ਲੁਧਿਆਣਾ: -20ਵੀਂ ਸਦੀ ਦੇ ਮਹਾਨ ਕਵੀ ਅਤੇ ਪੰਜਾਬ ਵਿੱਚ ਗੁਲਦਾਉਦੀ ਫੁੱਲਾਂ ਬਾਰੇ ਚੇਤਨਾ ਭਰਪੂਰ ਕਵਿਤਾਵਾਂ ਲਿਖਣ ਵਾਲੇ ਭਾਈ ਵੀਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਗੁਲਦਾਉਦੀ ਸ਼ੋਅ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਫੁੱਲ ਉਗਾਉਣੇ, ਪਾਲਣੇ ਅਤੇ ਉਨ੍ਹਾਂ ਦੀ ਸੰਗਤ ਮਾਣ ਕੇ ਹੀ ਮਨੁੱਖ ਵਿਕਾਸ ਦੀਆਂ ਪੌੜੀਆਂ ਚੜ ਸਕਦਾ ਹੈ। ਉਨ੍ਹਾਂ ਆਖਿਆ ਕਿ ਧਰਤੀ ਫੁੱਲਾਂ ਰਾਹੀਂ ਹੀ ਆਪਣੀ ਮੁਸਕਰਾਹਟ ਵਿਖੇਰਦੀ ਹੈ । ਡਾ: ਕੰਗ ਨੇ ਆਖਿਆ ਕਿ ਫੁੱਲਾਂ ਨੂੰ ਪਿਆਰ ਕਰਨ ਵਾਲਾ ਮਨੁੱਖ ਕਦੇ ਹਿੰਸਕ ਨਹੀਂ ਹੋ ਸਕਦਾ ਅਤੇ ਅੱਜ ਵਿਸ਼ਵ ਭਰ ਵਿੱਚ ਹਿੰਸਕ ਬਿਰਤੀਆਂ ਵਧਣ ਦਾ ਕਾਰਨ ਕੰਕਰੀਟ ਵਧ ਰਿਹਾ ਹੈ ਅਤੇ ਫੁੱਲ ਘੱਟ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਗੁਲਦਾਉਦੀ ਦੀਆਂ ਹਾਈਬਰਿਡ ਕਿਸਮਾਂ ਵਿਕਸਤ ਕਰਕੇ ਇਸ ਨੂੰ ਪੰਜਾਬ ਵਿੱਚ ਵਪਾਰਕ ਪੱਧਰ ਤੇ ਕਾਸ਼ਤ ਲਈ ਵਧੀਆ ਮਾਹੌਲ ਪੈਦਾ ਕੀਤਾ ਹੈ। ਇਹ ਗੁਲਦਾਉਦੀ ਸ਼ੋਅ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਵੱਲੋਂ ਅਸਟੇਟ ਆਰਗੇਨਾਈਜੇਸ਼ਨ ਦੀ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਅਸਟੇਟ ਅਫਸਰ ਡਾ: ਗੁਰਕਿਰਪਾਲ ਸਿੰਘ ਨੇ ਮਾਣਯੋਗ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੂੰ ਜੀ ਆਇਆਂ ਨੂੰ ਕਿਹਾ।
ਇਸ ਗੁਲਦਾਉਦੀ ਸ਼ੋਅ ਦੇ ਮੁੱਖ ਪ੍ਰਬੰਧਕ ਅਤੇ ਫਲੋਰੀਕਲਚਰ ਅਤੇ ਲੈਂਡਸਕੇਪ ਵਿਭਾਗ ਦੇ ਮੁਖੀ ਡਾ: ਕੁਸ਼ਲ ਸਿੰਘ ਨੇ ਆਖਿਆ ਕਿ ਸਾਡੀ ਯੂਨੀਵਰਸਿਟੀ ਕੋਲ ਗੁਲਦਾਉਦੀ ਦੀਆਂ ਵਿਸ਼ਵ ਭਰ ਵਿੱਚ ਪ੍ਰਚਲਤ ਲਗਪਗ ਸਭ ਕਿਸਮਾਂ ਦਾ ਜਰਮ ਪਲਾਜ਼ਮ ਹਾਜ਼ਰ ਹੈ ਅਤੇ ਭਵਿੱਖ ਦੀ ਖੋਜ ਲਈ ਇਹ ਜਰਮ ਪਲਾਜ਼ਮ ਯਕੀਨਨ ਨਵੀਆਂ ਪੁਲਾਂਘਾਂ ਪੁੱਟਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਵਿੱਚ 250 ਕਿਸਮਾਂ ਅਤੇ ਲਗਪਗ 4000 ਗਮਲੇ ਪ੍ਰਦਰਸ਼ਤ ਕੀਤੇ ਗਏ ਹਨ। ਇਹ ਪ੍ਰਦਰਸ਼ਨੀ ਕੱਲ੍ਹ ਵੀ ਜਾਰੀ ਰਹੇਗੀ। ਗੁਲਦਾਉਦੀ ਸ਼ੋਅ ਵੇਖਣ ਆਏ ਪ੍ਰਸਿੱਧ ਪੰਜਾਬੀ ਨਾਵਲਕਾਰ ਪ੍ਰੋਫੈਸਰ ਨਰਿੰਜਨ ਤਸਨੀਮ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਮੁਬਾਰਕਬਾਦ ਦਿੱਤੀ ਜਿਨ੍ਹਾਂ ਨੇ ਇੱਕ ਸ਼ਾਇਰ ਦੀ ਯਾਦ ਵਿੱਚ ਫੁੱਲਾਂ ਦਾ ਮੇਲਾ ਆਯੋਜਿਤ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਤੋਂ ਇਲਾਵਾ ਸਮੂਹ ਡੀਨ ਡਾਇਰੈਕਟਰ ਸਾਹਿਬਾਨ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਸਨ।
ਪੀ ਏ ਯੂ ਵਿਖੇ ਭਾਈ ਵੀਰ ਸਿੰਘ ਯਾਦਗਾਰੀ ਗੁਲਦਾਉਦੀ ਸ਼ੋਅ ਦਾ ਉਦਘਾਟਨ ਡਾ: ਕੰਗ ਨੇ ਕੀਤਾ
This entry was posted in ਪੰਜਾਬ.