ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜਾਂ ਦੀ ਸਟੂਡੇਂਟਸ ਯੂਨੀਅਨ ਚੋਣਾਂ ’ਚ ਅਕਾਲੀ ਦਲ ਦੀ ਵਿਦਿਆਰਥੀ ਇਕਾਈ ‘‘ਸੋਈ’’ ਨੇ ਇੱਕ ਵਾਰ ਫਿਰ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ਪ੍ਰਧਾਨ ਵੱਜੋਂ ਸਿਮਰਜੀਤ ਸਿੰਘ, ਮੀਤ ਪ੍ਰਧਾਨ ਮਿਹਰਜੋਤ ਕੌਰ ਅਤੇ ਸੀ.ਸੀ. ਅਹੁੱਦੇ ’ਤੇ ਇਸ਼ਪ੍ਰੀਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ। ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆੱਫ ਕਾੱਮਰਸ ’ਚ ਪ੍ਰਧਾਨ ਵੱਜੋਂ ਰੁਪਿੰਦਰ ਸਿੰਘ ਗਿੱਲ, ਜਨਰਲ ਸਕੱਤਰ ਕੁਲਮੇਹਰ ਸਿੰਘ, ਸੀ.ਸੀ. ਹਰਨੂਰ ਸਿੰਘ ਅਤੇ ਸ੍ਰੀ ਗੁਰੂ ਨਾਨਕ ਦੇਵ ਕਾਲਜ ’ਚ ਪ੍ਰਧਾਨ ਸਚਿਨ ਰਾਇ, ਮੀਤ ਪ੍ਰਧਾਨ ਇਸਮੀਤ ਸਿੰਘ ਤੇ ਜਨਰਲ ਸਕੱਤਰ ਵੱਜੋਂ ਪ੍ਰਿੰਸ ਕੁਮਾਰ ਭਾਟੀ ਬਤੌਰ ‘ਸੋਈ’ ਉਮੀਦਵਾਰ ਜੇਤੂ ਐਲਾਨੇ ਗਏ ਹਨ।
ਜੇਤੂ ਉਮੀਦਵਾਰਾਂ ਨੇ ਪਾਰਟੀ ਦਫਤਰ ਵਿਖੇ ਪੁੱਜ ਕੇ ਸੀਨੀਅਰ ਲੀਡਰਸ਼ਿਪ ਦਾ ਆਸ਼ੀਰਵਾਦ ਲਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਕੌਮੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਦਿੱਲੀ ਇਕਾਈ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸੋਈ ਪ੍ਰਧਾਨ ਗਗਨ ਸਿੰਘ ਛਿਆਸੀ ਸਣੇ ਦਿੱਲੀ ਕਮੇਟੀ ਮੈਂਬਰਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ।
ਜੀ.ਕੇ. ਨੇ ਕਿਹਾ ਕਿ ਦਿੱਲੀ ਦੇ ਖਾਲਸਾ ਕਾਲਜਾਂ ’ਚ ਸੋਈ ਦਾ ਪ੍ਰਦਰਸ਼ਨ ਲਗਾਤਾਰ ਇਸ ਗੱਲ ਦੀ ਤਸੱਲੀ ਦੇ ਰਿਹਾ ਹੈ ਕਿ ਪਾਰਟੀ ਦੀ ਭਵਿੱਖ ਦੀ ਲੀਡਰਸ਼ਿਪ ਕਾਬਲੀਅਤ ਨਾਲ ਤਿਆਰ ਹੋ ਰਹੀ ਹੈ। ਮੇਰਾ ਸਿਆਸਤ ਦਾ ਸਫ਼ਰ ਵੀ ਖਾਲਸਾ ਕਾਲਜ ਤੋਂ ਸ਼ੁਰੂ ਹੋਇਆ ਸੀ। ਅੱਜ ਜਿਸ ਮੁਕਾਮ ’ਤੇ ਮੈਂ ਪਹੁੰਚਿਆ ਹਾਂ ਉਹ ਯੂਨੀਵਰਸਿਟੀ ਸਿਆਸਤ ਦੌਰਾਨ ਮਿਲੇ ਤਜ਼ੁਰਬੇ ਕਾਰਨ ਮਕਬੂਲ ਹੋਈ ਹੈ। ਅੱਜ ਦੇਸ਼ ਦੀ 70 ਫੀਸਦੀ ਆਬਾਦੀ ਨੌਜਵਾਨਾਂ ਦੀ ਹੈ। ਇਸ ਕਰਕੇ ਸਾਡੇ ਬਾਅਦ ਸਾਡੇ ਅਹੁੱਦਿਆਂ ’ਤੇ ਬੈਠਣ ਵਾਲੀ ਲੀਡਰਸ਼ਿਪ ਵੱਧੀਆ ਹੈ, ਇਸ ਗੱਲ ਦਾ ਮੈਂਨੂੰ ਭਰੋਸਾ ਹੈ। ਤੁਹਾਨੂੰ ਆਪਣਾ ਕਾਰਜਭਾਰ ਦੇਣ ’ਚ ਮੈਂ ਫੱਖਰ ਮਹਿਸੂਸ ਕਰਾਂਗਾ।
