ਸਰੀ/ਵੈਨਕੂਵਰ,(ਪਰਮਜੀਤ ਸਿੰਘ ਬਾਗੜੀਆ) – ਯੂਥ ਕਬੱਡੀ ਕਲੱਬ ਸਰੀ ਦੇ ਸਮੂਹ ਅਹੁਦੇਦਾਰਾਂ ਹਰਵਿੰਦਰ ਸਿੰਘ ਲੱਡੂ ਜਹਾਂਗੀਰ, ਗੋਲਡੀ ਖਟੜਾ, ਕੁਲਬੀਰ ਸਿੰਘ ਦੁਲੇਅ ਮਹਿਸਮਪੁਰ, ਗੁਲਵੰਤ ਸਿੰਘ ਗਿੱਲ ਵਜੀਦਕੇ ਕਲਾਂ, ਬਿੱਕਰ ਸਿੰਘ ਸਰਾਏ ਨਿਉਯਾਰਕ ਪੇਂਟਿੰਗ ਵਾਲੇ, ਸੁਰਜੀਤ ਸਿੰਘ ਦੁਆਬੀਆ, ਸਿਕੰਦਰ ਸਿੰਘ ਗਰੇਵਾਲ, ਸੋਢੀ ਕੰਧੋਲਾ, ਨੀਟੂ ਕੰਗ, ਇੰਦਰਜੀਤ ਰੂਮੀ, ਬਿੱਟੂ ਜੋਹਲ, ਜੋਨਾ ਬੋਲੀਨਾ ਵਲੋਂ ਅਤੇ ਪ੍ਰਸਿੱਧ ਕਬੱਡੀ ਖਿਡਾਰੀ ਮੱਖਣ ਧਾਲੀਵਾਲ ਅਤੇ ਕਬੱਡੀ ਪ੍ਰਮੋਰਟਰ ਬੰਤ ਨਿੱਝਰ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਕੱਪ ਵਿਚ 6 ਚੋਟੀ ਦਆਿ ਟੀਮਾਂ ਦੇ ਭੇੜ ਹੋਏ।
ਨੈਸ਼ਨਲ ਕਬੱਡੀ ਐਸ਼ੋਸੀਏਸ਼ਨ ਆਫ ਕੈਨੇਡਾ ਵਲੋਂ ਪ੍ਰਧਾਨ ਲਾਲੀ ਢੇਸੀ ਅਤੇ ਸਾਥੀਆਂ ਨੀਟੂ ਕੰਗ, ਬਿੱਟਾ ਸੋਹੀ ਇੰਦਰਜੀਤ ਰੂਮੀ, ਗੁਰਜੰਟ ਸਿੰਘ, ਜੋਨਾ ਬੋਲੀਨਾ ,ਚਰਨਜੀਤ ਬਰਾੜ, ਲਾਲੀ ਪੂਨੀਆ,ਬਿੱਟੂ ਜੋਹਲ,ਬਿੰਦਰ ਬਾਸੀ, ਕੀਪੀ ਸਿੱਧੂ, ਜਸ ਸੋਹਲ, ਰਿੱਕੀ ਟੁੱਟ ਤੇ ਜਸ ਪੁਰੇਵਾਲ ਵਲੋਂ ਯੂਥ ਪੀ.ਜੀ. ਸ਼ਾਨੇ ਪੰਜਾਬ -ਯੰਗ ਕਬੱਡੀ ਕੱਪ ਸਰੀ ਬੈਲ ਸੈਂਟਰ ਵਿਖੇ ਕਰਵਾਇਆ ਗਿਆ। ਸਵ. ਅਮਰਜੀਤ ਬਾਊ ਵਿਰਕ ਅਤੇ ਕਬੱਡੀ ਖਿਡਾਰੀ ਜਸ ਗਗੜਾ ਦੀ ਯਾਦ ਨੁੰ ਸਮਰਪਿਤ ਇਸ ਕਬੱਡੀ ਕੱਪ ਵਿਚ ਕਬੱਡੀ ਦੇ ਸਟਾਰ ਖਿਡਾਰੀਆਂ ਨਾਲ ਸਜੀਆਂ 6 ਟੀਮਾਂ ਦੇ ਮੁਕਾਬਲੇ ਬੜੇ ਦਿਲਚਸਪ ਰਹੇ। ਅੰਡਰ 21 ਵਰਗ ਦੇ ਕਬੱਡੀ ਖਿਡਾਰੀਆਂ ਦੇ ਮੈਚ ਉਪਰੰਤ ਪਹਿਲਾ ਮੁਕਾਬਲਾ ਕਾਮਾਗਾਟਾ ਮਾਰੂ ਕਬੱਡੀ ਕਲੱਬ ਅਤੇ ਯੰਗ ਕਬੱਡੀ ਕਲੱਬ ਵਿਚਕਾਰ ਬੜਾ ਫਸਵਾਂ ਰਿਹਾ। ਯੰਗ ਕਲੱਬ ਨੇ ਧਾਵੀ ਮੱਖਣ ਮੱਖੀ ਦੀਆਂ 10 ਵਿਚੋਂ 9 ਸਫਲ ਕਬੱਡੀਆਂ ਅਤੇ ਜਾਫੀ ਅਰਸ਼ ਚੋਹਲਾ ਦੇ 6 ਜੱਫਿਆਂ ਸਦਕਾ ਇਹ ਮੈਚ 30 ਦੇ ਮੁਕਾਬਲੇ ਸਾਢੇ 32 ਅੰਕਾਂ ਨਾਲ ਜਿੱਤਿਆ। ਦੂਜੇ ਮੈਚ ਵਿਚ ਮੇਜਰ ਬਰਾੜ ਦੀ ਅਗਵਾਈ ਵਿਚ ਆਈ ਟੀਮ ਫ੍ਰੈਂਡਜ ਕਬੱਡੀ ਕਲੱਬ ਕੈਲਗਰੀ ਨੇ ਯੂਥ ਕਲੱਬ ਨੂੰ 24 ਦੇ ਮੁਕਾਬਲੇ 36 ਅੰਕਾਂ ਨਾਲ ਹਰਾਇਆ। ਕੈਲਗਰੀ ਵਲੋਂ ਧਾਵੀ ਕਾਲਾ ਧਲੌਨਾ ਅਤੇ ਜੋਧਾ ਘਾਸ ਨੇ 8-8- ਬੇਰੋਕ ਕਬੱਡੀਆਂ ਪਾਈਆਂ ਜਦਕਿ ਇਸ ਟੀਮ ਦਾ ਜਾਫੀ ਸ਼ਰਨਾ ਡੱਗੋਰਮਾਣਾ ਨੇ 3 ਜੱਫੇ ਲਾਏ। ਤੀਜੇ ਮੈਚ ਵਿਚ ਪੰਜਾਬ ਸਪੋਰਟਸ ਕਲੱਬ ਨੇ ਕਾਮਾਗਾਟਾਮਾਰੂ ਕਲੱਬ ਨੂੰ ਸਾਢੇ 32 ਦੇ ਮੁਕਾਬਲੇ 34 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਜੇਤੁ ਟੀਮ ਵਲੋਂ ਧਾਵੀ ਮੇਸ਼ੀ ਹਰਖੋਵਾਲ ਨੇ 11 ਵਿਚੋਂ 10 ਅਤੇ ਧਾਵੀ ਜੋਤਾ ਮਹਿਮਦਵਾਲ ਨੇ 13 ਵਿਚੋਂ 11 ਸਫਲ ਕਬੱਡੀਆਂ ਪਾ ਕੇ ਅਤੇ ਜਾਫੀ ਕੁਲਵੀਰ ਛਪਾਰ ਨੇ 4 ਜੱਫੇ ਜੜ ਕੇ ਟੀਮ ਨੂੰ 7 ਦੇ ਮੁਕਾਬਲੇ 8 ਜੱਫਆਂ ਨਾਲ ਜਿੱਤ ਦੁਆਈ। ਚੌਥੇ ਮੇਚ ਵਿਚ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਬਸਫੋਰਡ ਦਾ ਯੂਥ ਕਬੱਡੀ ਕਲੱਬ ਨਾਲ ਮੁਕਾਬਲਾ ਇਕਪਾਸੜ ਰਿਹਾ। ਐਬਸਫੋਰਡ ਨੇ ਇਹ ਮੈਚ ਧਾਵੀ ਸੰਦੀਪ ਮਹਿਮਦਵਾਲ ਦੀਆਂ 11 ਅਤੇ ਮਨਜੋਤ ਮਾਛੀਵਾੜਾ ਦੀਆਂ 10 ਬੇਰੋਕ ਕਬੱਡੀਆਂ ਅਤੇ ਜੋਤ ਰਾਮਗੜ੍ਹ ਸਰਦਾਰਾਂ ਦੇ 2 ਅਤੇ ਏਕਮ ਹਠੂਰ ਦੇ 3 ਜੱਫਿਆਂ ਬਦੌਲਤ 33 ਦੇ ਮੁਕਾਬਲੇ ਸਾਢੇ 41 ਅੰਕਾਂ ਨਾਲ ਜਿੱਤਿਆ।
