ਫਤਿਹਗੜ੍ਹ ਸਾਹਿਬ – “ਜਦੋਂ ਤੋਂ ਜਸਟਿਸ ਰਣਜੀਤ ਸਿੰਘ ਜਾਂਚ ਰਿਪੋਰਟ ਅਸੈਂਬਲੀ ਦੀ ਟੇਬਲ ਤੇ ਆ ਕੇ ਪੰਜਾਬ ਦੀ ਜਨਤਾ ਲਈ ਸੱਭ ਕੁਝ ਨਸ਼ਰ ਹੋ ਚੁੱਕਾ ਹੈ ਅਤੇ ਪੰਜਾਬ ਨਿਵਾਸੀ ਸ. ਬਾਦਲ ਅਤੇ ਬਾਦਲ ਪਰਿਵਾਰ ਦੇ ਸਭ ਗੈਰ ਇਖਲਾਕੀ ਅਮਲਾਂ ਤੋਂ ਜਾਣੂ ਹੋ ਚੁੱਕੇ ਹਨ, ਉਸ ਸਮੇਂ ਤੋਂ ਹੀ ਸ. ਬਾਦਲ ਅਤੇ ਬਾਦਲ ਪਰਿਵਾਰ ਵਿਰੁੱਧ ਪੰਜਾਬ ਨਿਵਾਸੀ ਅਮਲੀ ਰੂਪ ਵਿਚ ਖੜੇ ਹੋਏ ਹਨ ਅਤੇ ਹਾਲਾਤ ਅਜਿਹੇ ਬਣ ਗਏ ਹਨ ਕਿ ਬਾਦਲ ਪਰਿਵਾਰ ਦੀ ਸਿਆਸੀ ਅਤੇ ਇਖ਼ਲਾਕੀ ਤੌਰ ਤੇ ਪੂਰਨ ਰੂਪ ਵਿੱਚ ਮੌਤ ਹੋ ਚੁੱਕੀ ਹੈ। ਇਹੀ ਵਜ੍ਹਾ ਹੈ ਕਿ ਹੁਣ ਬਾਦਲ ਦਲੀਆਂ ਦੇ ਆਗੂ ਕਿਸੇ ਵੀ ਪਿੰਡ, ਸ਼ਹਿਰ, ਕਸਬੇ ਵਿੱਚ ਹੋਣ ਵਾਲੇ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ ਵਿਚ ਸਮੂਲੀਅਤ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੇ ਪਹੁੰਚਣ ਉੱਤੇ ਜਨਤਾ ਵੱਲੋਂ ਆਪ-ਮੁਹਾਰੇ ਬਾਦਲ ਮੁਰਦਾਬਾਦ, ਪੰਥਕ ਗੱਦਾਰ ਅਤੇ ਸਿੱਖ ਕੌਮ ਦੇ ਕਾਤਲ ਅਤੇ ਦੋਸ਼ੀਆਂ ਦੇ ਨਾਅਰੇ ਗੂੰਜਣ ਲੱਗ ਪਏ ਹਨ। ਇੱਥੋਂ ਤੱਕ ਇਹ ਕਿਸੇ ਵੀ ਪਲੇਟਫਾਰਮ ਤੇ ਹੁਣ ਆਪਣੀ ਤਕਰੀਰ ਕਰਨ ਯੋਗੇ ਨਹੀਂ ਰਹੇ। ਇੱਥੋਂ ਤੱਕ ਕਿ ਪੰਜਾਬ ਦੀ ਅਸੈਂਬਲੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਹੋਣ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਈ ਰਿਪੋਰਟ ਦੀ ਬਹਿਸ ਵਿਚ ਇੱਕ ਗੁਣਾਤਮਕ ਭਰਪੂਰ ਖਿਡਾਰੀ ਦੀ ਤਰ੍ਹਾਂ ਸ਼ਾਮਿਲ ਹੋਣ ਦੀ ਬਜਾਏ ਸੈ਼ਸ਼ਨ ਦਾ ਬਾਈਕਾਟ ਕਰਕੇ ਭੱਜ ਜਾਣ ਦੀ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਸ. ਬਾਦਲ ਅਤੇ ਬਾਦਲ ਦਲੀਏ ਹੁਣ ਆਪਣੇ ਗੈਰ-ਧਾਰਮਿਕ ਅਤੇ ਗੈਰ-ਇਖ਼ਲਾਕੀ ਕੰਮਾਂ ਦੀ ਬਦੌਲਤ ਕਿਸੇ ਵੀ ਪਲੇਟਫਾਰਮ ਤੇ ਵਿਚਾਰ-ਵਟਾਂਦਰਾ ਕਰਨ ਦੇ ਕਾਬਲ ਹੀ ਨਹੀਂ ਰਹੇ”।
