ਫ਼ਤਹਿਗੜ੍ਹ ਸਾਹਿਬ – “ਬਾਦਲ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਇਹ ਬਿਆਨਬਾਜੀ ਕੀਤੀ ਜਾ ਰਹੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਈ ਰਿਪੋਰਟ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਬਰਗਾੜੀ ਮੋਰਚੇ ਪਿੱਛੇ ਆਈ.ਐਸ.ਆਈ. ਦੀ ਏਜੰਸੀ ਕੰਮ ਕਰ ਰਹੀ ਹੈ, ਜੋ ਕਿ ਕੇਵਲ ਉਪਰੋਕਤ ਤਿੰਨੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਚ ਚੱਲ ਰਹੇ ਅਤਿ ਗੰਭੀਰ ਵਰਤਾਰਿਆ ਲਈ ਹੀ ਨਹੀਂ, ਬਲਕਿ ਇੰਡੀਆ ਅਤੇ ਪੰਜਾਬ ਦੇ ਸਭ ਸਿਆਸੀ ਆਗੂਆਂ ਦੀ ਸੁਰੱਖਿਆ ਲਈ ਵੀ ਬਹੁਤ ਹੀ ਗੰਭੀਰ ਵਿਸ਼ਾ ਹੈ । ਜੇਕਰ ਸ੍ਰੀ ਬਾਦਲ ਦੇ ਬਿਆਨ ਨੂੰ ਸਹੀ ਮੰਨ ਲਿਆ ਜਾਵੇ ਤਾਂ ਇਥੋਂ ਦੀ ਸੁਰੱਖਿਆ ਦੀ ਸਥਿਤੀ ਤਾਂ ਖੁਦ ਹੀ ਅਤਿ ਵਿਸਫੋਟਕ ਬਣ ਗਈ ਹੈ । ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਬਾਦਲ ਦਲ ਦੇ ਸਮੁੱਚੇ ਆਗੂਆਂ, ਸਿਰਸੇਵਾਲੇ, ਪੁਲਿਸ ਅਫਸਰ, ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਸ੍ਰੀ ਲੋਗੋਵਾਲ, ਐਸ.ਜੀ.ਪੀ.ਸੀ. ਦੇ ਉਹ ਮੈਬਰਾਨ ਜਿਨ੍ਹਾਂ ਨੇ ਸੌੜੀ ਸੋਚ ਅਧੀਨ ਜਸਟਿਸ ਰਣਜੀਤ ਸਿੰਘ ਵਰਗੇ ਜਾਂਚ ਕਮਿਸ਼ਨ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਹੈ, ਬਾਦਲ ਦਲ ਦੇ ਸਮੁੱਚੇ ਜਿ਼ਲ੍ਹਿਆਂ ਦੇ ਅਹੁਦੇਦਾਰ, ਸਰਪੰਚ, ਪੰਚ ਸਭ ਦੀ ਸੁਰੱਖਿਆ ਖ਼ਤਰੇ ਵਿਚ ਹੈ । ਕਿਉਂਕਿ ਇਹ ਖੁਦ ਹੀ ਕਹਿ ਰਹੇ ਹਨ ਕਿ ਪੰਜਾਬ ਵਿਚ ਆਈ.ਐਸ.ਆਈ. ਸਰਗਰਮ ਹੋ ਚੁੱਕੀ ਹੈ । ਫਿਰ ਤਾਂ ਉਪਰੋਕਤ ਸਭ ਆਗੂਆਂ ਤੇ ਪਾਰਟੀਆਂ ਸੰਬੰਧਤ ਪੰਚਾਂ, ਸਰਪੰਚਾਂ ਅਤੇ ਅਹੁਦੇਦਾਰਾਂ ਦੀ ਸੁਰੱਖਿਆ ਲਈ ਹੁਕਮਰਾਨਾਂ ਨੂੰ ਪੁਖਤਾ ਇੰਤਜਾਮ ਕਰਨੇ ਚਾਹੀਦੇ ਹਨ । ਜੇਕਰ ਬਾਦਲ ਦਲੀਆ ਦੀ ਉਪਰੋਕਤ ਆਈ.ਐਸ.ਆਈ. ਦੀਆਂ ਗਤੀਵਿਧੀਆ ਦੀ ਖ਼ਬਰ ਇਨ੍ਹਾਂ ਕੋਲ ਪਹੁੰਚ ਚੁੱਕੀ ਹੈ ਤਾਂ ਬਾਦਲ ਦਲੀਏ ਜਾਂ ਬੀਜੇਪੀ ਦੇ ਮੁਤੱਸਵੀ ਆਗੂ ਮੋਹਰਲੀਆ ਕਤਾਰਾ ਵਿਚ ਹਨ, ਉਨ੍ਹਾਂ ਨੂੰ ਪੈਰਾਬ੍ਰਿਗੇਡ, ਬਖਤਰਬੰਦ ਗੱਡੀਆ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਫ਼ੌਜ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਖ਼ਲਾਕ, ਧਾਰਮਿਕ ਅਤੇ ਸਮਾਜਿਕ ਮਰਿਯਾਦਾਵਾਂ ਤੋਂ ਗਿਰ ਚੁੱਕੇ ਤੇ ਸਿੱਖ ਕੌਮ ਦੀਆਂ ਨਜ਼ਰਾਂ ਵਿਚ ਦੋਸ਼ੀ ਬਣ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਸਮੁੱਚੀ ਲੀਡਰਸਿ਼ਪ ਨੂੰ ਆਈ.