ਬਰੈਪਟਨ – ਬਰੈਂਪਟਨ ਦੇ ਵਾਰਡਜ਼ 3 ਅਤੇ 4 ਤੋਂ ਸਿਟੀ ਕੌਂਸਲਰ ਦੀ ਪੁਜੀਸ਼ਨ ਲਈ ਹਰਪ੍ਰੀਤ ਸਿੰਘ ਹੰਸਰਾ ਨੇ ਆਪਣਾ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਕਿਸੇ ਵੱਡੀ ਚੋਣ ਰੈਲੀ ਦਾ ਰੂਪ ਧਾਰਨ ਕਰ ਗਈ ਐਤਵਾਰ ਦੀ ਚੋਣ ਰੈਲੀ ਨੇ ਬਰੈਂਪਟਨ ਦੇ ਸਿਆਸੀ ਪਿੜ ਵਿੱਚ ਪੈੜਾਂ ਪਾ ਦਿੱਤੀਆਂ ਹਨ। ਅੱਤ ਦੀ ਗਰਮੀ ਵਿੱਚ ਸੈਂਕੜੇ ਲੋਕਾਂ ਨੇ ਹੰਸਰਾ ਦੀ ਰੈਲੀ ਵਿੱਚ ਸ਼ਮੂਲੀਅਤ ਕੀਤੀ।
ਸਟੀਲਜ਼ ਅਤੇ ਹਾਈਵੇਅ 10 ਦੀ ਨੁੱਕਰ ਤੇ ਹਰਪ੍ਰੀਤ ਸਿੰਘ ਹੰਸਰਾ ਦੇ ਚੋਣ ਦਫਤਰ ਦੇ ਸਾਹਮਣੇ ਲੱਗੇ ਇਸ ਸਿਆਸੀ ਮੇਲੇ ਵਿੱਚ ਬਰੈਂਪਟਨ ਸ਼ਹਿਰ ਦੀ ਕਈ ਹਸਤੀਆਂ ਪਹੁੰਚੀਆਂ ਹੋਈਆਂ ਸਨ।
ਬਰੈਂਪਟਨ ਦੇ ਮਸ਼ਹੂਰ ਡਰੀਊ ਪ੍ਰੀਵਾਰ ਦੇ ਫਰਜੰਦ ਕ੍ਰਿਸ ਡਰੀਊ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਹਰਪ੍ਰੀਤ ਬਾਰੇ ਜਾਣਕਾਰੀ ਦਿੱਤੀ। ਉਪਰੰਤ ਸਟੇਜ ਦੀ ਕਾਰਵਾਈ ਯੂਨੀਵਰਸਿਟੀ ਦੀ ਵਿਦਿਆਰਥਣ ਜਸਮੀਨ ਕੌਰ ਭਿੰਡਰ ਨੇ ਸੰਭਾਲ ਲਈ ਉਨ੍ਹਾਂ ਸਭ ਨੂੰ ਜੀ ਆਇਆਂ ਕਹਿੰਦਿਆਂ ਸਟੇਜ ਤੇ ਵਾਰਡਜ਼ 3 ਅਤੇ 4 ਦੇ ਰੀਜਨਲ ਕੌਂਸਲਰ ਮਾਰਟਿਨ ਮਡੈਰਸ ਨੂੰ ਆਉਣ ਦਾ ਸੱਦਾ ਦਿੱਤਾ। ਮਾਰਟਿਨ ਨੇ ਇਸ ਮੌਕੇ ਕਿਹਾ ਕਿ ਸਾਨੂੰ ਕੌਂਸਲ ਵਿੱਚ ਹਰਪ੍ਰੀਤ ਸਿੰਘ ਹੰਸਰਾ ਵਰਗੇ ਅਗਾਂਹਵਧੂ ਸੋਚ ਵਾਲੇ ਕੌਂਸਲਰ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਕੌਂਸਲ ਵਿੱਚ ਅਸੀਂ ਬਹੁਤ ਫੈਸਲੇ ਕਰਨੇ ਚਾਹੁੰਦੇ ਸੀ ਪਰ ਉਹ ਹੋ ਨਹੀਂ ਸਕੇ। ਇਸ ਲਈ ਸਾਨੂੰ ਕੌਂਸਲ ਵਿੱਚ ਹੰਸਰਾ ਦੀ ਲੋੜ ਹੈ।
