ਅਜੋਕਾ ਯੁਗ ਤਕਨੀਕ ਦਾ ਯੁਗ ਹੈ। ਹਰ ਪਾਸੇ ਵਿਗਿਆਨਕ ਕਾਢਾਂ ਦੀ ਝੰਡੀ ਹੈ। ਖ਼ਾਸ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿਚ ਵਿਗਿਆਨਕ ਕਾਢਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖ ਦਾ ਜੀਵਨ ਇਹਨਾਂ ਵਿਗਿਆਨਕ ਕਾਢਾਂ ਉੱਪਰ ਨਿਰਭਰ ਹੋ ਗਿਆ ਹੈ। ਇਹਨਾਂ ਕਾਢਾਂ ਵਿੱਚੋਂ ਹੀ ਇੱਕ ਕਾਢ ਹੈ ਮੋਬਾਈਲ। ਮੋਬਾਈਲ ਤੋਂ ਬਾਅਦ ਇੰਟਰਨੈੱਟ ਅਤੇ ਇੰਟਰਨੈੱਟ ਤੋਂ ਮਗਰੋਂ ਸੋਸ਼ਲ- ਮੀਡੀਆ। ਸੋਸ਼ਲ- ਮੀਡੀਆ ਦਾ ਪ੍ਰਯੋਗ ਕਰਨਾ ਅੱਜ ਦੇ ਵਕਤ ਵਿਚ ਹਰ ਮਨੁੱਖ ਲਈ ਲਾਜ਼ਮੀ ਹੋ ਗਿਆ ਹੈ। ਸ਼ਾਇਦ ਇਸੇ ਕਰਕੇ ਨਿੱਕੇ ਜੁਆਕਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਸੋਸ਼ਲ- ਮੀਡੀਆ ਦੀ ਵਰਤੋਂ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ। ਇੱਕ ਹੱਦ ਤੱਕ ਇਹ ਕਾਰਜ ਵਰਦਾਨ ਦਾ ਰੂਪ ਲੱਗਦਾ ਹੈ ਪਰ ਹੱਦੋਂ ਵੱਧ ਇਹ ‘ਵਰਦਾਨ’ ਵੀ ਸਰਾਪ ਦਾ ਰੂਪ ਧਾਰਨ ਕਰਨ ਲੱਗਦਾ ਹੈ। ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ਸੋਸ਼ਲ- ਮੀਡੀਆ ਦੇ ਨਫ਼ੇ ਅਤੇ ਨੁਕਸਾਨ ਦੀ ਗੱਲ ਕਰਨਾ ਹੈ। ਇਸ ਲਈ ਲੇਖ ਦੀ ਸੰਖੇਪਤਾ ਨੂੰ ਦੇਖਦਿਆਂ ਵਿਚਾਰ- ਚਰਚਾ ਨੂੰ ਸੰਖੇਪ ਸ਼ਬਦਾਂ ਵਿਚ ਬਿਆਨ ਕੀਤਾ ਜਾਵੇਗਾ ਤਾਂ ਕਿ ਲੇਖ ਨੂੰ ਸਹੀ ਆਕਾਰ ਵਿਚ ਸਮਾਪਤ ਕੀਤਾ ਜਾ ਸਕੇ।
ਸੋਸ਼ਲ- ਮੀਡੀਆ ਰਾਹੀਂ ਇੱਕੋ ਸਮੇਂ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਸਥਾਪਿਤ ਕੀਤਾ ਜਾ ਸਕਦਾ ਹੈ। ਸਮੁੱਚੀ ਦੁਨੀਆਂ ਵਿਚ ਰਹਿੰਦੇ ਲੋਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ/ ਸਮੁੱਚੀ ਦੁਨੀਆਂ ਦੀਆਂ ਖ਼ਬਰਾਂ ਤੋਂ ਜਾਣੂ ਹੋਇਆ ਜਾ ਸਕਦਾ ਹੈ। ਸੋਸ਼ਲ- ਮੀਡੀਆ ਹੀ ਇੱਕ ਅਜਿਹਾ ਜ਼ਰੀਆ ਹੈ ਜਿਸ ਦੁਆਰਾ ਆਪਣੀ ਆਵਾਜ਼ ਨੂੰ ਦੂਜੇ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ। ਅੱਜ ਕੱਲ ਦੇਖਣ ਵਿਚ ਆ ਰਿਹਾ ਹੈ ਕਿ ਬਹੁਤ ਸਾਰੇ ਲੋਕ ਆਪਣੇ ਕਾਰੋਬਾਰ ਨੂੰ ਸੋਸ਼ਲ- ਮੀਡੀਆ ਦੇ ਰਾਹੀਂ ਪ੍ਰਚਾਰਿਤ ਕਰਦੇ ਹਨ/ ਪ੍ਰਫੁਲਿਤ ਕਰਦੇ ਹਨ। ਅੱਜ ਦੇ ਜ਼ਮਾਨੇ ਵਿਚ ਲੋਕਾਂ ਕੋਲ ਵਕਤ ਦੀ ਘਾਟ ਹੈ ਇਸ ਲਈ ਸੋਸ਼ਲ- ਮੀਡੀਆ ਦੇ ਰਾਹੀਂ ਇੱਕ- ਦੂਜੇ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ। ਖ਼ਾਸ ਗੱਲ ਇਹ ਹੈ ਕਿ ਅੱਜ ਦੇ ਦੌਰ ਵਿਚ ਇੱਕ- ਦੂਜੇ ਦੇ ਸੁੱਖ- ਦੁੱਖ ਦੀ ਜਾਣਕਾਰੀ ਵੀ ਸੋਸ਼ਲ- ਮੀਡੀਏ ਦੇ ਜ਼ਰੀਏ ਹੀ ਮਿਲ ਜਾਂਦੀ ਹੈ। ਵਤਨੋਂ ਦੂਰ ਗਏ ਪਿਆਰਿਆਂ ਦੀ ਖ਼ੈਰ- ਸੁਖ ਵੀ ਇਸ ‘ਵਰਦਾਨ’ ਦੇ ਰਾਹੀਂ ਬਹੁਤ ਆਸਾਨੀ ਨਾਲ ਪ੍ਰਾਪਤ ਹੋ ਜਾਂਦੀ ਹੈ। ਕਿਸੇ ਬੰਦੇ ਕੋਲ ਜੇਕਰ ਕੋਈ ਖ਼ਾਸ ਗੁਣ ਹੈ; ਜਿਵੇਂ ਗਾਉਣਾ, ਗੀਤਕਾਰੀ, ਪੇਂਟਿੰਗ, ਕਵਿਤਾ ਅਤੇ ਹੋਰ ਕੋਈ ਰੱਬੀ ਸੁਗਾਤ ਤਾਂ ਉਹ ਸੋਸ਼ਲ- ਮੀਡੀਏ ਰਾਹੀਂ ਆਪਣੀ ਆਵਾਜ਼ ਨੂੰ ਸਮੁੱਚੀ ਦੁਨੀਆਂ ਦੇ ਲੋਕਾਂ ਤੱਕ ਪਹੁੰਚਾ ਸਕਦਾ ਹੈ। ਸੋਸ਼ਲ- ਮੀਡੀਆ ਆਮ ਲੋਕਾਂ ਲਈ ਬਹੁਤ ਵੱਡਾ ‘ਮੰਚ’ ਬਣ ਕੇ ਉੱਭਰਿਆ ਹੈ ਜਿਸ ਦੇ ਰਾਹੀਂ ਆਮ ਗ਼ਰੀਬ ਲੋਕਾਂ ਨੂੰ ਮੌਕਾ ਮਿਲ ਸਕਦਾ ਹੈ। ਲੰਘੇ ਸਮੇਂ ਬਹੁਤ ਸਾਰੀਆਂ ਅਜਿਹੀਆਂ ਮਿਸਾਲਾਂ ਦੇਖਣ ਨੂੰ ਮਿਲੀਆਂ ਹਨ ਜਿਹਨਾਂ ਵਿਚ ਕੋਈ ਬੰਦਾ ਰਾਤੋ- ਰਾਤ ਦੁਨੀਆਂ ਦੀ ਨਜ਼ਰਾਂ ਵਿਚ ਸਟਾਰ ਬਣ ਕੇ ਉੱਭਰਿਆ ਹੈ। ਇਹ ਸਭ ਸੋਸ਼ਲ- ਮੀਡੀਆ ਕਰਕੇ ਹੀ ਸੰਭਵ ਹੋਇਆ ਹੈ।