ਇਹ ਵਿਚਾਰ ਸ੍ਰ. ਸਿਮਰਨਜੀਤ ਸਿਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਮਰ ਚੁੱਕੇ ਬਾਦਲ ਦਲੀਆਂ ਦੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੇਰੇ ਨਮੋਸ਼ੀ ਵੱਲ ਜਾਣ ਅਤੇ ਆਪਣੇ ਵਲੋਂ ਕੀਤੇ ਕੁਕਰਮਾਂ ਦੀ ਬਦੌਲਤ ਆਪਣੀ ਹੀ ਆਤਮਾ ਵਿੱਚ ਗਿਰ ਜਾਣ ਦੇ ਹੋਏ ਅਮਲਾਂ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਕੋਈ ਜੁਆਰੀਆ ਹਾਰ ਵੱਲ ਵਧਦਾ ਹੈ ਤਾਂ ਉਹ ਨਮੋਸ਼ੀ ਵਿੱਚ ਗੀਟੀਆਂ ਖਿਲਾਰਣ ਦੀ ਕਾਰਵਾਈ ਹੀ ਕਰਦਾ ਹੈ, ਕਿਉਂਕਿ ਉਸ ਕੋਲ ਜਿੱਤ ਵੱਲ ਵਧਣ ਜਾਂ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਖਤਮ ਹੋ ਚੁੱਕੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬਾਦਲ ਦਲੀਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਪੁਤਲੇ ਫੂਕਣ ਦੀ ਪੰਜਾਬ ਦੇ ਹਾਲਾਤਾਂ ਨੂੰ ਅਤਿ ਵਿਸਫੋਟਕ ਬਣਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਅਤੇ ਸਰਕਾਰ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ਵਿੱਚ ਝੌਂਕਣ ਦੀਆਂ ਅਤਿ ਦੁੱਖਦਾਇਕ ਕਾਰਵਾਈ ਕਰਨ ਵਾਲੇ ਇਨ੍ਹਾਂ ਬਾਦਲ ਦਲੀਆਂ ਵਿਰੁੱਧ ਫੌਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤਾਂ ਜੋ ਪੰਜਾਬ ਦਾ ਅਮਨ ਚੈਨ ਅਤੇ ਜਮਹੂਰੀਅਤ ਕਾਇਮ ਰਹਿ ਸਕੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਸਬਰ ਦਾ ਪਿਆਲਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਭਰ ਚੁੱਕਾ ਹੈ ਅਤੇ ਜੋ ਬਾਦਲ ਦਲੀਏ ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਪੰਜਾਬ ਦੀ ਜਨਤਾ ਦੀ ਨਜ਼ਰ ਵਿਚ ਦੋਸ਼ੀ ਬਣ ਚੁੱਕੇ ਹਨ, ਹੁਣ ਉਨ੍ਹਾਂ ਵੱਲੋਂ ਬੁਖਲਾਹਟ ਵਿਚ ਆ ਕੇ ਜੋ ਉਹ ਜੱਥੇਦਾਰ ਸਾਹਿਬਾਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਪੁੱਤਲੇ ਫੂਕਣ ਦੇ ਅਮਲ ਕਰ ਰਹੇ ਹਨ, ਜੇਕਰ ਇਸਨੂੰ ਸਖਤੀ ਨਾਲ ਰੋਕਿਆ ਨਾ ਗਿਆ ਤਾਂ ਹਾਲਾਤ ਬੇਕਾਬੂ ਹੋ ਜਾਣਗੇ, ਜਿਸਦੇ ਨਿੱਕਲਣ ਵਾਲੇ ਭਿਆਨਕ ਨਤੀਜਿਆਂ ਲਈ ਸਿੱਖ ਕੌਮ ਦੀ ਨਜ਼ਰ ਵਿਚ ਦੋਸ਼ੀ ਬਣ ਚੁੱਕੇ ਬਾਦਲ ਦਲੀਏ ਅਤੇ ਪੰਜਾਬ ਸਰਕਾਰ ਹੋਵੇਗੀ।