ਕਬੱਡੀ ਕੱਪ ਦੇ ਪਹਿਲੇ ਸੈਮਮੀਫਾਈਨਲ ਮੁਕਾਬਲੇ ਵਿਚ ਯੰਗ ਕਬੱਡੀ ਕਲੱਬ ਨੇ ਫ੍ਰੈਂਡਸ ਕਬੱਡੀ ਕਲੱਬ ਨੂੰ 40 ਦੇ ਮੁਕਾਬਲੇ 46 ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਮੈਚ ਵਿਚ ਯੰਗ ਕਲੱਬ ਦੇ ਧਾਵੀ ਮੱਖਣ ਮੱਖੀ ਨੇ 20 ਨਾਨ ਸਟਾਪ ਕਬੱਡੀਆਂ ਪਾ ਕੇ ਅਤੇ ਜਾਫੀ ਸੱਤੂ ਖਡੂਰ ਨੇ 7 ਜੱਫੇ ਲਾ ਕੇ ਸ਼ਾਨਦਾਰ ਪ੍ਰਦਰਸਨ਼ ਕੀਤਾ। ਦੂਜੇ ਸੈਮੀਫਾਈਨਲ ਵਿਚ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਨੇ ਪੰਜਾਬ ਸਪੋਰਟਸ ਕਲੱਬ ਨੂੰ 27 ਦੇ ਮੁਕਾਬਲੇ 41 ਅੰਕਾ ਨਾਲ ਮਾਤ ਦਿੱਤੀ। ਜੇਤੂ ਟੀਮ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਦੇ ਧਾਵੀ ਸੰਦੀਪ ਮਹਿਮਦਵਾਲ ਨੇ 11 ਵਿਚੋਂ 10 ਅਤੇ ਧਾਵੀ ਰਾਜੂ ਕੋਟਲਾ ਭੜੀ ਨੇ 10 ਵਿਚੋਂ 10 ਸਫਲ ਕਬੱਡੀਆਂ ਪਾ ਕੇ ਅਤੇ ਜਾਫੀ ਏਕਮ ਹਠੂਰ, ਲਵਲੀ ਸਹੇੜੀ ਅਤੇ ਮਨਿੰਦਰ ਚੱਕੀ ਨੇ 3-3 ਜੱਫੇ ਲਾ ਕੇ ਮੈਚ ਨੂੰ ਸ਼ਾਨਦਾਰ ਜਿੱਤ ਵੱਲ ਤੋਰਿਆ।
ਫਾਈਨਲ ਮੁਕਾਬਲੇ ਲਈ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਅਤੇ ਯੰਗ ਕਬੱਡੀ ਕਲੱਬ ਦਾ ਭੇੜ ਹੋਇਆ। ਜਿਸ ਵਿਚ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੰਗ ਕਬੱਡੀ ਕਲੱਬ ਨੂੰ 34 ਦੇ ਮੁਕਾਬਲੇ 48 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਯੂਥ ਪੀ.ਜੀ. ਸ਼ਾਨੇ ਪੰਜਾਬ ਕਬੱਡੀ ਕੱਪ ਸਰੀ ‘ਤੇ ਕਬਜਾ ਕਰ ਲਿਆ। ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਵਲੋਂ ਧਾਵੀ ਰਾਜੂ ਕੋਟਲਾ ਭੜੀ ਅਤੇ ਮਨਜੋਤ ਨੇ ਸ਼ਾਨਦਾਰ 14-14 ਬੇਰੋਕ ਕਬੱਡੀਆਂ ਪਾਈਆਂ। ਧਾਵੀ ਸੰਦੀਪ ਮਹਿਮਦਵਾਲ ਨੂੰ ਸਿਰਫ ਇਕ ਜੱਫਾ ਅਰਸ਼ ਚੋਹਲਾ ਦਾ ਰਿਹਾ। ਪਰ ਵਿਰੋਧੀ ਟੀਮ ਦੇ ਧਾਵੀ ਮੱਖਣ ਮੱਖੀ ਨੇ ਸ਼ਾਨਦਾਰ 21 ਕਬੱਡੀਆਂ ਵਿਚੋਂ 20 ਸਫਲ ਕਬੱਡੀਆਂ ਪਾ ਕੇ ਬੈਸਟ ਧਾਵੀ ਅਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਟੀਮ ਦੇ ਜਾਫੀ ਜੋਤ ਰਾਮਗੜ੍ਹ ਸਰਦਾਰਾਂ ਅਤੇ ਏਕਮ ਹਠੂਰ 3-3 ਜੱਫੇ ਲਾਉਣ ਕਰਕੇ ਸਾਂਝੇ ਤੌਰ ‘ਤੇ ਬੈਸਟ ਜਾਫੀ ਬਣੇ।
ਕਬੱਡੀ ਕੱਪ ਵਿਚ ਹਰਵਿੰਦਰ ਲੱਡੂ ਅਤੇ ਸਾਥੀਆਂ ਵਲੋਂ ਉਚੇਚੇ ਤੌਰ ‘ਤੇ ਪਹੁੰਚੇ ਮਹਿਮਾਨਾਂ ਸਾਬਕਾ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਐਮ.ਪੀ. ਰਣਦੀਪ ਸਰਾਏੇ, ਡੈਲਟਾ ਤੋਂ ਕੌਂਸਲ ਚੋਣਾਂ ਲਈ ਉਮੀਦਵਾਰ ਸਿਮਰਨ ਵਾਲੀਆ, ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ, ਪੰਜਾਬ ਤੋਂ ਵਿਧਾਇਕ ਪ੍ਰਗਟ ਸਿੰਘ, ਪੰਜਾਬ ਕਬੱਡੀ ਐਸ਼ੋਸੀਏਸ਼ਨ ਦੇ ਚੇਅਰਮੈਨ ਮੱਖਣ ਧਾਲੀਵਾਲ ਅਮਰੀਕਾ ਤੋਂ ਦਰਸ਼ਨ ਸਿੰਘ ਬੱਬੀ ਸਿਆਟਲ, ਕੁਲਵੰਤ ਸ਼ਾਹ ਅਤੇ ਖਹਿਰਾ ਨੂੰ ਸਨਮਾਨਿਤ ਕੀਤਾ ਗਿਆ। ਕੱਪ ਵਿਚ ਪੁਰਾਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਕਾਲਾ ਗਾਜੀਆਣਾ,ਫੌਜੀ ਕੁਰੜ ਛਾਪਿਆਂ ਵਾਲਾ, ਸੋਨੂੰ ਇਬਰਾਹੀਮਵਾਲ ਅਤੇ ਪ੍ਰਮੋਰਟਰ ਰਾਜ ਬੱਧਨੀ ਅਤੇ ਛਿੰਦਾ ਅੱਚਰਵਾਲ ਆਦਿ ਵੀ ਸ਼ਾਮਿਲ ਸਨ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ ਤੋਂ ਵੀ ਕਬੱਡੀ ਪ੍ਰਮੋਰਟਰ ਪੁੱਜੇ ਹੋਏ ਸਨ। ਮੈਚਾਂ ਦੀ ਕੁਮੈਂਟਰੀ ਮੱਖਣ ਹਕੀਮਪੁਰ, ਮੱਖਣ ਅਲੀ, ਕਾਲਾ ਰਛੀਨ, ਪ੍ਰਿਤਾ ਚੀਮਾ, ਇਕਬਾਲ ਗਾਲਿਬ ਅਤੇ ਲੱਖਾ ਸਿੱਧਵਾਂ ਨੇ ਕੀਤੀ।