ਬਰੈਂਪਟਨ ਦੀ ਮੇਅਰ ਲਿੰਡਾ ਜਿਫਰੀ ਨੇ ਇਸ ਮੌਕੇ ਆਪਣੀ ਰੁਝੇਵਿਆਂ ਭਰੀ ਕੈਂਪੇਨ ਚੋਂ ਵਕਤ ਕੱਢ ਕੇ ਇਥੇ ਸ਼ਮੂਲੀਅਤ ਕੀਤੀ। ਮੇਅਰ ਜਿਫਰੀ ਨੇ ਬੋਲਦਿਆਂ ਕਿਹਾ ਕਿ ਪਿਛਲੇ ਚਾਰ ਸਾਲ ਸਾਡੇ ਲਈ ਵੱਡੀ ਚੁਣੌਤੀ ਬਣੇ ਰਹੇ। ਹਰ ਉਸਾਰੂ ਕੰਮ ਕਰਨ ਲਈ ਸਾਨੂੰ ਬੇਵਜਾਹ ਵਿਰੋਧ ਸਹਿਣਾ ਪਿਆ। ਹੁਣ ਅਸੀਂ ਚਾਹੁੰਦੇ ਹਾਂ ਕਿ ਤੁਸੀ ਹਰਪ੍ਰੀਤ ਸਿੰਘ ਹੰਸਰਾ ਨੂੰ ਕੌਂਸਲ ਵਿੱਚ ਭੇਜੋ ਕਿਉਂਕਿ ਇਹ ਨੌਜੁਆਨ ਮੁਸ਼ਕਲ ਨੂੰ ਹੱਲ ਕਰਨ ਦੀ ਮੁਹਾਰਤ ਰੱਖਦਾ ਹੈ। ਮੇਅਰ ਜਿਫਰੀ ਨੇ ਕਿਹਾ ਕਿ ਹੰਸਰਾ ਪ੍ਰੀਵਾਰ ਕਮਿਊਨਟੀ ਦੇ ਹਰ ਕੰਮ ਵਿੱਚ ਮੂਹਰਲੀ ਕਤਾਰ ਵਿੱਚ ਖੜ ਕੇ ਕੰਮ ਕਰਦੇ ਹਨ। ਮੇਅਰ ਨੇ ਅਪੀਲ ਕੀਤੀ ਕਿ 22 ਅਕਤੂਬਰ ਨੂੰ ਹਰਪ੍ਰੀਤ ਹੰਸਰਾ ਨੂੰ ਵੋਟ ਦੇ ਕੇ ਕੌਂਸਲ ਵਿੱਚ ਭੇਜੋ।
ਉਨਟਾਰੀਓ ਦੇ ਸਾਬਕਾ ਹੈਲਥ ਮਨਿਸਟਰ ਅਤੇ ਸਾਬਕਾ ਡਿਪਟੀ ਪ੍ਰੀਮੀਅਰ ਜਾਰਜ ਸਮਿਦਰਮੈਨ ਨੇ ਕਿਹਾ ਕਿ ਮੈਂ ਹਰਪ੍ਰੀਤ ਲਈ ਟਰਾਂਟੋ ਸੈਂਟਰ ਤੋਂ ਸ਼ੁਭ ਕਾਮਨਾਵਾਂ ਲੈ ਕੇ ਆਇਆ ਹਾਂ। ਲੰਬਾ ਸਮ੍ਹਾਂ ਮੈਂ ਹਰਪ੍ਰੀਤ ਦਾ ਬੌਸ ਰਿਹਾ ਹਾਂ ਅਤੇ ਇਹ ਕਹਿ ਸਕਦਾ ਹੈ ਕਿ ਹਰਪ੍ਰੀਤ ਮੁੱਦਿਆਂ ਦਾ ਨਬੇੜਾ ਕਰਨ ਦੀ ਜੁਗਤ ਰੱਖਦਾ ਹੈ। ਹੰਸਰਾ ਬਰਾਂਡ ਦੀ ਗੱਲ ਕਰਦਿਆਂ ਸਮਿਦਰਮੈਨ ਨੇ ਕਿਹਾ ਕਿ ਹਰਪ੍ਰੀਤ ਇੱਕ ਚੋਟੀ ਦਾ ਰਾਜਨੀਤਕ ਬਣ ਕੇ ਉਭਰੇਗਾ।