ਜੀ.ਕੇ. ਨੇ ਕਿਹਾ ਕਿ ਕੱਲ੍ਹ ਤਖ਼ਤ ਪਟਨਾ ਸਾਹਿਬ ਦੀ ਕਮੇਟੀ ਲਈ ਕੋ-ਔਪਸ਼ਨ ਮੈਂਬਰ ਦੀ ਹੋਈ ਚੋਣ ’ਚ ਅਕਾਲੀ ਉਮੀਦਵਾਰ ਹਰਪਾਲ ਸਿੰਘ ਜੋਹਲ ਦੀ ਬਿਨਾਂ ਵਿਰੋਧ ਜਿੱਤ ਤੋਂ ਬਾਅਦ ਅੱਜ ਯੂਨੀਵਰਸਿਟੀ ਚੋਣਾਂ ’ਚ ਸੋਈ ਦੀ ਜਿੱਤ ਉਨ੍ਹਾਂ ਲੋਕਾਂ ਨੂੰ ਸ਼ੀਸ਼ਾ ਵਿਖਾਉਣ ਲਈ ਜਰੂਰੀ ਹੈ ਜਿਹੜੇ ਅਕਾਲੀ ਦਲ ਦੀ ਹੋਂਦ ਦੇ ਖਤਮ ਹੋਣ ਦੇ ਖਦਸੇ ਜਤਾ ਰਹੇ ਹਨ। ਜੀ.ਕੇ. ਨੇ ਵਿਦਿਆਰਥੀਆਂ ਨੂੰ ਕਿਹਾ ਕਿ ਬੇਸ਼ੱਕ ਦਿੱਲੀ ’ਚ ਵਿਦਿਆਰਥੀ ਚੋਣਾਂ ਲੜਨ ਵਾਲੀ ਬਾਕੀ ਪਾਰਟੀਆਂ ਨਾਲ ਸੋਈ ਸਭ ਤੋਂ ਛੋਟੀ ਪਾਰਟੀ ਹੈ ਪਰ ਤੁਸੀਂ ਮੋਦੀ, ਰਾਹੁਲ ਅਤੇ ਕੇਜਰੀਵਾਲ ਦੀ ਪਾਰਟੀਆਂ ਨੂੰ ਹਰਾ ਕੇ ਇਸ ਮੁਕਾਮ ’ਤੇ ਆਏ ਹੋ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਆਊਂਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੀ ਸਿੱਖਿਆਵਾਂ ਨੂੰ ਘਰ-ਘਰ ਤਕ ਪਹੁੰਚਾਉਣ ਦਾ ਯਤਨ ਕਰੋਗੇ।
ਸਿਰਸਾ ਨੇ ਸਿੱਖਿਆ ਦੇ ਨਾਲ ਰਾਜਸੱਤਾ ਨੂੰ ਜਰੂਰੀ ਦੱਸਦੇ ਹੋਏ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਗੱਲ ਰੱਖਣ ਲਈ ਸਿਆਸਤ ਜਰੂਰੀ ਹੈ। ਇਸ ਕਰਕੇ ਮੈਂਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਕਾਲੀ ਦਲ ਦੀ ਅਗਲੀ ਲੀਡਰਸ਼ਿਪ ਪੜ੍ਹੀ ਲਿੱਖੀ ਅਤੇ ਪੰਥ ਦਾ ਦਰਦ ਰੱਖਣ ਵਾਲੀ ਹੈ। ਇਹ ਗੱਲ ਦਿੱਲੀ ਦੀ ਸਿੱਖ ਸਿਆਸਤ ਲਈ ਵੀ ਲਾਹੇਵੰਦ ਹੋਵੇਗੀ। ਸਿਰਸਾ ਨੇ ਜਿੱਤ ਦੀ ਵਧਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜੇਤੂ ਉਮੀਦਵਾਰਾਂ ਨੂੰ ਦਿੰਦੇ ਹੋਏ ਪਾਰਟੀ ਦੀ ਜਿੱਤ ਲਈ ਕਾਰਜ ਕਰਨ ਵਾਲੇ ਸਮੂਹ ਕਾਰਕੁਨਾਂ ਨੂੰ ਸ਼ਾਬਾਸ਼ੀ ਦਿੱਤੀ। ਕਾਲਕਾ ਨੇ ਸਮੂਹ ਅਹੁੱਦੇਦਾਰਾਂ ਅਤੇ ਕਾਰਕੁਨਾ ਦਾ ਧੰਨਵਾਦ ਕੀਤਾ।