ਐਸੀ ਗੁੱਡੀ ਚੜ੍ਹੀ ਅਸਮਾਨੇ,
ਬਾਬੇ ਜੀ ਦੀਆਂ, ਪੌਂ ਬਾਰਾਂ।
ਚੋਖ਼ਾ ਚੜ੍ਹਤ - ਚੜ੍ਹਾਵਾ ਹੁੰਦੈ
ਬਾਬਾ ਕਿਉਂ ਨਾ ਮਾਰੇ ਟਾਰ੍ਹਾਂ।
ਉਹ ਹਰ ਮਹੀਨੇ ਲਾਏ ਭੰਡਾਰਾ,
ਖ਼ਬਰਾਂ ਛਪੀਆਂ ਵਿਚ ਅਖ਼ਬਾਰਾਂ।
ਉਸ ਬਾਬੇ ਦੀ ਸੁਣ ਕੇ ਚਰਚਾ,
ਸੇਵਕ ਬਣ ਗਏ ਕਈ ਹਜ਼ਾਰਾਂ।
ਪਾਟੀ ਹੋਈ ਲੰਗੋਟੀ ਦੀ ਥਾਂ,
ਚੋਲੇ ਵਿਚ ਸੁਨਹਿਰੀ ਤਾਰਾਂ।
ਟੱਬਰਾਂ ਦੇ ਹੀ ਟੱਬਰ ਤੁਰ ਪਏ,
ਦਰਸ਼ਨ ਖਾਤਰ ਤੁਰੀਆਂ ਨਾਰਾਂ।
ਬਾਬਾ ਜੀ ਦਾ ਲਹੁਣ ਥਕੇਵਾਂ,
ਗੋਡੇ ਘੁੱਟਣ ਕਈ ਮੁਟਿਆਰਾਂ।
ਆਏ ਗਏ ਨੂੰ ਪੁੱਤਰ ਬਖਸ਼ੇ,
ਗੱਲ ਉਡਾਈ ਸੇਵਾਦਾਰਾਂ।
ਅਨਪੜ੍ਹ ਬਾਬਾ ਦਏ ਭਗੂਤੀ,
ਮੱਥੇ ਟੇਕਦੀਆਂ ਸਰਕਾਰਾਂ।
ਬਾਬਾ ਜੀ ਦੇ ਵੋਟ ਬੈਂਕ ਦੀ,
ਚਰਚਾ ਹੋ ਗਈ ਵਿਚ ਬਜ਼ਾਰਾਂ।
ਐਸੀ ਨੇਤਾ ਚੜ੍ਹਤ ਚੜ੍ਹਾਉਂਦੇ,
ਛੱਡ ਜਾਂਦੇ ਜੋ ਨਵੀਆਂ ਕਾਰਾਂ।
ਲੋਕਾਂ ਨੂੰ ਹੈ ਪਾਗਲ ਕੀਤਾ,
ਬਾਬੇ – ਲੀਡਰ ਦੋਵਾਂ ਯਾਰਾਂ।
ਕਈ ਬਾਣੇ ਉਹ ਬਦਲੀ ਕਰਦਾ
ਪਰਫ਼ੂਨਾਂ ਦੀਆਂ ਪੈਣ ਫ਼ੁਹਾਰਾਂ।
ਹੁਣ ਤਾਂ ਉਹਦੇ ਡੇਰੇ ਅੰਦਰ,
ਫੁੱਲ, ਖ਼ੁਸ਼ਬੋਈ ਤੇ ਗੁਲਜ਼ਾਰਾਂ।
ਚੇਲੇ –ਚਪਟੇ ਰਲ ਕੇ ਸਾਰੇ,
ਮੌਜਾਂ ਲੁਟਣ ਕਰਨ ਬਹਾਰਾਂ।
ਕਿਉਂ ਇਨ੍ਹਾਂ ਨੂੰ ਮੱਥੇ ਟੇਕੋ,
ਲੁੱਟ ਮਚਾਈ ਜਿਨ੍ਹਾਂ ਗਦਾਰਾਂ
“ਸੁਹਲ”ਸਿਆਣੇ ਬਣ ਕੇ ਲੋਕੋ
ਵੇਖੋ ਨਾ ਗਿਰਝਾਂ ਦੀਆਂ ਡਾਰਾਂ।