ਅੰਮ੍ਰਿਤਸਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ’ਚ ਇਕ ਅੰਮ੍ਰਿਤਧਾਰੀ ਸ. ਅਜੀਤ ਸਿੰਘ ਨੂੰ ਕ੍ਰਿਪਾਨ ਪਹਿਨੀ ਹੋਣ ਕਾਰਨ ਲਾਹੌਰ ਹਾਈ ਕੋਰਟ ’ਚ ਦਾਖਲ ਹੋਣ ਤੋਂ ਰੋਕੇ ਜਾਣ ਸਬੰਧੀ ਛਪੀ ਖਬਰ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਦੀ ਇਸ ਕਾਰਵਾਈ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਜਿਸ ਕਾਰਨ ਸਿੱਖਾਂ ’ਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।
ਇਥੋਂ ਜਾਰੀ ਇਕ ਪ੍ਰੈਸ ਰੀਲੀਜ਼ ’ਚ ਉਨ੍ਹਾਂ ਕਿਹਾ ਕਿ ‘ਕ੍ਰਿਪਾਨ’ ਅੰਮ੍ਰਿਤਧਾਰੀ ਸਿੰਘ ਦੀ ਸਖਸ਼ੀਅਤ ਦਾ ਅਨਿਖੜਵਾਂ ਅੰਗ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ’ਚ ਸਰੀਰ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗਵਾਂਢੀ ਮੁਲਕ ਪਾਕਿਸਤਾਨ ਵਲੋਂ ਆਪਣੀ ਪਦਾਇਸ਼ ਤੋਂ ਵੀ ਪਹਿਲਾਂ ਭਾਰਤੀ ਸਭਿਆਚਾਰ ਤੇ ਰਸਮੋਂ-ਰਿਵਾਜਾਂ ਤੋਂ ਭਲੀ-ਭਾਂਤ ਜਾਣੂੰ ਹੋਣ ਦੇ ਬਾਵਜਦੂ ਵੀ ਅਜਿਹਾ ਕਰਨ ਤੋਂ ਜ਼ਾਹਰ ਹੈ ਕਿ ਅਜਿਹਾ ਸਭ ਕੁਝ ਪਾਕਿਸਤਾਨ ਵੱਸਦੇ ਘੱਟ-ਗਿਣਤੀ ਸਿੱਖਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਕੀ ਹੁਣ ਪਾਕਿਸਤਾਨ ਨੂੰ ਵੀ ਸਿੱਖਾਂ ਦੇ ਧਾਰਮਿਕ ਰਸਮਾਂ-ਰਿਵਾਜਾਂ ਬਾਰੇ ਦੱਸਣਾ ਪਵੇਗਾ? ਉਨ੍ਹਾਂ ਇਸ ਘਟਨਾਂ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਲਿਖੇ ਪੱਤਰ ’ਚ ਮੰਗ ਕੀਤੀ ਹੈ ਕਿ ਉਹ ਡਿਪਲੋਮੈਟਿਕ ਚੈਨਲਾਂ ਰਾਹੀਂ ਪਾਕਿਸਤਾਨ ਵੱਸਦੇ ਘੱਟ-ਗਿਣਤੀ ਸਿੱਖਾਂ ਦੀ ਧਾਰਮਿਕ ਅਜ਼ਾਦੀ ਬਹਾਲ ਕਰਾਏ ਜਾਣ ’ਤੇ ਜ਼ੋਰ ਦੇਵੇ।
ਅੰਮ੍ਰਿਤਧਾਰੀ ਸਿੰਘ ਨੂੰ ਅਦਾਲਤ ’ਚ ਜਾਣ ਤੋਂ ਰੋਕਣਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ-ਜਥੇ: ਅਵਤਾਰ ਸਿੰਘ
This entry was posted in ਪੰਜਾਬ.