਤਰੀ ਹੁੰਦਿਆਂ ਸਰਕਾਰੀ ਭੇਤ ਗੁਪਤ ਰੱਖਣ ਅਤੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਪ੍ਰਤੀ ਸੰਵਿਧਾਨ ਦੀ ਸਹੂੰ ਚੁੱਕਣ ਦੇ ਬਾਵਜੂਦ ਦੇਸ਼ ਵਿਰੋਧੀ ਸਾਜਿਸ਼ਾਂ ਰਚਣ ਵਾਲਿਆਂ ਨਾਲ ਮਿਲ ਬੈਠਣਾ ਕਿਧਰ ਦੀ ਦੇਸ਼ ਭਗਤੀ ਹੈ? ਬਾਜਵਾ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਉਹ ਲੰਡਨ ‘ਚ 2020 ਦੇ ਉਨਾਂ ਹੀ ਦਿਨਾਂ ‘ਚ ਕਿਉ ਗਏ ਹਨ?। ਸ: ਕਾਹਲੋਂ ਨੇ ਜੋਰ ਦੇ ਕੇ ਕਿਹਾ ਕਿ ਸਿੱਖ ਕੌਮ ਨਾਲ ਹਰੇਕ ਤ੍ਰਾਸਦੀ ਦਾ ਮੁਢ ਕਾਂਗਰਸ ਨੇ ਹੀ ਬੰਨਿਆ ਹੈ। ਜੂਨ ’84 ‘ਚ ਸ੍ਰੀ ਅਕਾਲ ਤਖਤ ਢਹਿ ਢੇਰੀ ਕਰਨ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਅਤੇ ਨਵੰਬਰ ’84 ‘ਚ ਸਿੱਖ ਨਸਲਕੁਸ਼ੀ ਲਈ ਕਾਂਗਰਸ ਜਿਮੇਵਾਰ ਰਹੀ ਹੈ। ਜਿਨਾਂ ਦਾ ਇਨਸਾਫ ਕੌਮ ਨੂੰ ਅਜ ਤਕ ਨਹੀਂ ਮਿਲਿਆ। ਉਹਨਾਂ ਦੋਸ਼ ਲਾਇਆ ਕਿ ਇਸ ਵਾਰ ਪੰਜਾਬ ਵਿਚ ਹਾਲਾਤ ਖਰਾਬ ਕਰ ਕੇ ਗਾਂਧੀ ਪਰਿਵਾਰ ਕੋਲ ਨੰਬਰ ਬਣਾਉਣ ਪ੍ਰਤੀ ਤ੍ਰਿਪਤ ਬਾਜਵਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਬਾਜਵਾ ‘ਚ ਰੇਸ ਲਗੀ ਹੋਈ ਹੈ। ਤਾਂ ਜੋ ਕਾਂਗਰਸ ਅਤੇ ਉਹਨਾਂ ਵਲੋਂ ਪੰਜਾਬ ਦੇ ਹਾਲਾਤ ਖਰਾਬ ਕਰਦਿਆਂ ਇਸ ਦਾ ਦੋਸ਼ ਅਕਾਲੀ ਦਲ ਸਿਰ ਥੋਪ ਕੇ ਸ੍ਰੋਮਣੀ ਗੁਰਦਵਾਰਾ ਕਮੇਟੀ ‘ਤੇ ਚੋਰ ਮੋਰੀ ਰਾਹੀਂ ਕਬਜਾ ਕਰਨ ਦੀ ਸਾਜਿਸ਼ ਸਿਰੇ ਚਾੜੀ ਜਾ ਸਕੇ। ਉਹਨਾਂ ਦੋਸ਼ ਲਾਇਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਜਿਸ਼ ਤਹਿਤ ਉਸੇ ਮਨੋਰਥ ਲਈ ਤਾਂ ਨਹੀਂ ਬਣਾਇਆ ਗਿਆ। ਕਮਿਸ਼ਨ ਵਲੋਂ ਆਪਣੇ ਅਧਿਕਾਰ ਤੋਂ ਬਾਹਰ ਹੋਕੇ ਅਖੌਤੀ ਗਵਾਹਾਂ ਦੇ ਬਿਆਨ ਆਪ ਉਲੀਕਣ ਦਾ ਪਰਦਾਫਾਸ਼ ਉਸ ਦੇ ਗਵਾਹ ਵਲੋਂ ਹੀ ਕੀਤਾ ਜਾ ਚੁੱਕਿਆ ਹੈ। ਜਿਸ ਨਾਲ ਕਾਂਗਰਸ ਸਰਕਾਰ ਦੀ ਸ਼ਰੇ ਬਜਾਰ ਕਿਰ ਕਿਰੀ ਹੋ ਰਹੀ ਹੈ।