ਸੋਸ਼ਲ- ਮੀਡੀਆ ਜਿੱਥੇ ਮਨੁੱਖ ਨੂੰ ਸਹੂਲਤ ਦੇਣ ਲਈ ਆਪਣੀ ਜਿੰ਼ਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾ ਰਿਹਾ ਹੈ ਉੱਥੇ ਮਨੁੱਖ ਦੀ ਅਣਗਹਿਲੀ ਕਰਕੇ ਇਹ ਇੱਕ ਸਰਾਪ ਦਾ ਰੂਪ ਵੀ ਧਾਰਨ ਕਰਦਾ ਜਾ ਰਿਹਾ ਹੈ। ਇੰਟਰਨੈੱਟ ਦੀ ਹੱਦੋਂ ਵੱਧ ਵਰਤੋਂ ਨੇ ਮਨੁੱਖ ਨਾਲੋਂ ਮਨੁੱਖ ਨੂੰ ਤੋੜ ਕੇ ਰੱਖ ਦਿੱਤਾ ਹੈ। ਮਨੁੱਖ ਇਕਲਾਪੇ ਦਾ ਸਿ਼ਕਾਰ ਹੋ ਗਿਆ ਹੈ। ਨਿੱਕੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਲੋਕਾਂ ਤੱਕ ਇਸਦੇ ਵੱਸ ਵਿਚ ਹਨ/ ਪ੍ਰਭਾਵ ਵਿਚ ਹਨ। ਸੋਸ਼ਲ- ਮੀਡੀਆ ਦੀ ਦੁਰਵਰਤੋਂ ਕਰਕੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਕਈ ਦਸਤਾਵੇਜ਼ ਲੀਕ ਕੀਤੇ ਜਾ ਚੁਕੇ ਹਨ। ਦੁਸ਼ਮਣ ਮੁਲਕਾਂ ਦੇ ਖੁਫ਼ੀਆਂ ਅਫ਼ਸਰ ਸੋਸ਼ਲ- ਮੀਡੀਏ ਦੇ ਰਾਹੀਂ ਨੌਜਵਾਨਾਂ ਨੂੰ ਆਪਣੇ ਜਾਲ਼ ਵਿਚ ਫਸਾਉਂਦੇ ਹਨ ਅਤੇ ਦੇਸ਼ ਦੀਆਂ ਖੁਫ਼ੀਆਂ ਜਾਣਕਾਰੀਆਂ ਹਾਸਿਲ ਕਰਨ ਦੀਆਂ ਕੋਸਿ਼ਸ਼ਾਂ ਕਰਦੇ ਹਨ। ਕਈ ਵਾਰ ਭੋਲੇ- ਭਾਲੇ ਨੌਜਵਾਨ ਇਹਨਾਂ ਦੀਆਂ ਚਾਲਾਂ ਦਾ ਸਿ਼ਕਾਰ ਹੋ ਜਾਂਦੇ ਹਨ।
ਸੋਸ਼ਲ- ਮੀਡੀਆ ਉੱਪਰ ਸਰਗਰਮ ਲੋਕ ਸਰੀਰਕ ਕੰਮਾਂ ਨੂੰ ਲਗਭਗ ਭੁੱਲ ਹੀ ਜਾਂਦੇ ਹਨ। ਉਹ ਲੋਕ ਦਿਨ- ਰਾਤ ਮੋਬਾਈਲ ਦੀ ਟੱਚ ਉੱਪਰ ਆਪਣੇ ਸਮੇਂ ਨੂੰ ਬਤੀਤ ਕਰਦੇ ਹਨ। ਇਸ ਕਰਕੇ ਕਈ ਪ੍ਰਕਾਰ ਦੀਆਂ ਬੀਮਾਰੀਆਂ ਨੇ ਅਜਿਹੇ ਲੋਕਾਂ ਨੂੰ ਘੇਰਾ ਪਾ ਗਿਆ ਹੈ। ਅੱਖਾਂ ਦੀ ਨਿਗਾਹ ਕਮਜ਼ੋਰ ਹੋ ਗਈ ਹੈ, ਮੋਟਾਪੇ ਦੇ ਸਿ਼ਕਾਰ ਹੋ ਗਏ ਹਨ ਅਤੇ ਇਕਲਾਪੇ ਕਰਕੇ ਮਾਨਸਿਕ ਰੋਗੀ ਵੀ ਬਣਦੇ ਜਾ ਰਹੇ ਹਨ। ਅੱਜ ਕੱਲ ਖੁਦਕੁਸ਼ੀਆਂ ਦਾ ਰੁਝਾਨ ਬਹੁਤ ਵੱਧ ਗਿਆ ਹੈ। ਮਾਨਸਿਕ ਰੋਗੀਆਂ ਦੀ ਗਿਣਤੀ ਦਿਨੋਂ- ਦਿਨ ਵੱਧਦੀ ਜਾ ਰਹੀ ਹੈ। ਇਹਨਾਂ ਦਾ ਮੂਲ ਕਾਰਨ ਹੈ ‘ਸੋਸ਼ਲ- ਮੀਡੀਆ ਦੀ ਹੱਦੋਂ ਵੱਧ ਵਰਤੋਂ’ ਮਨੁੱਖ ਦੇ ਕੋਲ ਆਪਣੇ ਦੁੱਖ- ਸੁੱਖ ਨੂੰ ਦੱਸਣ ਲਈ ਵਕਤ ਹੀ ਨਹੀਂ ਹੈ। ਇਸ ਲਈ ਉਹ ਪੂਰਾ ਦਿਨ ਇੰਟਰਨੈੱਟ ਦੀ ਦੁਨੀਆਂ ਵਿਚ ਗੁਆਚਿਆ ਰਹਿੰਦਾ ਹੈ। ਇਸ ਕਰਕੇ ਉਹ ਆਪਣੇ ਆਸ- ਪਾਸ ਦੀ ਅਸਲ ਦੁਨੀਆਂ ਤੋਂ ਟੁੱਟ ਜਾਂਦਾ ਹੈ ਅਤੇ ਕਲਪਣਾ ਦੇ ਸੰਸਾਰ ਵਿਚ ਗੁਆਚ ਜਾਂਦਾ ਹੈ। ਇਸ ਕਲਪਣਾ ਦੇ ਸੰਸਾਰ ਕਰਕੇ ਉਹ ਕਈ ਤਰ੍ਹਾਂ ਦੀ ਬੀਮਾਰੀਆ ਦਾ ਸਿ਼ਕਾਰ ਹੋ ਜਾਂਦਾ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਨਿੱਕੇ ਬੱਚੇ ਵੀ ਖੁਦਕੁਸ਼ੀ ਵਰਗੇ ਸਖ਼ਤ ਕਦਮ ਚੁੱਕ ਲੈਂਦੇ ਹਨ। ਅੱਜ ਕੱਲ ਅਖ਼ਬਾਰਾਂ ਵਿਚ ਆਮ ਹੀ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਦੱਸਵੀਂ ਦੇ ਇਮਤਿਹਾਨ ਵਿਚੋਂ ਫੇਲ ਹੋਏ ਵਿਦਿਆਰਥੀ ਨੇ ਆਤਮ- ਹੱਤਿਆ ਕਰ ਲਈ। ਅਸਲ ਵਿਚ ਉਹ ਵਿਦਿਆਰਥੀ ਜਾਂ ਉਸ ਵਿਦਿਆਰਥੀ ਦੇ ਮਾਂ- ਬਾਪ ਇੰਟਰਨੈੱਟ ਦੀ ਦੁਨੀਆਂ ਵਿਚ ਅਜਿਹੇ ਗੁਆਚੇ ਹੁੰਦੇ ਹਨ ਕਿ ਉਹ ਆਪਣੇ ਬੱਚੇ ਦੀਆਂ ਤੰਗੀਆਂ- ਖੂਬੀਆਂ ਨੂੰ ਦੇਖ ਹੀ ਨਹੀਂ ਪਾਉਂਦੇ। ਦੂਜੇ ਪਾਸੇ ਬੱਚਾ ਵੀ ਇੰਟਰਨੈੱਟ ਦੇ ਜਾਲ਼ ਵਿਚ ਫੱਸਿਆ ਹੁੰਦਾ ਹੈ ਉਹ ਆਪਣੀ ਮਨੋ- ਸਥਿਤੀ ਨੂੰ ਆਪਣੇ ਮਾਪਿਆਂ ਸਾਹਮਣੇ ਬਿਆਨ ਹੀ ਨਹੀਂ ਕਰ ਪਾਉਂਦਾ। ਇਸ ਦੇ ਨਤੀਜੇ ਵੱਜੋਂ ਆਤਮ- ਹੱਤਿਆ ਵਰਗੀ ਘਟਨਾ ਵਾਪਰ ਜਾਂਦੀ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ। ਇਸ ਤੋਂ ਬਚਣ ਦੀ ਲੋੜ ਹੈ।
