ਨਵੀਂ ਦਿੱਲੀ – ਦੇਸ਼ ਦੇ ਰੀਜ਼ਰਵ ਬੈਂਕ (RBI) ਨੇ ਕਿਹਾ ਕਿ ਬੰਦ ਕੀਤੇ ਗਏ 500 ਅਤੇ 1,000 ਦੇ ਨੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ। ਰੀਜ਼ਰਵ ਬੈਂਕ ਆਫ਼ ਇੰਡੀਆ ਨੇ ਵਿੱਤ ਵਰਸ਼ 2017-18 ਦੀ ਸਾਲਾਨਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੰਦ ਕੀਤੇ ਗਏ 99.3 ਫੀਸਦੀ ਨੋਟ ਬੈਂਕਾਂ ਵਿੱਚ ਵਾਪਿਸ ਆ ਗਏ ਹਨ।
ਨੋਟਬੰਦੀ ਦੇ ਸਮੇਂ ਵੈਲਯੂ ਦੇ ਹਿਸਾਬ ਨਾਲ 1,000 ਅਤੇ 500 ਰੁਪੈ ਦੇ 15.41 ਲੱਖ ਕਰੋੜ ਰੁਪੈ ਦੇ ਨੋਟ ਚੱਲ ਰਹੇ ਸਨ। ਰੀਜ਼ਰਵ ਬੈਂਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ 15.31 ਲੱਖ ਕਰੋੜ ਰੁਪੈ ਦੇ ਨੋਟ ਬੈਂਕਾਂ ਵਿੱਚ ਵਾਪਿਸ ਆ ਗਏ ਹਨ। ਕੁਲ 15,310.73 ਅਰਬ ਮੁੱਲ ਦੇ ਐਸਬੀਐਨ ਬੈਂਕਾਂ ਦੇ ਕੋਲ ਵਾਪਿਸ ਆਏ ਹਨ।
ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਬੰਦ ਕੀਤੇ ਗਏ ਨੋਟਾਂ ਦੀ ਗਿਣਤੀ ਦਾ ਜਟਿਲ ਕੰਮ ਸਫਲਤਾ ਪੂਰਵਕ ਹੋ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੈਂਕਾਂ ਦੇ ਕੋਲ ਆਏ ਐਸਬੀਐਨ ਦੀ ਗਿਣਤੀ ਹਾਈ ਸਪੀਡ ਕਰੰਸੀ ਵੈਰੀਫਿਕੇਸ਼ਨ ਐਂਡ ਪ੍ਰੋਸੈਸਿੰਗ ਸਿਸਟਮ (CVPS) ਨਾਲ ਕੀਤੀ ਗਈ ਹੈ ਅਤੇ ਇਸ ਦੇ ਬਾਅਦ ਉਸ ਨੂੰ ਨਸ਼ਟ ਕਰ ਦਿੱਤਾ ਗਿਆ।
ਵਰਨਣਯੋਗ ਹੈ ਕਿ ਮੋਦੀ ਨੇ 8 ਨਵੰਬਰ 2016 ਨੂੰ 500 ਅਤੇ 1000 ਰੁਪੈ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਇਸ ਨਾਲ ਕਾਲੇ ਧੰਨ ਤੇ ਲਗਾਮ ਲਗਾਈ ਜਾਵੇਗੀ, ਪਰ ਹੁਣ ਮੋਦੀ ਦਾ ਝੂਠ ਸੱਭ ਦੇ ਸਾਹਮਣੇ ਆ ਗਿਆ ਹੈ। ਉਸ ਦੇ ਨੋਟਬੰਦੀ ਦੇ ਮੰਦਬੁੱਧੀ ਫੈਂਸਲੇ ਨਾਲ ਦੇਸ਼ ਦੇ ਲੋਕਾਂ ਨੂੰ ਬਹੁਤ ਭਾਰੀ ਤਕਲੀਫ਼ ਵਿੱਚੋਂ ਗੁਜ਼ਰਨਾ ਪਿਆ ਅਤੇ ਕਈਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।