ਉਹਨਾਂ ਤ੍ਰਿਪਤ ਬਾਜਵਾ ਨੂੰ ਸਵਾਲ ਕੀਤਾ ਕਿ ਕੀ ਬਹਿਬਲ ਕਲਾਂ ਗੋਲੀ ਕਾਂਡ ‘ਚ ਸ਼ਾਮਿਲ ਡੀ ਐਸ ਪੀ ਹਰਜਿੰਦਰ ਸਿੰਘ ਗਿੱਲ ਅਤੇ ਐਸ ਪੀ ਰੈਂਕ ਅਫਸਰ ਪ੍ਰਮਜੀਤ ਸਿੰਘ ਪਨੁੰ ਸਿੱਖਸ ਫਾਰ ਜਸਟਿਸ ਦੇ ਮਾਸਟਰ ਮਾਈਡ ਨਿਊਯਾਰਕ ਵਾਸੀ ਅਵਤਾਰ ਸਿੰਘ ਪੰਨੂ ਦੇ ਕਰੀਬੀ ਰਿਸ਼ਤੇਦਾਰ ਨਹੀਂ ਹਨ ? ਜਿਨਾਂ ਨੂੰ ਪੰਜਾਬ ਸਰਕਾਰ ਵਲੋਂ ਗਠਿਤ ਉਸੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਉਹਨਾਂ ਪੁਲੀਸ ਅਧਿਕਾਰੀਆਂ ਦੀ ਸੂਚੀ ਤੋਂ ਬਾਹਰ ਰਖਿਆ ਗਿਆ ਜਿਨਾਂ ਨੂੰ ਬਹਿਬਲ ਕਲਾਂ ਗੋਲੀ ਕਾਂਡ ਲਈ ਜਿਮੇਵਾਰ ਠਹਿਰਾਉਦਿਆਂ ਕਤਲ ਦੀ ਐਫ ਆਈ ਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ। ਕੀ ਇਨਾਂ ਨੂੰ ਪੰਨੂ ਨਾਲ ਰਿਸ਼ਤੇਦਾਰੀ ਦਾ ਲਾਭ ਦਿਤਾ ਜਾ ਰਿਹਾ ਹੈ? ਉਹਨਾਂ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਤ੍ਰਿਪਤ ਬਾਜਵਾ ਬਰਗਾੜੀ ‘ਚ ਅਖੌਤੀ ਮੋਰਚਾ ਲਗਾਈ ਬੈਠੇ ਅਖੌਤੀ ਜਥੇਦਾਰਾਂ ਅਤੇ ਵੰਡ ਪਾਊ ਤਾਕਤਾਂ ਨੁੰ ਪੰਨੂ ਰਾਹੀਂ ਫੰਡਿਗ ਨਹੀਂ ਕਰ ਰਿਹਾ। ਇਕ ਜਿਮੇਵਾਰ ਮੰਤਰੀ ਹੁਦਿਆਂ ਉਹ ਬਰਗਾੜੀ ‘ਚ ਧਰਨੇ ‘ਤੇ ਕਿਉ ਬੈਠੇ? ਉਹਨਾਂ ਕਿਹਾ ਕਿ ਗੱਲਤ ਰਿਪੋਰਟਾਂ ਤਿਆਰ ਕਰਨ ਵਾਲਾ ਉਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਕਾਰਗੁਜਾਰੀ, ਰੈਫਰੰਡਮ 2020 ਵਾਲਿਆਂ ਅਤੇ ਬਹਿਬਲ ਕਲਾਂ ਦੇ ਅਖੌਤੀ ਜਥੇਦਾਰਾਂ ਨਾਲ ਤ੍ਰਿਪਤ ਬਾਜਵਾ ਨਾਲ ਸਾਂਝ ਨੂੰ ਲੈ ਕੇ ਬਾਜਵਾ ਨੂੰ ਬਰਖਾਸਤ ਕਰਦਿਆਂ ਕੇਦਰ ਸਰਕਾਰ ਨੁੰ ਨਿਆਇਕ ਜਾਂਚ ਕਰਾਉਣੀ ਚਾਹੀਦੀ ਹੈ।
ਇਸ ਮੌਕੇ ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਯਾਦਵਿੰਦਰ ਸਿੰਘ, ਅਜੈਬੀਰਪਾਲ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਚਾਹਲ ਪ੍ਰੋ: ਸਰਚਾਂਦ ਸਿੰਘ , ਹਰਪਾਲ ਸਿੰਘ ਬਬਰ ਆਦਿ ਹਾਜਰ ਸਨ।