ਸੋਸ਼ਲ- ਮੀਡੀਆ ਦੇ ਮੰਦੇ ਪ੍ਰਭਾਵਾਂ ਤੋਂ ਬਚਣ ਲਈ ਇਸਦਾ ਪ੍ਰਯੋਗ ਸੀਮਤ ਸਮੇਂ ਲਈ ਕਰੋ ਭਾਵ ਦਿਨ ਵਿਚ ਕੁਝ ਵਕਤ ਮਿੱਥ ਲਓ ਕਿ ਇਸ ਸਮੇਂ ਦੇ ਦੌਰਾਨ ਹੀ ਸੋਸ਼ਲ- ਮੀਡੀਏ ਉੱਪਰ ਸਰਗਰਮ ਹੋਣਾ ਹੈ, ਬਾਕੀ ਪੂਰਾ ਦਿਨ ਆਪਣੇ ਪਰਿਵਾਰ ਨਾਲ ਸਮਾਂ ਬਿਤਾਓ। ਸੋਸ਼ਲ- ਮੀਡੀਏ ਉੱਪਰ ਵਾਧੂ ਦੀਆਂ ਕਾਰਵਾਈਆਂ ਤੋਂ ਬਚੋ ਭਾਵ ਜਿਹੜੀ ਚੀਜ਼ ਤੁਹਾਡੇ ਨਾਲ ਸੰਬੰਧਿਤ ਹੈ ਉਸ ਨੂੰ ਦੇਖੋ ਜਾਂ ਕਰੋ। ਵਾਧੂ ਦੀਆਂ ਚੀਜ਼ਾਂ ਉੱਪਰ ਆਪਣੇ ਧਿਆਨ ਨੂੰ ਕੇਂਰਦਿਤ ਨਾ ਕਰੋ। ਵਿਅਕਤੀਗਤ ਜਾਣਕਾਰੀ ਘੱਟ ਤੋਂ ਘੱਟ ਸਾਂਝੀ ਕਰੋ। ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ ਅਤੇ ਆਪਣੇ ਕਾਰੋਬਾਰ ਬਾਰੇ। ਸੋਸ਼ਲ- ਮੀਡੀਆ ਉੱਪਰ ਉੱਡਦੀਆਂ ਅਫ਼ਵਾਹਾਂ ਤੋਂ ਬਚੋ ਅਤੇ ਅਫ਼ਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕਰੋ। ਜਿਸ ਗੱਲ ਦਾ ਤੁਹਾਨੂੰ ਪੱਕਾ ਯਕੀਨ ਨਹੀਂ ਉਸ ਨੂੰ ਅੱਗੇ ਭੇਜਣ ਤੋਂ ਸੰਕੋਚ ਕਰੋ। ਕਈ ਵਾਰ ਬਹੁਤ ਸਾਰੀਆਂ ਝੂਠੀਆਂ ਖ਼ਬਰਾਂ ਵੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਫੈਲਾਈਆਂ ਜਾਂਦੀਆਂ ਹਨ ਤਾਂ ਕਿ ਸਮਾਜਿਕ ਮਾਹੌਲ ਨੂੰ ਵਿਗਾੜਿਆ ਜਾ ਸਕੇ। ਇਸ ਲਈ ਅਫ਼ਵਾਹਾਂ ਨੂੰ ਫੈਲਾਉਣ ਵਿਚ ਹਿੱਸੇਦਾਰ ਨਾ ਬਣੋ। ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਸੀਮਤ ਸਮੇਂ ਲਈ ਕੀਤਾ ਗਿਆ ਸੋਸ਼ਲ- ਮੀਡੀਆ ਦਾ ਪ੍ਰਯੋਗ ਵਰਦਾਨ ਸਿੱਧ ਹੁੰਦਾ ਹੈ ਪਰ, ਹੱਦੋਂ ਵੱਧ ਕੇ ਇਸੇਤਿਮਾਲ ਸਰਾਪ ਦਾ ਰੂਪ ਧਾਰਨ ਕਰ ਜਾਂਦਾ ਹੈ। ਇਸ ਲਈ ਸੋਸ਼ਲ- ਮੀਡੀਆ ਦਾ ਪ੍ਰਯੋਗ ਕਰੋ ਪਰ, ਸੀਮਤ ਸਮੇਂ ਲਈ ਲਈ ਜਾਂ ਸਮਾਂ ਮਿੱਥ ਕੇ। ਇਸ ਨਾਲ ਸੋਸ਼ਲ- ਮੀਡੀਆ ਵਰਦਾਨ ਸਿੱਧ ਹੋਵੇਗਾ।