ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸਮਾਗਮਾਂ ਮੌਕੇ ਕਰਤਾਰਪੁਰ ਸਾਹਿਬ ਦਾ ਗਲਿਆਰਾ ਖੁਲਵਾਉਣ ਲਈ ਪਾਕਿਸਤਾਨ ਦੇ ਕੋਲ ਮਾਮਲਾ ਉਠਾਉਣ ਵਾਸਤੇ ਕੇਂਦਰ ਸਰਕਾਰ ‘ਤੇ ਜ਼ੋਰ ਪਾਉਣ ਲਈ ਇਕ ਮਤਾ ਆਮ ਸਹਿਮਤੀ ਨਾਲ ਪਾਸ ਕਰ ਦਿੱਤਾ ਹੈ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਗਲਿਆਰੇ ਬਾਰੇ ਕਿਹਾ ਕਿ ਉਹ ਪਹਿਲਾਂ ਵੀ ਕੇਂਦਰ ਸਰਕਾਰ ਕੋਲ ਇਹ ਮੁੱਦਾ ਉਠਾ ਚੁੱਕੇ ਹਨ ਕਿ ਪਾਕਿਸਤਾਨ ਨਾਲ ਗੱਲਬਾਤ ਕਰਕੇ ਸਿੱਖਾਂ ਨੂੰ ਉਨ੍ਹਾਂ ਦੇ ਇਸ ਇਤਿਹਾਸਿਕ ਅਤੇ ਧਾਰਮਿਕ ਸਥਾਨ ਤੇ ਜਾਣ ਦੀ ਪੂਰੀ ਖੁਲ੍ਹ ਹੋਵੇ।
ਸ੍ਰੀ ਕਰਤਾਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਬਿਤਾਏ ਸਨ ਅਤੇ ਇਹ ਸਿੱਖ ਭਾਈਚਾਰੇ ਦਾ ਸੁਪਨਾ ਹੈ ਕਿ ਉਹ ਇਤਿਹਾਸਕ ਗੁਰਦੁਆਰੇ ਵਿਚ ਮੱਥਾ ਟੇਕਣ ਦੇ ਸਮਰੱਥ ਬਣ ਸਕਣ।ਸਿੱਖਾਂ ਦੇ ਲਈ ਇਹ ਪਵਿੱਤਰ ਸਥਾਨ ਬਹੁਤ ਹੀ ਮਹੱਤਵਪੂਰਣ ਹੈ। ਅਜਿਹਾ ਹੋਣ ਨਾਲ ਸਿੱਖ ਸੰਗਤ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾ ਸਕੇਗੀ।
ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਆਰਮੀ ਚੀਫ਼ ਬਾਜਵਾ ਨੇ ਖੁਦ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਤੇ ਇਸ ਲਾਂਘੇ ਨੂੰ ਖੋਲ੍ਹ ਦਿੱਤਾ ਜਾਵੇ ਤਾਂ ਜੋ ਸਿੱਖ ਸ਼ਰਧਾਪੂਰਵਕ ਇੱਥੇ ਦਰਸ਼ਨ ਕਰ ਸਕਣ। ਵਰਨਣਯੋਗ ਹੈ ਕਿ ਹਾਲ ਹੀ ਵਿੱਚ ਬਾਜਵੇ ਤੇ ਸਿੱਧੂ ਦੀ ਇਸ ਮਿਲਣੀ ਤੇ ਕੁਝ ਲੋਕਾਂ ਵੱਲੋਂ ਕਾਫ਼ੀ ਹੰਗਾਮਾ ਵੀ ਕੀਤਾ ਗਿਆ ਸੀ।