ਐਸ.ਆਈ. ਦੇ ਵੱਧਦੇ ਖ਼ਤਰੇ ਦੀ ਗੰਭੀਰ ਗੱਲ ਤੋਂ ਸੁਚੇਤ ਕਰਦੇ ਹੋਏ ਅਤੇ ਇਨ੍ਹਾਂ ਦੀ ਸੁਰੱਖਿਆ ਦਾ ਪੁਖਤਾ ਇੰਤਜਾਮ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਈ.ਐਸ.ਆਈ. ਦੇ ਵੱਡੇ ਖ਼ਤਰੇ ਦੀ ਗੱਲ ਉਦੋ ਹੀ ਇਨ੍ਹਾਂ ਦੀ ਜੁਬਾਨ ਤੇ ਆਈ ਹੈ ਜਦੋਂ ਤੋਂ 1 ਜੂਨ ਤੋਂ ਬਰਗਾੜੀ ਮੋਰਚਾ ਅੱਜ ਤੱਕ ਪੂਰਨ ਕਾਮਯਾਬੀ ਤੱਕ ਚੱਲਣ, 2017 ਵਿਚ ਪੰਜਾਬ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨ ਕਰਨ ਵਾਲੇ ਦੋਸ਼ੀਆਂ ਅਤੇ ਸਿੱਖ ਨੌਜ਼ਵਾਨਾਂ ਦੇ ਬਰਗਾੜੀ ਵਿਖੇ ਹੋਏ ਕਤਲਾਂ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁੱਖ ਮੰਤਰੀ ਪੰਜਾਬ ਅਤੇ ਵਿਧਾਨ ਸਭਾ ਦੀ ਟੇਬਲ ਤੇ ਪਹੁੰਚੀ ਹੈ । ਉਨ੍ਹਾਂ ਕਿਹਾ ਕਿ ਜਿਸ 7 ਲੱਖ ਦੇ ਸਿੱਖ ਕੌਮ ਦੇ ਆਪ ਮੁਹਾਰੇ ਹੋਏ ਸਰਬੱਤ ਖ਼ਾਲਸਾ ਦੇ ਇਕੱਠ ਨੇ ਬਾਦਲ ਦੇ ਪਰਿਵਾਰਿਕ ਜਥੇਦਾਰਾਂ ਨੂੰ ਰੱਦ ਕਰਕੇ ਨਵੇ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਨੂੰ ਕੌਮੀ ਅਗਵਾਈ ਕਰਨ ਦੀ ਵਾਂਗਡੋਰ ਸੰਭਾਲ ਦਿੱਤੀ, ਭਾਈ ਧਿਆਨ ਸਿੰਘ ਮੰਡ ਨੇ ਕੌਮ ਦੀ ਨਬਜ ਤੇ ਭਾਵਨਾਵਾਂ ਨੂੰ ਪਹਿਚਾਣਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਣ ਕਰਕੇ ਬਰਗਾੜੀ ਮੋਰਚਾ ਸੁਰੂ ਕਰ ਦਿੱਤਾ ਅਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਨਤਕ ਹੋਣ ਵੱਲ ਅਤੇ ਅਮਲੀ ਰੂਪ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵੱਲ ਵੱਧਣੀ ਸੁਰੂ ਹੋਈ ਤਾਂ ਇਨ੍ਹਾਂ ਵੱਲੋਂ ਪੰਜਾਬ ਅਤੇ ਉਪਰੋਕਤ ਸਿੱਖ ਜਥੇਬੰਦੀਆਂ ਤੇ ਕਮਿਸ਼ਨਾਂ ਪਿੱਛੇ ਆਈ.ਐਸ.ਆਈ. ਦਾ ਹੱਥ ਹੋਣ ਦਾ ਵੱਡਾ ਪ੍ਰਚਾਰ ਸੁਰੂ ਕਰ ਦਿੱਤਾ ਗਿਆ । ਜੇਕਰ ਆਈ.ਐਸ.ਆਈ. ਇਨ੍ਹਾਂ ਜਥੇਬੰਦੀਆਂ ਤੇ ਕਮਿਸ਼ਨਾਂ ਪਿੱਛੇ ਭੂਮਿਕਾ ਨਿਭਾਅ ਰਹੀ ਹੈ ਤਾਂ ਸਿੱਖ ਕੌਮ ਦੀ ਨਜ਼ਰ ਵਿਚ ਦਾਗੋ-ਦਾਗੀ ਹੋਏ ਬਾਦਲ ਦਲੀਆ ਨੂੰ ਹੁਣ ਤੱਕ ਆਈ.ਐਸ.ਆਈ. ਦੇ ਖ਼ਤਰੇ ਦੀ ਗੱਲ ਚੇਤੇ ਕਿਉਂ ਨਾ ਆਈ?