ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਸ਼ਾਹਕੋਟ ਵਿੱਚ ਵੀ ਦੁਕਾਨਦਾਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆ ਸਵੇਰ ਤੋਂ ਦੁਪਹਿਰ ਤੱਕ ਦੁਕਾਨਾਂ ਬੰਦ ਰੱਖੀਆਂ ਗਈਆਂ। ਇਸ ਮੌਕੇ ਸਵੇਰ ਤੋਂ ਹੀ ਕਾਂਗਰਸ ਦੇ ਸੀਨੀਅਰ ਆਗੂ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਦੀ ਅਗਵਾਈ ’ਚ ਉੱਘੇ ਦੁਕਾਨਦਾਰ ਬੈਜਨਾਥ ਅਗਰਵਾਲ, ਪਵਨ ਪੁਰੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਬੂਟਾ ਸਿੰਘ ਕਲਸੀ ਸੀਨੀਅਰ ਕਾਂਗਰਸੀ ਆਗੂ, ਸੁੱਖਾ ਢੇਸੀ ਕਾਂਗਰਸੀ ਆਗੂ, ਅਜੇ ਕੁਮਾਰ, ਲਛਮਣ ਸੋਬਤੀ, ਬਬਲੂ ਰਿਹਾਨ ਯੂਥ ਕਾਂਗਰਸੀ ਆਗੂ ਆਦਿ ਵੱਲੋਂ ਮੇਨ ਬਜ਼ਾਰ, ਭੀੜਾ ਬਜ਼ਾਰ, ਮੋਗਾ ਰੋਡ, ਮਲਸੀਆਂ ਰੋਡ, ਗੁਰਦੁਆਰਾ ਰੋਡ ਵਿਖੇ ਪੈਦਲ ਮਾਰਚ ਕਰਕੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ, ਜਿਸ ਦੋਰਾਨ ਦੁਕਾਨਾਂ ਨੇ ਬੰਦ ਦਾ ਸਮਰਥਨ ਕਰਦਿਆ ਦੁਪਹਿਰ ਤੱਕ ਦੁਕਾਨਾਂ ਬੰਦ ਰੱਖੀਆਂ। ਇਸ ਮੌਕੇ ਪ੍ਰਧਾਨ ਸਤੀਸ਼ ਰਿਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਦੇਸ਼ ਭਰ ਦੇ ਲੋਕ ਮਹਿੰਗਾਈ ਵਿੱਚ ਪਿਸ ਰਹੇ ਹਨ ਅਤੇ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਲੁੱਕ ਤੋੜ ਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਪਹਿਲਾ ਹੀ ਕੇਂਦਰ ਦੀ ਭਾਜਪਾ ਸਰਕਾਰ ਦੀ ਜੀ.ਐੱਸ.ਟੀ. ਅਤੇ ਨੋਟਬੰਦੀ ਤੋਂ ਲੋਕ ਪ੍ਰੇਸ਼ਾਨ ਸਨ, ਪਰ ਹੁਣ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੇ ਭਾਅ ਵੱਧਣ ਕਾਰਨ ਆਮ ਲੋਕਾਂ ਹੋਰ ਮਹਿੰਗਾਈ ਦੀ ਮਾਰ ਹੇਠਾਂ ਆ ਗਏ ਹਨ। ਉਨਾਂ ਕਿਹਾ ਕਿ ਮਸ਼ੀਨੀ ਯੁੱਗ ਹੋਣ ਕਾਰਨ ਅੱਜ ਪੈਟਰੋਲ ਅਤੇ ਡੀਜ਼ਲ ਦੇ ਲਗਾਤਾਰ ਵੱਧ ਰਹੇ ਭਾਅ ਨੇ ਕਿਸਾਨੀ ਦਾ ਵੀ ਬੁਰਾ ਹਾਲ ਕਰ ਦਿੱਤਾ ਹੈ, ਜਿਸ ਕਾਰਨ ਕਿਸਾਨ ਕਰਜ਼ੇ ਦੇ ਬੋਝ ਹੇਠਾ ਦੱਬ ਰਹੇ ਹਨ। ਉਨਾਂ ਕਿਹਾ ਕਿ ਆਏ ਦਿਨ ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੇ ਭਾਅ ਵੱਧਣ ਨਾਲ ਗਰੀਬ ਲੋਕ ਹੋਰ ਵੀ ਗਰੀਬ ਹੋ ਰਹੇ ਹਨ, ਜਦਕਿ ਸਮਰਾਏਦਾਰਾਂ ਨੂੰ ਹਰ ਪੱਖੋਂ ਕੇਂਦਰ ਸਰਕਾਰ ਵੱਲੋਂ ਛੋਟ ਦਿੱਤੀ ਜਾ ਰਹੀ ਹੈ, ਜਿਸ ਕਾਰਨ ਮਹਿੰਗਾਈ ਦਾ ਸਾਰਾ ਬੋਝ ਆਮ ਜਨਤਾ ’ਤੇ ਪੈ ਰਿਹਾ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਕਾਰਨ ਕਾਂਗਰਸ ਪਾਰਟੀ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦਾ ਸ਼ਾਹਕੋਟ ’ਚ ਦਿਸਿਆ ਖਾਸਾ ਅਸਰ
This entry was posted in ਪੰਜਾਬ.