ਪਿਛਲੇ ਦੋ ਚੋਣਾਂ ਵਿੱਚ ਇਸ ਪੁਜੀਸ਼ਨ ਤੇ ਉਮੀਦਵਾਰ ਰਹਿ ਚੁੱਕੇ ਬੜੇ ਅਗਾਂਹਵਧੂ ਨੌਜੁਆਨ ਪਰਮਿੰਦਰ ਗਰੇਵਾਲ ਨੇ ਇਸ ਮੌਕੇ ਹਰਪ੍ਰੀਤ ਹੰਸਰਾ ਦਾ ਨਾਮ ਤਸਦੀਕ ਕਰਦਿਆਂ ਕਿਹਾ ਬਰੈਂਪਟਨ ਦੇ ਬਹੁਤ ਮੁੱਦੇ ਅਣਛੂਹੇ ਹੀ ਰਹੇ ਹਨ। ਸਭ ਤੋਂ ਵੱਡਾ ਮੁੱਦਾ ਆਵਾਜਾਈ ਦੀ ਭੀੜ ਦਾ ਹੈ। ਬਰੈਂਪਟਨ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਵਿੱਚ ਜਾਣ ਲਈ ਡੇਢ ਘੰਟੇ ਦਾ ਸਮ੍ਹਾਂ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਬਰੈਂਪਟਨ ਵਿੱਚ ਕਰਾਈਮ ਵੀ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਹੰਸਰਾ ਇਨ੍ਹਾਂ ਮੁੱਦਿਆਂ ਨੂੰ ਸਹੀ ਢੰਗ ਨਾਲ ਸਿੱਝ ਸਕਦਾ ਹੈ।
ਇਸ ਮੌਕੇ ਹਰਪ੍ਰੀਤ ਸਿੰਘ ਹੰਸਰਾ ਨੇ ਸਟੇਜ ਤੇ ਆ ਕੇ ਸਭ ਦਾ ਧੰਨਵਾਦ ਕੀਤਾ। ਹਰਪ੍ਰੀਤ ਨੇ ਸਵਰਗੀ ਮਾਂ ਕਮਲਜੀਤ ਕੌਰ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਮੈਨੂੰ ਛੋਟੀ ਉਮਰ ਵਿੱਚ ਗੁਰਦੁਆਰੇ ਲਿਜਾਂਦੀ ਸੀ, ਜੋ ਚਾਹੁੰਦੀ ਸੀ ਕਿ ਮੈਂ ਕਮਿਊਨਟੀ ਵਿੱਚ ਇਨਵਾਲਵ ਹੋ ਕੇ ਕਮਿਊਨਟੀ ਸੇਵਾ ਵਿੱਚ ਰੁਚੀ ਰੱਖਾਂ।
ਹੰਸਰਾ ਨੇ ਕਿਹਾ ਕਿ ਪਿਛਲੀ ਕੌਂਸਲ ਗੁੱਟਬੰਦੀ ਦੀ ਭੇਂਟ ਚੜ ਕੇ ਫੰਕਸ਼ਨ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਇਥੇ ਕੌਂਸਲਰ ਦੋਸਤੀ ਨਿਭਾਉਂਦੇ ਰਹੇ, ਦੋਸਤਾਂ ਦੇ ਕਹਿਣ ਤੇ ਵੋਟਾਂ ਪਾ ਕੇ ਬਰੈਂਪਟਨ ਦੇ ਭਵਿੱਖ ਨਾਲ ਖਿਲਵਾੜ ਕਰਦੇ ਰਹੇ। ਲਾਈਟ ਰੇਲ ਜਿਸ ਨੂੰ ਸੂਬਾ ਸਰਕਾਰ ਨੇ ਪੂਮਜੀ ਖਰਚ ਕੇ ਬਰੈਂਪਟਨ ਵਿੱਚ ਲਿਆਉਣਾ ਸੀ, ਅਸੀਂ ਰੂਟ ਦਾ ਰੇੜਕਾ ਪਾ ਕੇ ਉਸਨੂੰ ਰੱਦ ਕਰ ਦਿੱਤਾ।
