ਸਰੀ, (ਕੈਨੇਡਾ) – ਕੈਨੇਡਾ ਦੇ ਹਰਮਨ ਪਿਆਰੇ ਅਤੇ ਹਰਦਿਲ ਅਜ਼ੀਜ ਸਿੱਖ ਵਿਦਵਾਨ ਕਾਲਮ, ਨਵੀਸ ਤੇ ਪੰਥ ਦਰਦੀ ਜਗਜੀਤ ਸਿੰਘ ਤੱਖਰ ਨੂੰ 14 ਸਤੰਬਰ 2018 ਨੂੰ ਸਵੇਰੇ 10 ਵਜੇ ਰਿਵਰ ਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਸਿੱਖਾਂ ਤੇ ਪੰਜਾਬੀਆਂ ਦੀ ਪ੍ਰਤੀਨਿਧ ਹਾਜ਼ਰੀ ਵਿਚ ਭਾਵ ਭਿੰਨੀਆਂ ਸ਼ਰਧਾਂਜਲੀਆਂ ਨਾਲ ਵਿਦਾ ਕੀਤਾ ਗਿਆ। 87 ਸਾਲਾਂ ਨੂੰ ਢੁੱਕੇ ਤੱਖਰ ਸਾਹਿਬ 1984 ਤੋਂ ਕੈਨੇਡਾ ਵਿਚ ਰਹਿ ਰਹੇ ਸਨ। ਆਪ ਸ਼ਰੋਮਣੀ ਅਕਾਲੀ ਦਲ 1920 ਕੈਨੇਡਾ ਦੇ ਪ੍ਰਧਾਨ, ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਕੈਨੇਡਾ ਦੇ ਸਕੱਤਰ ਅਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਟਰੱਸਟੀ ਸਨ। ਉਨ੍ਹਾਂ ਦੇ ਪਾਰਥਿਕ ਸਰੀਰ ਨੂੰ ਅਗਨ ਭੇਂਟ ਕਰਨ ਤੋਂ ਪਹਿਲਾਂ ਨਾਮਵਰ ਸਿੱਖ ਵਿਦਵਾਨ ਤੇ ਲੇਖਕ ਭਾਈ ਜੈਤੇਗ ਸਿੰਘ ਅਨੰਤ ਤੇ ਭਾਈ ਮਹਿੰਦਰ ਸਿੰਘ ਮੈਸਮਪੁਰ ਨੇ ਉਨ੍ਹਾਂ ਦੇ ਜੀਵਨ ਤੇ ਸ਼ਖ਼ਸ਼ੀਅਤ ਉਤੇ ਭਰਪੂਰ ਰੌਸ਼ਨੀ ਪਾਈ।
ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਪ੍ਰਧਾਨ ਸਰਵ ਸ੍ਰੀ ਬਲਬੀਰ ਸਿੰਘ ਨਿੱਝਰ, ਕੁੰਦਨ ਸਿੰਘ, ਦਲਜੀਤ ਸਿੰਘ ਸੰਧੂ ਅਤੇ ਜੋਗਿੰਦਰ ਸਿੰਘ ਸੰਧੂ ਵੱਲੋਂ ਸਾਂਝੇ ਤੌਰ ਤੇ ਦੋਸ਼ਾਲਾ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸੇ ਤਰ੍ਹਾਂ ਸ਼ਰੋਮਣੀ ਅਕਾਲੀ ਦਲ 1920 ਵੱਲੋਂ ਸਰਵ ਸ੍ਰੀ ਅਵਤਾਰ ਸਿੰਘ ਸੰਧੂ, ਹਰਬੰਸ ਸਿੰਘ ਗੋਸਲ ਅਤੇ ਤਰਲੋਚਨ ਸਿੰਘ ਬਾਹੀਆ ਨੇ ਦੋਸ਼ਾਲਾ ਪਾਇਆ। ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਵੱਲੋਂ ਸਰਵ ਸ੍ਰੀ ਜੈਤੇਗ ਸਿੰਘ ਅਨੰਤ, ਜਰਨੈਲ ਸਿੰਘ ਸਿੱਧੂ, ਗੁਰਚਰਨ ਸਿੰਘ ਟੱਲੇਵਾਲੀਆ ਅਤੇ ਸਰਵਣ ਸਿੰਘ ਰੰਧਾਵਾ ਨੇ ਫੁੱਲਾਂ ਦਾ ਗੁਲਦਸਤਾ, ਕੇਸਰੀ ਸਿਰੋਪਾਓ ਤੇ ਦੋਸ਼ਾਲਾ ਪਾ ਕੇ ਆਪਣੇ ਮਹਿਬੂਬ ਨੂੰ ਵਿਦਾਇਗੀ ਦਿੱਤੀ। ਇਸ ਅਵਸਰ ਤੇ ਸਰਵ ਸ੍ਰੀ ਜਗਤਾਰ ਸਿੰਘ ਸੰਧੂ ਦਸ਼ਮੇਸ਼ ਦਰਬਾਰ, ਡਾ ਸ਼ਿੰਦਰ ਪੁਰੇਵਾਲ, ਅਜੀਤ ਸਿੰਘ ਕੰਗ, ਮੱਖਣ ਸਿੰਘ ਸੰਘੇੜਾ ਸਕਾਮਿਸ਼ ਗੁਰੂ ਘਰ, ਗੁਰਮੇਜ ਸਿੰਘ ਪੁਰੇਵਾਲ, ਅਜੀਤ ਸਿੰਘ ਨਨੈਮੋ, ਸੁਖਦੇਵ ਸਿੰਘ ਸੰਘਾ ਸਿੱਖ ਸੇਵਕ ਸੋਸਾਇਟੀ ਅਤੇ ਜਸਬੀਰ ਸਿੰਘ ਸੰਧੂ ਵੈਨਕੂਵਰ ਨੇ ਆਪਣੀ ਹਾਜ਼ਰੀ ਲਗਵਾਈ।
ਦੁਪਹਿਰੇ 12 ਵਜੇ ਮਿਥੇ ਪ੍ਰੋਗਰਾਮ ਅਨੁਸਾਰ ਪਰਿਵਾਰ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਉਨ੍ਹਾਂ ਨਮਿਤ ਰੱਖੇ ਗਏ ਸਿਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦੇ ਭੋਗ ਤੇ ਅੰਤਮ ਅਰਦਾਸ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਆਪਣੇ ਪਿਆਰ ਦਾ ਸਬੂਤ ਦਿੰਦਿਆਂ ਸ਼ਮੂਲੀਅਤ ਕੀਤੀ। ਜਿਥੇ ਸਿੱਖਾਂ ਦੇ ਕੈਨੇਡਾ ਦੇ ਆਗੂ ਸ੍ਰ ਦਲਜੀਤ ਸਿੰਘ ਸੰਧੂ ਹੋਰਾਂ ਤੱਖਰ ਸਾਹਿਬ ਦੀ ਸੋਚ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਅਤੇ ਪੰਥਕ ਜ਼ਜ਼ਬੇ ਨੂੰ ਕੁੱਜੇ ਵਿਚ ਸਮੁੰਦਰ ਦੀ ਤਰ੍ਹਾਂ ਬੰਦ ਕਰ ਦਿੱਤਾ। ਅੰਤਮ ਰਸਮਾਂ ਵਿਚ ਸ਼ਾਮਲ ਹੋਣ ਲਈ ਜ਼ੌਹਲ ਪਰਿਵਾਰ ਕੈਲੀਫੋਰਨੀਆਂ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਆਏ ਹੋਏ ਸਨ। ਇਥੇ ਪੰਜਾਬੀ ਤੇ ਨਾਮਵਰ ਲੇਖਕ ਜਰਨੈਲ ਸਿੰਘ ਸੇਖਾ, ਮੋਹਨ ਗਿੱਲ ਅਤੇ ਬੁਧਿਸ਼ਟ ਸੋਸਾਇਟੀ ਕੈਨੇਡਾ ਦੇ ਪ੍ਰਤੀਨਿਧ ਸੁਤੇ ਆਹੀਰ ਨੇ ਵੀ ਹਾਜ਼ਰੀ ਲਵਾਈ।