ਨਵੀਂ ਦਿੱਲੀ : ਹਿੰਦੀ ਫਿਲਮ ਮਨਮਰਜੀਆਂ ’ਚ ਸਿੱਖ ਭਾਵਨਾਵਾਂ ਨੂੰ ਸੱਟ ਲਗਣ ਦਾ ਦਾਅਵਾ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਇਸ ਬਾਰੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਤੇ ਸੈਂਸਰ ਬੋਰਡ ਦੇ ਮੁੱਖੀ ਨੂੰ ਚਿੱਠੀ ਲਿਖਦੇ ਹੋਏ ਸੈਂਸਰ ਬੋਰਡ ’ਚ ਇੱਕ ਸਿੱਖ ਮੈਂਬਰ ਦੀ ਨਿਯੂਕਤੀ ਪੱਕੇ ਤੌਰ ’ਤੇ ਕਰਨ ਦੀ ਮੰਗ ਕੀਤੀ ਹੈ। ਦਰਅਸਲ ਮਨਮਰਜੀਆਂ ਫਿਲਮ ’ਚ ਅਭਿਸ਼ੇਕ ਬੱਚਨ ਨੂੰ ਸਿੱਖ ਪਹਿਰਾਵੇ ਦੇ ’ਚ ਦਿਖਾਇਆ ਗਿਆ ਹੈ। ਦਸਤਾਰ ਉਤਾਰਨ ਤੋਂ ਬਾਅਦ ਉਸਦਾ ਸਿਗਰਟ ਪੀਣਾ ਅਤੇ ਅਨੰਦ ਕਾਰਜ ਸਿੱਖ ਰਹਿਤ ਮਰਿਯਾਦਾ ਨਾਲ ਕਰਨ ’ਤੇ ਸਿੱਖਾਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਜੀ.ਕੇ. ਨੇ ਆਪਣੇ ਪੱਤਰ ’ਚ ਕਿਹਾ ਹੈ ਕਿ ਸੈਂਸਰ ਬੋਰਡ ਕਈ ਸਾਲਾਂ ਤੋਂ ਸਿੱਖ ਵਿਚਾਰਧਾਰਾ ਦੀ ਵਿਰੋਧੀ ਫਿਲਮਾਂ ਨੂੰ ਪ੍ਰਦਰਸ਼ਨ ਕਰਨ ਦੀ ਮਨਜੂਰੀ ਦੇ ਰਿਹਾ ਹੈ। ਜਿਸ ’ਚ ਮਨਮਰਜੀਆਂ, ਢਿਸੂੰਮ, ਸੰਤਾ-ਬੰਤਾ, ਅਤੇ ਨਾਨਕਸ਼ਾਹ ਫਕੀਰ ਵਰਗੀਆਂ ਵਿਵਾਦਿੱਤ ਫਿਲਮਾਂ ਨੂੰ ਸੈਂਸਰ ਬੋਰਡ ਵੱਲੋਂ ਪਾਸ ਕਰਨਾ ਸਿਨੇਮੈਟਰੋਗ੍ਰਾਫ ਐਕਟ ਅਤੇ ਉਸਦੇ ਨਿਯਮਾਂ ਦੀ ਉਲੰਘਣਾ ਹੈ। ਸੈਂਸਰ ਬੋਰਡ ਲਈ ਫਿਲਮ ਨੂੰ ਪਾਸ ਕਰਨ ਵੇਲੇ ਇਸ ਗੱਲ ਨੂੰ ਜਰੂਰੀ ਤੌਰ ’ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਫਿਲਮ ਸਮਾਜ ਦੇ ਪ੍ਰਤੀ ਜਵਾਬਦੇਹ ਅਤੇ ਸਮਾਜ ਦੀਆਂ ਭਾਵਨਾਵਾਂ ਨੂੰ ਬੌਧਿਕ ਪੱਧਰ ’ਤੇ ਕਾਇਮ ਰੱਖਣ ’ਚ ਸਮਰਥ ਹੋਵੇ।
ਜੀ.ਕੇ. ਨੇ ਆਪਣੇ ਪੱਤਰ ’ਚ ਸਿੱਖ ਪਰੰਪਰਾਵਾਂ ਦੇ ਉਲਟ ਦਿਖਾਏ ਗਏ ਦ੍ਰਿਸ਼ ਜਾਂ ਸੀਨ ਨੂੰ ਕੱਟਣ ਦੀ ਮੰਗ ਕਰਦੇ ਹੋਏ ਫਿਲਮ ਦੇ ਪ੍ਰਸਾਰਣ ’ਤੇ ਰੋਕ ਲਗਾਉਣ ਦੀ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਹੈ। ਜੀ.ਕੇ. ਨੇ ਕਿਹਾ ਕਿ ਫਿਲਮ ’ਚੋਂ ਗੈਰਜਰੂਰੀ ਸੀਨਾਂ ਨੂੰ ਕੱਟਣ ਤੋਂ ਬਾਅਦ ਸੈਂਸਰ ਬੋਰਡ ਦੇ ਖੇਤਰੀ ਅਧਿਕਾਰੀ ਨੂੰ ਫਿਲਮ ਸਿੱਖ ਧਰਮ ਦੀ ਜਾਣਕਾਰੀ ਰੱਖਣ ਵਾਲੇ ਵਿਦਿਵਾਨਾਂ ਨੂੰ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਦੀ ਮਨਜੂਰੀ ਤੋਂ ਬਾਅਦ ਹੀ ਫਿਲਮ ਨੂੰ ਮੁੜ੍ਹ ਪ੍ਰਸਾਰਿਤ ਕਰਨ ਦਾ ਪ੍ਰਮਾਣ ਪੱਤਰ ਦੇਣਾ ਚਾਹੀਦਾ ਹੈ। ਜੀ.ਕੇ. ਨੇ ਸਿਨੇਮਾ ਹਾਲਾਂ ਦੇ ਨਾਲ ਫਿਲਮ ਦਿਖਾਉਣ ਦੇ ਬਾਕੀ ਮਾਧਿਅਮਾਂ ’ਤੇ ਵੀ ਰੋਕ ਲਗਾਉਣ ਦੀ ਵਕਾਲਤ ਕਰਦੇ ਹੋਏ ਸੈਂਸਰ ਬੋਰਡ ’ਚ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਦੇ ਨੁਮਾਇੰਦੇ ਵੱਜੋਂ 1 ਸਿੱਖ ਮੈਂਬਰ ਨੂੰ ਸ਼ਾਮਿਲ ਕਰਨ ’ਤੇ ਜੋਰ ਦਿੱਤਾ ਹੈ।