ਹਰਪ੍ਰੀਤ ਨੇ ਦੱਸਿਆ ਕਿ ਮੈਂਰ ਦਰਵਾਜ਼ੇ ਖੜਕਾਉਂਦਾ ਹਾਂ ਤਾਂ ਲੋਕ ਆਪਣੇ ਕੌਂਸਲਰ ਦਾ ਨਾਮ ਤੱਕ ਨਹੀਂ ਜਾਣਦੇ, ਪਰ ਮੈਂ ਤੁਹਾਡੇ ਦਰਵਾਜੇ ਤੇ ਦਸਤਕ ਦੇਵਾਂਗਾ।
ਅੱਜ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਬਰੈਂਪਟਨ ਦੇ ਹੱਕ ਵਿੱਚ ਵੋਟ ਪਾਵਾਂਗਾ। ਮੈਂ ਦੂਸਰੇ ਕੌਂਸਲਰਾਂ ਨਾਲ ਦੋਸਤੀ ਪੁਗਾਉਣ ਲਈ ਬਰੈਂਪਟਨ ਦਾ ਭਵਿੱਖ ਦਾਅ ਤੇ ਨਹੀਂ ਲਾਵਾਂਗਾ।
ਹੰਸਰਾ ਨੇ ਅਖੀਰ ਵਿੱਚ ਦੱਸਿਆ ਕਿ ਚੋਣ ਜਿੱਤੀ ਨਹੀਂ ਜਾ ਸਕਦੀ ਜਦ ਤੱਕ ਕਮਿਊਨਟੀ ਖੁਦ ਇਨਵਾਲਵ ਨਾ ਹੋਵੇ ਅਤੇ ਵਲੰਟੀਅਰ ਦਰਵਾਜ਼ੇ ਖੜਕਾਉਣ ਲਈ ਅੱਗੇ ਨਾ ਆਉਣ। ਸਾਨੂੰ ਮਾਇਕ ਮਦਦ ਦੀ ਵੀ ਲੋੜ ਹੈ ਕਿਉਂਕਿ ਮਿਊਂਸਪਲ ਚੋਣਾਂ ਵਿੱਚ ਕੋਈ ਪਾਰਟੀ ਜਾਂ ਧੜੇ ਦੀ ਹਮਾਇਤ ਨਹੀਂ ਹੁੰਦੀ। ਇਸ ਕਰਕੇ ਕਮਿਊਨਟੀ ਨੂੰ ਹੀ ਹੱਥ ਵਟਾਉਣਾ ਪੈਂਦਾ ਹੈ।
ਹਰਪ੍ਰੀਤ ਸਿੰਘ ਹੰਸਰਾ ਦੀ ਚੋਣ ਰੈਲੀ ਵਿੱਚ ਕਮਿਊਨਟੀ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਨੋਜੁਆਨ ਸਿਆਸਤਦਾਨ ਹਰਕੀਰਤ ਸਿੰਘ, ਕੌਂਸਲਰ ਪੈਟ ਫਰਟੀਨੀ, ਸਾਬਕਾ ਮੇਅਰ ਸੂਜਨ ਫੈਨਿਲ, ਵਿੱਕੀ ਢਿਲੋਂ, ਸਨਦੀਪ ਸਿੰਘ, ਐਮ ਪੀ ਰਾਮੇਸ਼ਵਰ ਸੰਘਾ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਤੋਂ ਇਲਾਵਾ ਸਮੁੱਚੇ ਮੀਡੀਆਕਾਰਾਂ ਅਤੇ ਸਪੋਰਟਸ ਕਲੱਬਾਂ ਦੇ ਨੁਮਾਇੰਦਿਆਂ ਨੇ ਇਸ ਮੌਕੇ ਹਾਜ਼ਰੀ ਭਰੀ।