ਸ੍ਰ. ਮਾਨ ਨੇ ਵੱਖ-ਵੱਖ ਡੇਰਿਆਂ ਦੇ ਮੁੱਖੀਆਂ, ਟਕਸਾਲਾਂ ਦੇ ਮੁੱਖੀਆਂ, ਢਾਡੀਆਂ-ਪ੍ਰਚਾਰਕਾਂ, ਕਥਾ ਵਾਚਕਾਂ, ਸਿੱਖ ਸਟੂਡੈਂਟ ਫੈਡਰੇਸ਼ਨਾਂ ਅਤੇ ਸਿੱਖ ਕੌਮ ਨਾਲ ਸਬੰਧਿਤ ਸੰਗਠਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਦੋ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਆਈ ਰਿਪੋਰਟ ਦੇ ਸੱਚ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ, ਹੁਣ ਸੰਪਰਦਾਵਾਂ, ਟਕਸਾਲਾਂ ਦੇ ਮੁੱਖੀ ਅਤੇ ਡੇਰਿਆਂ ਦੇ ਮੁੱਖੀ ਅਤੇ ਧਾਰਮਿਕ ਸਖਸ਼ੀਅਤਾਂ ਜਨਤਕ ਤੌਰ ਤੇ ਦੱਸਣ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਵਿਰੁੱਧ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਵਾਲੀ ਸੋਚ ਨਾਲ ਖੜੇ ਹਨ ਜਾਂ ਫਿਰ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਜਿਸਨੇ ਸਾਜਿਸ਼ਾਂ ਰਚਣ ਵਾਲੇ ਅਤੇ ਉਨ੍ਹਾਂ ਦੇ ਸਰਪ੍ਰਸਤੀ ਕਰਨ ਵਾਲਿਆਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਵਾਏ, ਉਨ੍ਹਾਂ ਨਾਲ ਹਨ ? ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਕੋਈ ਵੀ ਗੁਰੂ ਨਾਨਕ ਨਾਮ ਲੇਵਾ, ਸੰਪਰਦਾਂ, ਸਿੱਖ ਸੰਗਠਨ, ਢਾਡੀ-ਕਥਾਵਾਚਕ, ਪ੍ਰਚਾਰਕ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਅਤੇ ਕਰਾਉਣ ਵਾਲੇ ਪੰਥਕ ਮੁਖੌਟਾ ਪਹਿਨੇ ਬਾਦਲ ਦਲੀਆਂ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰਨਗੇ। ਬਲਕਿ ਸਮਾਜਿਕ ਅਤੇ ਧਾਰਮਿਕ ਤੌਰ ਤੇ ਇਹਨਾਂ ਦਾ ਬਾਈਕਾਟ ਕਰਕੇ ਸੱਚ ਦੀ ਆਵਾਜ਼ ਨੂੰ ਹੋਰ ਤਾਕਤ ਬਖਸ਼ਣਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਨੂੰ ਕਾਨੂੰਨ ਅਨੂਸਾਰ ਸਜ਼ਾ ਦਿਵਾਉਣ ਵਿਚ ਆਪਣਾ ਯੋਗਦਾਨ ਪਾਉਣਗੇ।